ਟਰੰਪ ਪ੍ਰਸ਼ਾਸਨ ਨੇ ਹੁਣ ਤੱਕ 80000 ਗੈਰ ਪ੍ਰਵਾਸੀ ਵੀਜੇ ਕੀਤੇ ਰੱਦ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਟਰੰਪ ਪ੍ਰਸ਼ਾਸਨ 20 ਜਨਵਰੀ 2025 ਨੂੰ ਸੱਤਾ ਸੰਭਾਲਣ ਉਪਰੰਤ ਹੁਣ ਤੱਕ ਅੰਦਾਜਨ 80000 ਗੈਰ ਪ੍ਰਵਾਸੀ ਵੀਜ਼ੇ ਰੱਦ ਕਰ ਚੁੱਕਾ ਹੈ। ਇਹ ਜਾਣਕਾਰੀ ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉਪਰ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਜਿਨਾਂ ਲੋਕਾਂ ਦੇ ਵੀਜੇ ਰੱਦ ਕੀਤੇ ਗਏ ਹਨ ਉਨਾਂ ਵਿੱਚ 16000 ਵੀਜੇ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ, 12000 ਹਮਲੇ ਕਰਨ ਤੇ 8000 ਵੀਜੇ ਚੋਰੀ ਕਰਨ ਵਾਲਿਆਂ ਦੇ ਸ਼ਾਮਿਲ ਹਨ। ਵਿਦੇਸ਼ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਅਪਰਾਧਕ ਗਤੀਵਿਧੀਆਂ ਤੋਂ ਇਲਾਵਾ ਹੋਰ ਲੋਕਾਂ ਦੇ ਵੀ ਵੀਜੇ ਰੱਦ ਕੀਤੇ ਗਏ ਹਨ। ਬੁਲਾਰੇ ਨੇ ਕਿਹਾ ਹੈ ਕਿ 6000 ਤੋਂ ਵਧ ਵਿਦਿਆਰਥੀਆਂ ਦੇ ਵੀਜੇ ਮਿਆਦ ਖਤਮ ਹੋਣ ਦੇ ਬਾਵਜੂਦ ਅਮਰੀਕਾ ਵਿੱਚ ਟਿਕੇ ਰਹਿਣ ਕਾਰਨ ਰੱਦ ਕੀਤੇ ਗਏ ਹਨ। ਇਸ ਤੋਂ ਇਲਾਵਾ ਉਨਾਂ ਲੋਕਾਂ ਦੇ ਵੀਜੇ ਵੀ ਰੱਦ ਕੀਤੇ ਗਏ ਹਨ ਜਿਨਾਂ ਦੀਆਂ ਸੋਸ਼ਲ ਮੀਡੀਆ ਉਪਰ ਟਿੱਪਣੀਆਂ ਸਰਕਾਰ ਨੂੰ ਰਾਸ ਨਹੀਂ ਆਈਆਂ।