ਸਿ਼ਵਚਰਨ ਜੱਗੀ ਕੁੱਸਾ ਦਾ ਲਿਖਿਆ ਇੱਕ ਹੋਰ ਵੱਡਾ ਫਿ਼ਲਮੀ ਪ੍ਰਾਜੈਕਟ ਤਿਆਰ

ਵਿਸ਼ਵ-ਪ੍ਰਸਿੱਧ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਭੀੜ ਤੋਂ ਦੂਰੀ ਬਣਾ ਕੇ ਰੱਖਣ ਵਾਲਾ ਇੱਕ ਸ਼ਾਂਤਮਈ ਲੇਖਕ ਹੈ। ਉਸ ਦਾ ਸੁਭਾਅ ਹੈ ਕਿ ਸ਼ਾਤ ਰਹਿ ਕੇ ਲਿਖਦੇ ਜਾਣਾ ਅਤੇ ਫਿਰ ਇੱਕ ਦਮ ਸਨਸਨੀਖੇਜ਼ ਖ਼ਬਰ ਦੇਣੀ। ਜਿਵੇਂ ਕਿ ਇੱਕ ਜਗਾਹ ਨਵਜੋਤ ਕੌਰ ਸਿੱਧੂ ਨੇ ਲਿਖਿਆ ਸੀ ਸ਼ਿਵਚਰਨ ਜੱਗੀ ਕੁੱਸਾ ਵਿੱਚ ਪਠਾਣ ਵਾਲੀ ਦਲੇਰੀ, ਸਿੱਖ ਵਾਲੀ ਸ਼ਰਧਾ, ਸੂਰਮੇਂ ਵਾਲੀ ਬੜ੍ਹਕ, ਦਰਵੇਸ਼ ਵਾਲੀ ਨਿਮਰਤਾ, ਫ਼ਕੀਰਾਂ ਵਾਲੀ ਸਾਦਗੀ, ਸਾਧੂਆਂ ਵਾਲੀ ਬੇਪ੍ਰਵਾਹੀ, ਆਸ਼ਕਾਂ ਵਾਲੀ ਪ੍ਰੇਮ-ਭਾਵਨਾਂ ਅਤੇ ਘੈਂਟ ਪੰਜਾਬੀਆਂ ਵਾਲੀ ਯਾਰੀ ਦਾ ਅਥਾਹ ਸੋਮਾਂ ਹੈ! ਵੱਡੇ-ਵੱਡੇ ਲੋਕਾਂ ਨਾਲ ਯਾਰੀ ਹੋਣ ਦੇ ਬਾਵਜੂਦ ਵੀ ਆਮ ਲੋਕਾਂ ਨੂੰ ਅੱਧ ਕੁ ਦਾ ਹੋ ਕੇ ਮਿਲਣਾਂ ਉਸ ਦੀ ਨਿਮਰਤਾ ਦਾ ਸਬੂਤ ਹੈ। 12 ਫਿ਼ਲਮਾਂ, 26 ਨਾਵਲਾਂ ਸਮੇਤ 50 ਕਿਤਾਬਾਂ ਦਾ ਲੇਖਕ ਤੁਹਾਨੂੰ ਕਦੇ ਵੀ ਵਿਹਲਾ ਬੈਠਾ ਨਜ਼ਰ ਨਹੀਂ ਆਵੇਗਾ ਅਤੇ ਇੱਕੋ ਸਮੇਂ ਤਿੰਨ-ਤਿੰਨ ਪ੍ਰਾਜੈਕਟਾਂ ਉੱਪਰ ਰੱੁਝਿਆ ਹੋਣ ਦੇ ਬਾਵਜੂਦ ਵੀ ਉਹ ਤੁਹਾਨੂੰ ਖਿੜਿਆ ਅਤੇ ਤਰੋਤਾਜ਼ਾ ਹੀ ਦਿਸੇਗਾ। ਹਾਂ, ਬਿਨਾ ਕਾਰਨ ਉਹ ਕਦੇ ਤੁਹਾਨੂੰ ਸੜਕਾਂ ਉੱਪਰ ਘੁੰਮਦਾ ਵੀ ਨਹੀਂ ਦਿਸੇਗਾ। ਜੇ ਉਸ ਦੇ ਖਿ਼ਲਾਫ਼ ਕੋਈ ਕਦੇ ਕੁਝ ਬੋਲ, ਜਾਂ ਲਿਖ ਗਿਆ, ਤਾਂ ਉਸ ਨੇ ਮੋੜ ਕੇ ਕਦੇ ਉਸ ਦਾ ਉੱਤਰ ਨਹੀਂ ਦਿੱਤਾ ਅਤੇ ਫ਼ੈਸਲਾ ਰੱਬ ਅਤੇ ਵਕਤ ਉੱਪਰ ਛੱਡ ਦਿੱਤਾ। ਉਸ ਦੇ ਇਸੇ ਫ਼ੌਲਾਦੀ ਸਬਰ ਵਾਲੇ ਸੁਭਾਅ ਕਾਰਨ ਅੱਜ ਉਹ ਅੰਬਰੀਂ ਉਡਾਰੀਆਂ ਲਾ ਰਿਹਾ ਹੈ।

