ਨੌਰਵਿਚ ਦੇ ਸਿੱਖ ਮੇਅਰ ਭਾਈ ਸਵਰਨਜੀਤ ਸਿੰਘ ਖਾਲਸਾ ਅਤੇ ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਦੀ ਇਤਿਹਾਸਕ ਜਿੱਤ 'ਤੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵਧਾਈਆਂ

ਫਰੈਂਕਫਰਟ &ndash ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਜਤਿੰਦਰ ਸਿੰਘ ਜਰਮਨੀ, ਭਾਈ ਜਸਵਿੰਦਰ ਸਿੰਘ ਹਾਲੈਡ ਭਾਈ ਪ੍ਰਿਤਪਾਲ ਸਿੰਘ ਖਾਲਸਾ ਸਵਿਟਜ਼ਰਲੈਂਡ , ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਕਿ ਅਮਰੀਕਾ ਵਿੱਚ ਹੋਈਆਂ ਸਥਾਨਕ ਚੋਣਾਂ ਦੌਰਾਨ ਭਾਈ ਸਵਰਨਜੀਤ ਸਿੰਘ ਖਾਲਸਾ ਨੂੰ ਨੌਰਵਿਚ, ਕਨੈਕਟੀਕਟ ਦੇ ਮੇਅਰ ਚੁਣੇ ਜਾਣ 'ਤੇ ਵਧਾਈ ਦਿੰਦੀ ਹੈ। ਇਹ ਸਿੱਖਾਂ ਲਈ ਇੱਕ ਇਤਿਹਾਸਕ ਪਲ ਹੈ, ਕਿਉਂਕਿ ਉਹ ਕਨੈਕਟੀਕਟ ਸਟੇਟ ਅੰਦਰ ਪਹਿਲੇ ਸਿੱਖ ਮੇਅਰ ਬਣੇ ਹਨ। ਭਾਈ ਸਵਰਨਜੀਤ ਸਿੰਘ ਖਾਲਸਾ ਦੀ ਜਿੱਤ ਸਿੱਖ ਭਾਈਚਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਇਸ ਨਾਲ ਪੂਰੇ ਭਾਈਚਾਰੇ ਵਿੱਚ ਜਸ਼ਨ ਦਾ ਮਾਹੌਲ ਹੈ। ਉਨ੍ਹਾਂ ਨੇ ਰਿਪਬਲਿਕਨ ਉਮੀਦਵਾਰ ਪੀਟਰ ਨਿਸਟ੍ਰੋਮ ਦੀ ਥਾਂ ਲੈ ਕੇ ਇਹ ਅਹੁਦਾ ਸੰਭਾਲਿਆ ਹੈ। 2021 ਵਿੱਚ, ਉਹ ਨੌਰਵਿਚ ਸਿਟੀ ਕੌਂਸਲ ਲਈ ਚੁਣੇ ਗਏ ਪਹਿਲੇ ਸਿੱਖ ਪ੍ਰਤੀਨਿਧੀ ਬਣੇ ਸਨ, ਅਤੇ ਹੁਣ 2025 ਵਿੱਚ ਉਹ ਸ਼ਹਿਰ ਦੇ ਮੇਅਰ ਵਜੋਂ ਸੇਵਾ ਨਿਭਾਉਣਗੇ। ਇੱਕ ਅੰਮ੍ਰਿਤਧਾਰੀ ਸਿੱਖ ਵਜੋਂ, ਭਾਈ ਖਾਲਸਾ ਨੇ ਹਮੇਸ਼ਾ ਧਾਰਮਿਕ ਅਤੇ ਸੱਭਿਆਚਾਰਕ ਜਾਗਰੂਕਤਾ ਲਈ ਅਣਥੱਕ ਮਿਹਨਤ ਕੀਤੀ ਹੈ। ਉਨ੍ਹਾਂ ਨੇ ਸਕੂਲਾਂ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਦਸਤਾਰ ਦੀ ਮਹੱਤਤਾ ਬਾਰੇ ਸਿੱਖਿਅਤ ਕੀਤਾ ਅਤੇ ਨਫ਼ਰਤ ਦੇ ਅਪਰਾਧਾਂ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ ਹੈ।
ਭਾਈ ਖਾਲਸਾ ਵਰਲਡ ਸਿੱਖ ਪਾਰਲੀਮੈਂਟ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਰਹੇ ਹਨ ਅਤੇ ਸਿੱਖਾਂ ਦੀ ਅਜ਼ਾਦ ਘਰ ਦੀ ਪ੍ਰਾਪਤੀ ਦੇ ਹਾਮੀ ਹਨ। ਵਰਲਡ ਸਿੱਖ ਪਾਰਲੀਮੈਂਟ ਦੀ ਟੀਮ ਦਾ ਹਿੱਸਾ ਹੁੰਦਿਆਂ ਉਨ੍ਹਾਂ ਨੇ ਕਨੈਕਟੀਕਟ ਰਾਜ ਵਿੱਚ 1984 ਦੀ ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸੇ ਯਤਨ ਸਦਕਾ ਸੈਨੇਟ ਬਿੱਲ ਨੰਬਰ 489 ਪਾਸ ਹੋਇਆ, ਜਿਸ ਤਹਿਤ ਹਰ ਸਾਲ ਨਵੰਬਰ ਮਹੀਨੇ ਨੂੰ 'ਸਿੱਖ ਨਸਲਕੁਸ਼ੀ ਯਾਦਗਾਰ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਕੀਤੀ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਦੇ ਯਤਨਾਂ ਕਾਰਨ ਉਨ੍ਹਾਂ ਨੂੰ ਭਾਰਤੀ ਸਰਕਾਰ ਦੇ ਕਾਰਿੰਦਿਆਂ ਵੱਲੋਂ ਨਿਸ਼ਾਨਾ ਵੀ ਬਣਾਇਆ ਗਿਆ ਸੀ।
ਵਰਲਡ ਸਿੱਖ ਪਾਰਲੀਮੈਂਟ ਜ਼ੋਹਰਾਨ ਮਮਦਾਨੀ (34) ਨੂੰ ਵੀ ਨਿਊਯਾਰਕ ਸਿਟੀ ਦੇ ਮੇਅਰ ਚੁਣੇ ਜਾਣ 'ਤੇ ਮੁਬਾਰਕਬਾਦ ਪੇਸ਼ ਕਰਦੀ ਹੈ। ਇਹ ਵੀ ਇੱਕ ਇਤਿਹਾਸਕ ਜਿੱਤ ਹੈ, ਕਿਉਂਕਿ ਉਹ ਦੁਨੀਆ ਦੀ ਵਿੱਤੀ ਰਾਜਧਾਨੀ ਦੇ ਪਹਿਲੇ ਦੱਖਣ ਏਸ਼ੀਆਈ, ਮੁਸਲਿਮ ਅਤੇ ਇਸ ਸਦੀ ਦੇ ਸਭ ਤੋਂ ਨੌਜਵਾਨ ਮੇਅਰ ਬਣੇ ਹਨ।ਜ਼ੋਹਰਾਨ ਮਮਦਾਨੀ ਦਾ ਪਿਛੋਕੜ ਪੰਜਾਬ ਨਾਲ ਜੁੜਿਆ ਹੋਇਆ ਹੈ ਤੇ ਉਹਨਾਂ ਦੇ ਸਿੱਖਾਂ ਨਾਲ ਚੰਗੇ ਸਬੰਧ ਹਨ। ਜਿੱਥੇ ਉਹ ਮੌਜੂਦਾ ਹਿੰਦੁਤਵੀ ਸਰਕਾਰ ਦੀਆਂ ਨੀਤੀਆਂ ਦੇ ਕੱਟੜ ਵਿਰੋਧੀ ਹਨ ਉੱਥੇ ਜ਼ੋਹਰਾਨ ਮਮਦਾਨੀ ਨੇ ਭਾਰਤ ਸਰਕਾਰ ਵੱਲੋਂ ਅਮਰੀਕਾ ਦੇ ਸਿੱਖਾਂ ਨੂੰ ਨਿਸ਼ਾਨਾ ਬਨਾਉਣ ਦਾ ਵੀ ਵਿਰੋਧ ਕੀਤਾ ਸੀ। 