ਜਾਪਾਨੀ ਪ੍ਰਧਾਨ ਮੰਤਰੀ ਨੂੰ ਚੀਨੀ ਅਧਿਕਾਰੀ ਨੇ ਗਰਦਨ ਕੱਟਣ ਦੀ ਦਿੱਤੀ ਧਮਕੀ

ਟੋਕੀਓ: ਜਾਪਾਨ ਨੇ ਸੋਮਵਾਰ ਨੂੰ ਚੀਨ ਦੇ ਇੱਕ ਅਧਿਕਾਰੀ ਦੀ ਆਨਲਾਈਨ ਧਮਕੀ 'ਤੇ ਤਿੱਖਾ ਵਿਰੋਧ ਦਰਜ ਕਰਾਇਆ। ਧਮਕੀ ਵਿੱਚ ਗਰਦਨ ਕੱਟਣ ਦੀ ਗੱਲ ਕੀਤੀ ਗਈ ਸੀ। ਇਹ ਜਾਪਾਨ ਦੀ ਨਵੀਂ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਦੇ ਤਾਈਵਾਨ ਬਾਰੇ ਬਿਆਨ ਤੋਂ ਬਾਅਦ ਆਈ।
ਚੀਨੀ ਅਧਿਕਾਰੀ ਸ਼ੁਏ ਜਿਆਨ ਨੇ ਸ਼ਨੀਵਾਰ ਨੂੰ ਐਕਸ 'ਤੇ ਲਿਖਿਆ ਸੀ ਕਿ ਬਿਨ੍ਹਾਂ ਕਿਸੇ ਹਿਚਕਚਾਹਟ ਦੇ ਇਸ ਬੇਕਾਰ ਗਰਦਨ ਨੂੰ ਇਕ ਸਕਿੰਟ ਵਿਚ ਕੱਟ ਦਿਆਂਗਾ। ਹਾਲਾਂਕਿ ਪੋਸਟ ਵਿੱਚ ਪ੍ਰਧਾਨ ਮੰਤਰੀ ਦਾ ਨਾਮ ਨਹੀਂ ਲਿਆ ਗਿਆ ਸੀ, ਪਰ ਤਾਕਾਇਚੀ ਦੇ ਸੰਸਦ ਵਿੱਚ ਦਿੱਤੇ ਬਿਆਨ ਦਾ ਹਵਾਲਾ ਸੀ। ਪੋਸਟ ਹੁਣ ਹਟਾ ਦਿੱਤੀ ਗਈ ਹੈ।
ਸ਼ੁੱਕਰਵਾਰ ਨੂੰ ਸੰਸਦ ਵਿੱਚ ਤਾਕਾਇਚੀ ਨੇ ਕਿਹਾ ਸੀ ਕਿ ਤਾਈਵਾਨ 'ਤੇ ਹਮਲਾ ਹੋਣ 'ਤੇ ਜਾਪਾਨ ਸਵੈ ਰੱਖਿਆ ਦੇ ਤਹਿਤ ਫੌਜ ਭੇਜ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਤਾਈਵਾਨ ਵਿੱਚ ਜੰਗ ਦੀ ਸਥਿਤੀ ਜਾਪਾਨ ਲਈ ਖ਼ਤਰਾ ਹੋਵੇਗੀ। ਧਮਕੀ ਦੇ ਬਾਵਜੂਦ ਵੀ ਸੋਮਵਾਰ ਨੂੰ ਸੰਸਦ ਵਿੱਚ ਤਾਕਾਇਚੀ ਨੇ ਆਪਣਾ ਬਿਆਨ ਵਾਪਿਸ ਲੈਣ ਤੋਂ ਇਨਕਾਰ ਕਰ ਦਿੱਤਾ।