ਜਿਹੜੇ ਮਸ਼ਹੂਰ ਲੇਖਕਾਂ ਅਤੇ ਕਲਾਕਾਰਾਂ ਨੂੰ ਆਮ ਲੋਕ ਦੇਖਣ ਲਈ ਤਰਸਦੇ ਹਨ, ਉਹ ਕਲਾਕਾਰ ਅਤੇ ਲੇਖਕ ਜੱਗੀ ਕੁੱਸਾ ਦੇ ਮਿੱਤਰ ਹਨ। ਆਪਣੀਆਂ ਕੁਝ ਲਿਖਤਾਂ ਕਰਕੇ ਸ਼ਿਵਚਰਨ ਜੱਗੀ ਕੁੱਸਾ ਆਲੋਚਕਾਂ ਦੀਆਂ ਨਸ਼ਤਰਾਂ ਦਾ ਵੀ ਸ਼ਿਕਾਰ ਹੋਇਆ। ਪਰ ਉਸ ਨੂੰ ਈਰਖਾ ਕਰਨ ਵਾਲੇ ਲੋਕਾਂ ਦੀ ਕਤਾਰ ਵਿੱਚ ਉਹੀ ਚੰਦ ਲੋਕ ਖੜ੍ਹੇ ਦਿਖਾਈ ਦੇਣਗੇ, ਜੋ ਖ਼ੁਦ ਕਿਸੇ ਮੁਕਾਮ &lsquoਤੇ ਨਹੀਂ ਪਹੁੰਚ ਸਕੇ। ਪਰ ਇਤਨੀ ਈਰਖ਼ਾ ਦੇ ਬਾਵਜੂਦ ਵੀ ਉਸ ਦੀ ਲਿਖਤ ਵਿੱਚ ਖੜੋਤ ਨਹੀਂ ਆਈ। ਉਹ ਸਿਰੜੀ ਸੂਰਮੇਂ ਵਾਂਗ ਮਾਰੋ-ਮਾਰ ਕਰਦਾ ਅੱਗੇ ਹੀ ਅੱਗੇ ਨਿਰੰਤਰ ਤੁਰਦਾ ਗਿਆ ਅਤੇ ਤੁਰ ਰਿਹਾ ਹੈ! ਹਰ ਸਾਲ ਇੱਕ ਨਾਵਲ ਮਾਰਕੀਟ ਵਿੱਚ ਦੇਣਾਂ ਕੋਈ ਖਾਲਾ ਜੀ ਦਾ ਵਾੜਾ ਨਹੀਂ! ਪੰਜਾਬੀ ਦਾ ਕੋਈ ਵੀ ਅਜਿਹਾ ਪ੍ਰੁਮੁੱਖ ਅਖ਼ਬਾਰ ਜਾਂ ਰਸਾਲਾ ਨਹੀਂ, ਜਿਸ ਵਿੱਚ ਜੱਗੀ ਕੁੱਸਾ ਨਾ ਛਪਿਆ ਹੋਵੇ। ਉਸ ਦਾ ਕਿਧਰੇ ਕੋਈ ਲੇਖ, ਕਿਧਰੇ ਲੜੀਵਾਰ ਨਾਵਲ, ਕਿਧਰੇ ਕੋਈ ਕਹਾਣੀ ਜਾਂ ਕੋਈ ਵਿਅੰਗ ਛਪਦੇ ਹੀ ਰਹਿੰਦੇ ਹਨ। ਉਸ ਦੇ ਬਹੁ-ਚਰਚਿਤ ਨਾਵਲ ਅੰਗਰੇਜ਼ੀ ਅਤੇ ਹਿੰਦੀ ਵਿੱਚ ਵੀ ਅਨੁਵਾਦ ਹੋ ਚੁੱਕੇ ਹਨ ਅਤੇ ਚਾਰੇ ਪਾਸੇ ਉਪਲੱਭਦ ਹਨ। ਬਹੁਤ ਘੱਟ ਲੇਖਕ ਹਨ, ਜਿੰਨ੍ਹਾਂ ਦੀ ਮੁੰਬਈ ਦੀ ਫਿ਼ਲਮ ਨਗਰੀ ਵਿੱਚ ਸਫ਼ਲ ਇੰਟਰੀ ਵੱਜੀ ਹੋਵੇ, ਪਰ ਸਿ਼ਵਚਰਨ ਜੱਗੀ ਕੁੱਸਾ ਉਹਨਾਂ ਸਫ਼ਲ ਪੰਜਾਬੀ ਲੇਖਕਾਂ ਵਿੱਚੋਂ ਇੱਕ ਹੈ, ਜਿਸ ਨੇ &ldquoਸਾਡਾ ਹੱਕ&rdquo ਫਿ਼ਲਮ ਦੇ ਡਾਇਲਾਗ ਲਿਖੇ ਅਤੇ ਪਹਿਲੀ ਹੀ ਫਿ਼ਲਮ ਦੇ ਲਿਖੇ ਸੰਵਾਦਾਂ ਕਾਰਨ ਉਸ ਨੂੰ &ldquoਬੈਸਟ ਡਾਇਲਾਗ ਰਾਈਟਰ&rdquo ਦੇ ਪੁਰਸਕਾਰ ਲਈ &lsquoਪੀ.ਟੀ.ਸੀ. ਪੰਜਾਬੀ&rsquo ਵੱਲੋਂ ਨਾਮਜ਼ਦ ਕਰ ਲਿਆ ਗਿਆ।

ਨਾਵਲ, ਕਹਾਣੀਆਂ, ਵਿਅੰਗ, ਲੇਖ, ਵੱਡੀਆਂ-ਛੋਟੀਆਂ ਫਿ਼ਲਮਾਂ ਦੇ ਸਕਰੀਨਪਲੇ, ਡਾਇਲਾਗ, ਗੀਤ, ਕਵਿਤਾਵਾਂ ਅਤੇ ਨਜ਼ਮਾਂ ਸਮੇਤ ਦਸ ਵਿਧਾਵਾਂ ਵਿੱਚ ਲਿਖਣ ਵਾਲਾ ਲੇਖਕ ਅਚਨਚੇਤ ਹੀ ਫਿ਼ਲਮ ਨਗਰੀ ਦੇ ਪਲੇਟਫ਼ਾਰਮ ਮੱਲ ਕੇ ਖੜੋ ਗਿਆ। ਫਿ਼ਲਮ &ldquoਸਾਡਾ ਹੱਕ&rdquo ਅਤੇ &ldquoਤੂਫ਼ਾਨ ਸਿੰਘ&rdquo ਤੋਂ ਸ਼ੁਰੂ ਹੋ ਕੇ ਅੱਜ ਕੱਲ੍ਹ ਜੱਗੀ ਕੁੱਸਾ ਆਪਣੇ ਹਿੰਦੀ ਪ੍ਰਾਜੈਕਟਾਂ ਵਿੱਚ ਮਸ਼ਰੂਫ਼ ਹੈ। 2023 ਵਿੱਚ ਹਿੰਦੀ ਵੈੱਬ-ਸੀਰੀਜ਼ &ldquoਐੱਨ.ਆਰ.ਆਈ&rdquo ਦੇ ਅੱਠ ਐਪੀਸੋਡਾਂ ਵਿੱਚੋਂ ਅਜੇ ਦੋ ਐਪੀਸੋਡ ਹੀ ਮੁਕੰਮਲ ਹੋਏ ਸਨ, ਕਿ ਅਚਾਨਕ ਉਸ ਦੀ ਲਿਆਕਤਮੰਦ ਬੇਟੀ &lsquoਲਾਲੀ&rsquo ਦੀ ਮੌਤ ਹੋ ਗਈ। ਦਿਲ ਦੇ ਬਹੁਤ ਹੀ ਕਰੀਬ ਜੁਆਨ ਬੇਟੀ ਦੀ ਚਾਣਚੱਕ ਹੋਈ ਮੌਤ ਨੇ ਜੱਗੀ ਕੁੱਸਾ ਨੂੰ ਧੁਰ ਅੰਦਰ ਤੱਕ ਤੋੜ ਕੇ ਰੱਖ ਦਿੱਤਾ ਅਤੇ ਉਹ ਕਲਮ ਰੱਖ ਕੇ ਬੈਠ ਗਿਆ। ਪਰ ਸੁਭਾਅ ਦੇ ਕ੍ਰਾਂਤੀਕਾਰੀ ਲੋਕ ਕਿੰਨਾਂ ਕੁ ਚਿਰ ਚੁੱਪ ਕਰ ਕੇ ਬੈਠਦੇ ਹਨ? ਕਰੀਬ ਸੱਤ ਮਹੀਨੇ ਚੁੱਪ ਰਹਿਣ ਤੋਂ ਬਾਅਦ ਉਸ ਨੇ &ldquoਦਾ ਮੈਡੀਕਲ ਟੈਰੋਰਿਜ਼ਮ ਇੰਨ ਇੰਡੀਆ&rdquo ਅਰਥਾਤ &ldquoਭਾਰਤ ਵਿੱਚ ਡਾਕਟਰੀ ਅੱਤਿਵਾਦ&rdquo ਵੈੱਬ-ਸੀਰੀਜ਼ ਲਿਖ ਕੇ ਆਪਣੀ ਚੁੱਪ ਤੋੜੀ ਅਤੇ ਨਾਲ ਦੀ ਨਾਲ ਇਸੇ ਵਿਸ਼ੇ ਉੱਪਰ ਇੱਕ ਵੱਡ-ਅਕਾਰੀ ਨਾਵਲ &ldquoਕੱਲਾ ਨਾ ਹੋਵੇ ਪੁੱਤ ਜੱਟ ਦਾ&rdquo ਲਿਖ ਕੇ ਮਾਰਕੀਟ ਵਿੱਚ ਦਿੱਤਾ। ਉਸ ਦੀ ਬੇਟੀ ਦੀ ਮੌਤ ਡਾਕਟਰਾਂ ਦੇ ਘੋਰ ਲਾਲਚ ਅਤੇ ਅਣਗਹਿਲੀ ਕਾਰਨ ਹੋਈ ਮੌਤ ਨਹੀਂ, ਇੱਕ &lsquoਕਤਲ&rsquo ਸੀ।

ਜਿਲ੍ਹਾ ਮੋਗਾ ਦੇ ਨਿੱਕੇ ਜਿਹੇ ਪਿੰਡ &lsquoਕੁੱਸਾ&rsquo ਵਿੱਚ ਜਨਮੇ ਜੱਗੀ ਕੁੱਸਾ ਹੁਣ ਪਹਿਲੀ ਰੁਕੀ ਪਈ ਵੈੱਬ-ਸੀਰੀਜ਼ &ldquoਐੱਨ.ਆਰ.ਆਈ&rdquo ਦੇ ਪ੍ਰਾਜੈਕਟ ਨੂੰ ਅੱਗੇ ਤੋਰਨ ਦੇ ਨਾਲ-ਨਾਲ, ਇੱਕ ਫ਼ੀਚਰ ਫਿ਼ਲਮ ਦੀ ਸ਼ੂਟਿੰਗ ਵੀ ਸ਼ੁਰੂ ਕਰਨ ਜਾ ਰਿਹਾ ਹੈ, ਜੋ ਬਿਲਕੁਲ ਨਵੇਂ ਅਤੇ ਵੱਖਰੇ ਵਿਲੱਖਣ ਵਿਸ਼ੇ ਉੱਪਰ ਅਧਾਰਿਤ ਹੈ। ਜੱਗੀ ਕੁੱਸਾ ਦਾ ਸੱਜਰਾ ਨਾਵਲ &ldquoਉੱਚਾ ਬੁਰਜ ਲਾਹੌਰ ਦਾ&rdquo ਅਜੇ ਹਫ਼ਤਾ ਕੁ ਪਹਿਲਾਂ ਹੀ ਮਾਰਕੀਟ ਵਿੱਚ ਆਇਆ ਹੈ ਅਤੇ ਉਸ ਦੀ ਤਿੰਨ ਭਾਗਾਂ ਵਿੱਚ ਛਪਣ ਵਾਲੀ ਸਵੈ-ਜੀਵਨੀ &ldquoਬਾਜ਼ੀ ਲੈ ਗਏ ਕੁੱਤੇ&rdquo ਦਾ ਪਹਿਲਾ ਭਾਗ ਛਪਣ ਲਈ ਬਿਲਕੁਲ ਤਿਆਰ ਹੈ, ਪਰ ਜੱਗੀ ਕੁੱਸਾ ਉਸ ਨੂੰ ਅਪ੍ਰੈਲ 2026 ਤੋਂ ਪਹਿਲਾਂ ਮਾਰਕੀਟ ਵਿੱਚ ਲਿਆਉਣ ਨੂੰ ਤਿਆਰ ਨਹੀਂ। ਵੈੱਬ-ਸੀਰੀਜ਼ &ldquoਦਾ ਮੈਡੀਕਲ ਟੈਰੋਰਿਜ਼ਮ ਇੰਨ ਇੰਡੀਆ&rdquo ਲਈ ਉਹ ਅਜੇ ਕਿਸੇ ਪ੍ਰੋਡਿਊਸਰ ਦੀ ਭਾਲ ਵਿੱਚ ਹੈ। ਅਸੀਂ ਸਿ਼ਵਚਰਨ ਜੱਗੀ ਕੁੱਸਾ ਦੇ ਇਹਨਾਂ ਆ ਰਹੇ ਵੱਡੇ ਪ੍ਰਾਜੈਕਟਾਂ ਲਈ ਉਸ ਨੂੰ ਸ਼ੁਭ ਕਾਮਨਾਵਾਂ ਭੇਂਟ ਕਰਦੇ ਹਾਂ।

-ਅੰਮ੍ਰਿਤ ਪਵਾਰ