2023 ਵਿੱਚ ਵਰਲਡ ਸਿੱਖ ਪਾਰਲੀਮੈਂਟ ਦੇ ਚੌਥਾ ਇਜਲਾਸ ਨਿਊਯਾਰਕ ਵਿੱਚ ਹੋਇਆ ਸੀ ਜਿਸ ਵਿੱਚ ਉਨ੍ਹਾਂ ਨੇ ਭਾਗ ਲੈ ਕੇ ਭਾਰਤੀ ਸਰਕਾਰ ਦੀਆਂ ਨੀਤੀਆਂ ਦਾ ਡਟ ਕੇ ਵਿਰੋਧ ਅਤੇ ਸਿੱਖਾਂ ਦੇ ਹੱਕ ਦੀ ਗੱਲ ਕੀਤੀ ਸੀ।
ਵਰਲਡ ਸਿੱਖ ਪਾਰਲੀਮੈਂਟ ਦੇ ਆਗੂਆਂ, ਖਾਸ ਕਰਕੇ ਕੋ-ਆਰਡੀਨੇਟਰ ਭਾਈ ਹਿੰਮਤ ਸਿੰਘ ਨੇ, ਜ਼ੋਹਰਾਨ ਮਮਦਾਨੀ ਦੀ ਚੋਣ ਮੁਹਿੰਮ ਵਿੱਚ ਸਰਗਰਮੀ ਨਾਲ ਪ੍ਰਚਾਰ ਕੀਤਾ ਅਤੇ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਵਿੱਚ ਮਦਦ ਕੀਤੀ।ਇਹ ਜਿੱਤਾਂ ਵਰਲਡ ਸਿੱਖ ਪਾਰਲੀਮੈਂਟ ਦੇ ਮੁੱਖ ਮਿਸ਼ਨ, ਜੋ ਕਿ ਪੂਰੀ ਦੁਨੀਆਂ ਵਿੱਚ ਸਿੱਖ ਸਿਆਸੀ ਪ੍ਰਤੀਨਿਧਤਾ ਨੂੰ ਮਜ਼ਬੂਤ ਕਰਨਾ ਹੈ, ਦਾ ਸਪੱਸ਼ਟ ਪ੍ਰਮਾਣ ਹਨ। ਭਾਈ ਸਵਰਨਜੀਤ ਸਿੰਘ ਖਾਲਸਾ ਅਤੇ ਸੰਸਥਾ ਦੇ ਹੋਰ ਅਮਰੀਕੀ ਮੈਂਬਰਾਂ ਦੇ ਕੰਮ ਨੇ ਇਹ ਦਰਸਾਇਆ ਹੈ ਕਿ ਜਦੋਂ ਸਿੱਖ ਭਾਈਚਾਰਾ ਸੁਹਿਰਦਤਾ ਨਾਲ ਸਿੱਖ ਮਸਲਿਆਂ ਪ੍ਰਤੀ ਆਵਾਜ਼ ਉਠਾਉਂਦਾ ਹੈ ਅਤੇ ਸਰਗਰਮੀ ਨਾਲ ਸਥਾਨਕ ਸਿਆਸਤ ਵਿੱਚ ਹਿੱਸਾ ਲੈਂਦਾ ਹੈ ਤਾਂ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਵਰਲਡ ਸਿੱਖ ਪਾਰਲੀਮੈਂਟ ਦੁਨੀਆ ਭਰ ਦੇ ਸਾਰੇ ਸਿੱਖਾਂ ਨੂੰ ਇਸ ਉਦਾਹਰਣ ਤੋਂ ਪ੍ਰੇਰਨਾ ਲੈਣ ਅਤੇ ਆਪੋ-ਆਪਣੇ ਖੇਤਰਾਂ ਵਿੱਚ ਸਿਆਸੀ ਪ੍ਰਕਿਰਿਆ ਵਿੱਚ ਸਰਗਰਮ ਹੋਣ ਦਾ ਸੱਦਾ ਦਿੰਦੀ ਹੈ ਤਾਂ ਜੋ ਸਿੱਖ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾ ਸਕੇ।