ਸ਼ੱਟਡਾਊਨ ਖਤਮ ਕਰਨ ਲਈ ਡੈਮੋਕਰੈਟਸ ਨੇ ਰੱਖੀ ਨਵੀਂ ਤਜਵੀਜ਼

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਸਿਹਤ ਸੰਭਾਲ ਪ੍ਰੋਗਰਾਮ ਨੂੰ ਲੈ ਕੇ ਸੱਤਾਧਾਰੀ ਰਿਪਬਲੀਕਨ ਪਾਰਟੀ ਤੇ ਵਿਰੋਧੀ ਧਿਰ ਡੈਮੋਕਰੈਟਸ ਵਿਚਾਲੇ ਪੈਦਾ ਹੋਏ ਟਕਰਾਅ ਕਾਰਨ ਸਰਕਾਰੀ ਕੰਮਕਾਜ਼ ਠੱਪ ਹੋਏ ਨੂੰ ਇਕ ਮਹੀਨੇ ਤੋਂ ਵੀ ਵਧ ਸਮਾਂ ਹੋ ਚੁੱਕਾ ਹੈ ਪਰੰਤੂ ਫਿਲਹਾਲ ਸ਼ੱਟਡਾਊਨ ਖਤਮ ਹੁੰਦਾ ਨਜਰ ਨਹੀਂ ਆ ਰਿਹਾ। ਡੈਮੋਕਰੈਟਸ ਪਾਰਟੀ ਨੇ ਸ਼ੱਟਡਾਊਨ ਖਤਮ ਕਰਨ ਲਈ ਨਵੀਂ ਤਜਵੀਜ਼ ਰੱਖੀ ਹੈ ਹਾਲਾਂ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਇਸ ਕਿਸਮ ਦੀ ਪਹੁੰਚ ਨੂੰ ਰੱਦ ਕਰ ਚੁੱਕੇ ਹਨ। ਡੈਮੋਟਕਰੈਟਸ ਨੇ ਕਿਹਾ ਹੈ ਕਿ 2026 ਦੇ ਸ਼ੁਰੂ ਵਿੱਚ ਖਤਮ ਹੋ ਰਹੀ ਸਿਹਤ ਸੰਭਾਲ ਸਬਸਿਡੀ ਦੀ ਮਿਆਦ ਵਿੱਚ ਇਕ ਸਾਲ ਲਈ ਵਾਧਾ ਕੀਤਾ ਜਾਵੇ ਤੇ ਲੱਖਾਂ ਅਮਰੀਕੀਆਂ ਲਈ ਪ੍ਰੀਮੀਅਮ ਵਧਾਇਆ ਜਾਵੇ। ਓਬਾਮਾ ਕੇਅਰ ਪ੍ਰੋਗਰਾਮ ਤਹਿਤ ਲੋੜਵੰਦ ਅਮਰੀਕੀਆਂ ਲਈ ਟੈਕਸ ਕਰੈਡਿਟਸ ਮੁੱਖ ਮੁੱਦਾ ਹੈ ਜਿਸ ਉਪਰ ਟਕਰਾਅ ਬਣਿਆ ਹੋਇਆ ਹੈ। ਸ਼ੱਟਡਾਊਨ ਕਾਰਨ ਹਜਾਰਾਂ ਲੋਕ ਬਿਨਾਂ ਤਨਖਾਹ ਦਿਨ ਕੱਟਣ ਲਈ ਮਜ਼ਬੂਰ ਹਨ ਤੇ ਖੁਰਾਕੀ ਵਸਤਾਂ ਦੀ ਘਾਟ ਕਾਰਨ ਸਥਿੱਤੀ ਦਿਨ ਬਦਿਨ ਬਦਤਰ ਹੁੰਦੀ ਜਾ ਰਹੀ ਹੈ। ਨਵੀਂ ਤਜਵੀਜ਼ ਤਹਿਤ ਡੈਮੋਕਰੈਟਸ ਚਹੁੰਦੇ ਹਨ ਕਿ ਸਰਕਾਰੀ ਕੰਮਕਾਜ ਮੌਜੂਦਾ ਫੰਡ ਵਿਵਸਥਾ ਤਹਿਤ ਅਗਲੇ ਸਾਲ ਜਿਉਂ ਦਾ ਤਿਉਂ ਜਾਰੀ ਰੱਖਿਆ ਜਾਵੇ। ਇਸ ਦੇ ਨਾਲ ਹੀ ਡੈਮੋਕਰਟੈਸ ਚਹੁੰਦੇ ਹਨ ਕਿ ਇਕ ਨਿਰਪੱਖ ਕਮੇਟੀ ਸਿਹਤ ਸੰਭਾਲ ਲਾਗਤ ਨੂੰ ਘੱਟ ਕਰਨ ਲਈ ਨਿਰੰਤਰ ਵਿਚਾਰ ਵਟਾਂਦਰਾ ਕਰੇ। ਡੈਮੋਕਰੇਟ ਸੈਨੇਟ ਘੱਟ ਗਿਣਤੀ ਆਗੂ ਚੁੱਕ ਸ਼ੂਮਰ ਨੇ ਕਿਹਾ ਹੈ ਕਿ ਇਹ ਤਜਵੀਜ਼ ਬਿਲਕੁਲ ਵਾਜ਼ਬ ਹੈ ਤੇ ਹੁਣ ਗੇਂਦ ਰਿਪਬਲੀਕਨਾਂ ਦੇ ਵੇਹੜੇ ਵਿੱਚ ਹੈ। ਉਹ ਚਾਹੇ ਤਾਂ ਸ਼ੱਟਡਾਊਨ ਤੁਰੰਤ ਖਤਮ ਹੋ
ਸਕਦਾ ਹੈ।