ਹਰਚਰਨ ਭੁੱਲਰ ਦੀ ਨਿਆਂਇਕ ਹਿਰਾਸਤ ਮੁੜ ਵਧਾਈ

ਸੀਬੀਆਈ ਵੱਲੋਂ ਪੰਜਾਬ ਪੁਲੀਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਅੱਜ ਪੰਜ ਦਿਨਾਂ ਦੇ ਰਿਮਾਂਡ ਤੋਂ ਬਾਅਦ ਮੁੜ ਚੰਡੀਗੜ੍ਹ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਹਰਚਰਨ ਭੁੱਲਰ ਨੂੰ 20 ਨਵੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਅੱਜ ਸੀਬੀਆਈ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ ਹਰਚਰਨ ਭੁੱਲਰ ਵੱਲੋਂ ਰਿਮਾਂਡ ਦੌਰਾਨ ਸੀਬੀਆਈ ਨੂੰ ਸਹਿਯੋਗ ਨਹੀਂ ਦਿੱਤਾ ਗਿਆ। ਦੂਜੇ ਪਾਸੇ ਭੁੱਲਰ ਦੇ ਵਕੀਲ ਐਚ ਐਸ ਧਨੋਆ ਅਤੇ ਆਰਪੀਐਸ ਬਰਾੜ ਵੱਲੋਂ ਅਦਾਲਤ ਤੋਂ ਹਰਚਰਨ ਭੁੱਲਰ ਨੂੰ ਜੇਲ੍ਹ ਵਿੱਚ ਪੁਖਤਾ ਮੈਡੀਕਲ ਸਹੂਲਤ ਦੇਣ ਦੀ ਅਪੀਲ ਕੀਤੀ ਗਈ। ਅਦਾਲਤ ਨੇ ਇਸ ਬਾਰੇ ਜੇਲ੍ਹ ਵਿੱਚ ਅਰਜ਼ੀ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।