ਸਿੱਖ ਕਤਲੇਆਮ ਵਿਚ ਨਾਮਜਦ ਜਗਦੀਸ਼ ਟਾਈਟਲਰ ਦੇ ਮਾਮਲੇ ਵਿਚ ਵਕੀਲਾਂ ਦੀ ਹੜਤਾਲ ਅਤੇ ਗਵਾਹ ਦੇ ਬਿਮਾਰੀਆਂ ਨਾਲ ਪੀੜਿਤ ਹੋਣ ਕਰਕੇ ਸੁਣਵਾਈ ਟਲੀ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਨਾਮਜਦ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਵਿਸ਼ੇਸ਼ ਜੱਜ (ਪੀਸੀ ਐਕਟ) ਜਤਿੰਦਰ ਸਿੰਘ ਦੀ ਅਦਾਲਤ ਵਿੱਚ ਹੋਈ। ਅਦਾਲਤ ਵਿੱਚ ਗਵਾਹ ਕੇਪੀ ਸਿੰਘ ਦੀ ਸਿਹਤ ਬਾਰੇ ਰਿਪੋਰਟ ਪੇਸ਼ ਕੀਤੀ ਗਈ। ਜਾਂਚ ਅਧਿਕਾਰੀ (ਆਈਓ) ਨੇ ਦੱਸਿਆ ਕਿ ਕੇਪੀ ਸਿੰਘ ਇਸ ਸਮੇਂ ਡਿਮੈਂਸ਼ੀਆ ਅਤੇ ਹੋਰ ਉਮਰ-ਸੰਬੰਧੀ ਬਿਮਾਰੀਆਂ ਤੋਂ ਪੀੜਤ ਹਨ, ਜਿਸ ਕਾਰਨ ਉਹ ਸਵਾਲਾਂ ਦੇ ਜਵਾਬ ਦੇਣ ਤੋਂ ਅਸਮਰੱਥ ਹਨ। ਸੀਬੀਆਈ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਕੇਪੀ ਸਿੰਘ ਤੋਂ ਪੁੱਛਗਿੱਛ ਕਰਨਾ ਇਸ ਸਮੇਂ ਅਸੰਭਵ ਹੈ, ਪਰ ਜੇਕਰ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ, ਤਾਂ ਭਵਿੱਖ ਵਿੱਚ ਉਨ੍ਹਾਂ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਮੰਗੀ ਜਾਵੇਗੀ। ਦੋਸ਼ੀ ਪੱਖ ਨੇ ਕਿਹਾ ਕਿ ਮੁੱਖ ਵਕੀਲ ਬਾਰ ਐਸੋਸੀਏਸ਼ਨ ਦੀ ਚੱਲ ਰਹੀ ਹੜਤਾਲ ਕਾਰਨ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਿਆ। ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ, ਅਦਾਲਤ ਵਲੋਂ ਗਵਾਹ ਅਬਦੁਲ ਵਾਹਿਦ ਤੋਂ ਪੁੱਛਗਿੱਛ ਲਈ ਅਗਲੀ ਤਰੀਕ ਤੈਅ ਕੀਤੀ ਜਾਏਗੀ । ਜਿਕਰਯੋਗ ਹੈ ਕਿ ਟਾਈਟਲਰ ਨੇ ਰਾਊਸ ਐਵੇਨਿਊ ਕੋਰਟ ਦੇ ਦੋਸ਼ ਤੈਅ ਕਰਨ ਦੇ ਹੁਕਮ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ, ਜੋ ਅਜੇ ਵੀ ਲੰਬਿਤ ਹੈ। ਸੀਬੀਆਈ ਨੇ ਟਾਈਟਲਰ 'ਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 147, 109 ਅਤੇ 302 ਦੇ ਤਹਿਤ ਦੋਸ਼ ਲਗਾਏ ਹਨ। ਸੀਬੀਆਈ ਦੇ ਅਨੁਸਾਰ, ਟਾਈਟਲਰ ਨੇ ਭੀੜ ਨੂੰ ਭੜਕਾਇਆ, ਜਿਸਨੇ ਫਿਰ ਪੁਲਬੰਗਸ਼ ਦੇ ਗੁਰਦੁਆਰੇ ਨੂੰ ਅੱਗ ਲਗਾ ਦਿੱਤੀ।