ਸਿੱਖ ਪੰਥ ਨੂੰ ਦਰਪੇਸ਼ ਸੰਕਟ ਤੇ ਸਿੱਖ ਲੀਡਰਸ਼ਿਪ ਦਾ ਨਿਘਾਰ!

Iqbal Singh Lalpura

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ
ਸਾਲ 2020 ਈ ਵਿੱਚ ਬੀ ਬੀ ਸੀ ਵਲੋਂ ਆਪਣੇ ਮੈਗਜ਼ੀਨ ਰਾਹੀਂ ਦੁਨੀਆਂ ਦੇ ਹੁਣ ਤੱਕ ਦੇ ਇਤਿਹਾਸ ਦੇ ਮਹਾਨ ਆਗੂਆਂ ਬਾਰੇ ਇੱਕ ਵਿਸ਼ੇਸ਼ ਪੜਤਾਲੀਆ ਰਿਪੋਰਟ ਜਾਰੀ ਕੀਤੀ ਗਈ| ਇਸ ਵਿੱਚ ਦੁਨੀਆ ਦੇ ਵੀਹ ਨੇਤਾਵਾਂ ਬਾਰੇ ਰਾਏ ਮੰਗੀ ਗਈ ਸੀ| ਪੰਜ ਹਜ਼ਾਰ ਵਿਦਵਾਨਾਂ ਵਿੱਚੋਂ 38 ਫੀਸਦੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆਂ ਦੇ ਇਤਿਹਾਸ ਦਾ ਸਰਵ ਉੱਤਮ ਆਗੂ ਮੰਨਿਆ| ਵਿੰਨਸਟਨ ਚਰਚਿਲ, ਇਬਰਾਹਿਮ ਲਿੰਕਨ, ਮਹਾਰਾਣੀ ਅਲੇਜਬੇਥ ਪਹਿਲੇ ਪੰਜ ਨੇਤਾਵਾਂ ਵਿਚੋਂ ਮਹਾਰਾਜਾ ਰਣਜੀਤ ਸਿੰਘ ਦੇ ਪਿੱਛੇ ਸਨ| ਅਕਬਰ ਬਾਦਸ਼ਾਹ ਸਮੇਤ ਬਾਕੀ ਤਾਂ ਬਹੁਤ ਹੀ ਘੱਟ ਲੋਕਾਂ ਦੀ ਪਸੰਦ ਸਨ|
ਗੋਰਤਲਬ ਹੈ ਕਿ ਇਹ ਸਰਵੇ ਬਰਤਾਨਵੀ ਕਾਰਪੋਰੇਸ਼ਨ ਵੱਲੋਂ, ਕਰਵਾਇਆ ਗਿਆ ਸੀ ਤੇ ਬਰਤਾਨੀਆਂ ਦੀ ਸਰਕਾਰ ਨੇ ਹੀ 1849 ਦੀ ਵਿੱਚ ਸਾਜ਼ਿਸ਼ ਰਚ ਖਾਲਸਾ ਰਾਜ, ਹੜਪ ਹੀ ਨਹੀਂ ਲਿਆ ਸੀ, ਸਗੋਂ ਨਾਬਾਲਗ ਮਹਾਰਾਜਾ ਦਲੀਪ ਸਿੰਘ ਦਾ ਧਰਮ ਪਰਿਵਰਤਨ ਕਰਵਾ ਕੇ ਜਲਾਵਤਨ ਕਰਕੇ ਵਲੈਤ ਭੇਜ ਦਿਤਾ ਸੀ|
ਪਰ ਅੱਜ ਦੀ ਹਕੀਕਤ ਇਹ ਹੈ ਕਿ ਸਿੱਖਾਂ ਦੀ ਧਾਰਮਿਕ ਅਤੇ ਰਾਜਨੀਤਕ ਇਕਾਈ ਖੇਰੂੰ ਖੇਰੂੰ ਹੋ ਚੁੱਕੀ ਹੈ ਇਸ ਲਈ ਵਿਸ਼ਾ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਦਾ ਨਾ ਹੋ ਕੇ, ਸਿੱਖ ਰਾਜਨੀਤੀ ਅਤੇ ਧਰਮ ਵਿੱਚ ਆਈ ਖੜੋਤ ਤੇ ਨਿਘਾਰ ਦਾ ਹੈ|
ਸ਼੍ਹੀ ਗੁਰੂ ਗ੍ਰੰਥ ਸਾਹਿਬ ਹਲੇਮੀ ਰਾਜ, ਨਿਆਂ, ਸਰਬ ਸਾਂਝੀਵਾਲਤਾ ਤੇ ਜਾਤ ਪਾਤ ਰਹਿਤ ਸਮਾਜ ਦੀ ਸਿਰਜਣਾ ਦੇ ਮਾਰਗ ਦਰਸ਼ਕ ਹਨ| ਜਿਸ ਦੀ ਸਥਾਪਨਾ ਲਈ ਬਾਬਾ ਬੰਦਾ ਸਿੰਘ ਬਹਾਦੁਰ, ਸਰਦਾਰ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਿੱਖ ਮਿਸਲਾਂ ਦੇ ਸਰਦਾਰਾਂ ਅਤੇ ਮਹਾਰਾਜਾ ਰਣਜੀਤ ਸਿੰਘ ਨੇ 1708 ਤੋਂ 1839 ਦੀ ਤੱਕ ਉੱਦਮ ਕੀਤਾ| ਇਕ ਸਮਾਂ ਸੀ ਜਦੋਂ ਅਟਕ ਤੋਂ ਅਵਧ ਤੱਕ ਸਿੱਖਾਂ ਦਾ ਬੋਲਬਾਲਾ ਤੇ ਚੜ੍ਹਦੀਕਲਾ ਸੀ| ਮੁਗਲਾਂ, ਨਾਦਰ ਸ਼ਾਹ ਤੇ ਅਬਦਾਲੀ ਨੇ ਸਿੱਖ ਕੌਮ ਦਾ ਕਤਲੇਆਮ ਕਰਨ ਤੇ ਖੁਰਾ ਖੋਜ ਮਿਟਾਉਣ ਦੀ ਨੀਤੀ ਅਪਣਾਈ ਸੀ| ਗੁਰੂ ਅਰਜਨ ਦੇਵ ਜੀ, ਗੁਰੂ ਤੇਗ਼ ਬਹਾਦੁਰ ਜੀ ਸਮੇਤ ਗੁਰੂ ਪਰਿਵਾਰ ਤੇ ਲੱਖਾਂ ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਹੀ ਨਹੀਂ ਕੀਤਾ, ਸਗੋਂ ਸਿੱਖਾਂ ਦੇ ਪ੍ਹੇਰਣਾ ਸਰੋਤ ਸ੍ਰੀ ਦਰਬਾਰ ਸਾਹਿਬ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਸੀ| ਪਰ ਗੁਰੂ ਨਾਨਕ ਸਾਹਿਬ ਦੇ ਬਣਾਏ ਦੇਵਤਿਆਂ ਨੇ Tਨਿਸ਼ਚੈ ਕਰ ਆਪਣੀ ਜੀਤ ਕਰੌਂ T ਦੀ ਨੀਤੀ ਨਾਲ ਪੰਜਾਬ ਹੀ ਨਹੀਂ ਦਿਲੀ ਵੀ ਫਤਿਹ ਕਰ ਲਈ ਸੀ| ਅੰਗਰੇਜ਼ਾਂ ਨੇ ਆਪਣੀ ਨੀਤੀ ਬਦਲ ਕੇ ਸਿੱਖ ਸਿਧਾਂਤਾਂ ਨੂੰ ਢਾਹ ਲਾ ਕੇ, ਪਾੜੋ ਤੇ ਤਬਾਹ ਕਰੋ ਦਾ ਰਾਹ ਚੁਣਿਆ|
ਫੂਲਕੀਆ ਰਿਆਸਤਾਂ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਸਮੇਂ ਹੀ ਅੰਗਰੇਜ਼ਾਂ ਦੀ ਸਰਦਾਰੀ ਕਬੂਲ ਕਰ, ਵਿਰੋਧੀਆਂ ਦੀਆਂ ਸਾਥੀ ਬਣ ਚੁੱਕੀਆਂ ਸਨ| ਮਹਾਰਾਜਾ ਰਣਜੀਤ ਸਿੰਘ ਦੇ ਵਫ਼ਾਦਾਰ ਸਾਥੀ ਕੈਦ ਕਰ ਕੇ ਪੰਜਾਬ ਤੋਂ ਬਾਹਰ ਭੇਜ ਦਿੱਤੇ ਗਏ ਸਨ| ਅੰਗਰੇਜ਼ ਪ੍ਰਸਤ ਨਵੀਂ ਸਿੱਖ ਲੀਡਰਸ਼ਿਪ, ਪੰਜਾਬ ਵਿੱਚ ਤਿਆਰ ਕੀਤੀ ਗਈ ਤੇ ਗੁਰਦੁਆਰਾ ਪ੍ਰਬੰਧ ਉਨ੍ਹਾਂ ਦੀ ਨਿਗਰਾਨੀ ਹੇਠ ਕਰ ਦਿੱਤਾ ਗਿਆ| ਹਿੰਦੂ- ਸਿੱਖਾਂ ਨੂੰ ਇਕ ਦੂਜੇ ਤੋਂ ਦੂਰ ਕਰਨ ਦੀ ਵੱਖ ਨੀਤੀ ਬਣਾਈ ਗਈ| ਪੰਜਾਬੀ ਦੀ ਪੜ੍ਹਾਈ ਬੰਦ ਕਰ ਉਰਦੂ ਸ਼ੁਰੂ ਦਿੱਤਾ ਗਿਆ| ਰਾਜ਼ੀ ਬਹੁਤ ਰਹਿੰਦੇ ਮੁਸਲਮਾਨ-ਹਿੰਦੂ ਵਾਲੇ ਖਾਲਸਾ ਰਾਜ ਵਾਲੀ ਧਰਤੀ ਉੱਤੇ ਭਾਸ਼ਾ ਦੇ ਆਧਾਰ ਤੇ ਇਕ ਦੂਜੇ ਦੇ ਵਿਰੋਧੀ ਬਣਾ ਦਿੱਤੇ ਗਏ|
ਸਿੱਖਾਂ ਨੂੰ ਬਹਾਦਰੀ ਦਾ ਖਿਤਾਬ ਦੇ ਅੰਗਰੇਜ਼ ਰਾਜ ਦੀ ਮਜ਼ਬੂਤੀ ਤੇ ਪ੍ਹਸਾਰ ਲਈ ਮਰਨ ਮਾਰਨ ਵੱਲ ਲਾ ਦਿੱਤਾ| ਕਰੀਬ ਡੇਢ ਲੱਖ ਸਿੱਖ ਫ਼ੌਜੀ ਪਹਿਲੀ ਤੇ ਦੂਜੀ ਵਿਸ਼ਵ ਜੰਗ ਵਿੱਚ ਮਾਰੇ ਗਏ, ਜ਼ਖਮੀ ਤੇ ਕੈਦੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ|
ਸਵਾਮੀ ਵਿਵੇਕਾਨੰਦ ਨੇ ਲਿਖਿਆ ਹੈ, ਕਿ ਭਾਰਤੀ ਕੇਵਲ ