ਕੈਲੀਫੋਰਨੀਆ ਵਾਸੀ ਪਿਤਾ ਨੂੰ ਆਪਣੇ 7 ਮਹੀਨਿਆਂ ਦੇ ਪੁੱਤਰ ਦੀ ਹੱਤਿਆ ਦੇ ਮਾਮਲੇ ਵਿੱਚ 25 ਸਾਲ ਕੈਦ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਵਾਸੀ 32 ਸਾਲਾ ਪਿਤਾ ਜੇਕ ਹਾਰੋ ਨੂੰ ਆਪਣੇ 7 ਮਹੀਨਿਆਂ ਦੇ ਪੁੱਤਰ ਏਮਾਨੂਅਲ ਹਾਰੋ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ 25 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜੇਕ ਹਾਰੋ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਹੱਤਿਆ ਕਰਨ ਤੋਂ ਬਾਅਦ ਹਾਰੋ ਨੇ ਆਪਣੇ ਪੁੱਤਰ ਨੂੰ ਅਗਵਾ ਕਰ ਲਏ ਜਾਣ ਦੀ ਝੂਠੀ ਕਹਾਣੀ ਘੜੀ ਸੀ। ਰਿਵਰਸਾਈਡ ਕਾਊਂਟੀ ਸੁਪੀਰੀਅਰ ਕੋਰਟ ਜੱਜ ਚਾਰਲਸ ਪੋਲਕ ਨੇ ਜਿਉਂ ਹੀ ਸਜ਼ਾ ਸੁਣਾਈ ਹਾਰੋ ਰੋ ਪਿਆ। ਵਕੀਲਾਂ ਨੇ ਹਾਰੋ ਨੂੰ ਵਧ ਤੋਂ ਵਧ ਸਜ਼ਾ ਦੇਣ ਦੀ ਬੇਨਤੀ ਕੀਤੀ ਤੇ ਕਿਹਾ ਕਿ ਉਹ 2018 ਵਿੱਚ ਆਪਣੀ 10 ਹਫਤਿਆਂ ਦੀ ਧੀ ਕਾਰੋਲੀਨਾ ਉਪਰ ਅੱਤਿਆਚਾਰ ਕਰਨ ਦੇ ਮਾਮਲੇ ਵਿੱਚ ਵੀ ਦੋਸ਼ੀ ਪਾਇਆ ਗਿਆ ਸੀ। ਡਿਸਟ੍ਰਿਕਟ ਅਟਾਰਨੀ ਮਾਈਕਲ ਹੇਸਟਰਿਨ ਨੇ ਜੱਜ ਨੂੰ ਲਿਖਤੀ ਰੂਪ ਵਿੱਚ ਕਿਹਾ ਕਿ ਸੰਸਾਰ ਵਿੱਚ ਇਸ ਤੋਂ ਵੀ ਕੋਈ ਵੱਡੀ ਬੁਰਾਈ ਹੋ ਸਕਦੀ ਹੈ,ਮੈਨੂੰ ਪਤਾ ਨਹੀਂ ਹੈ।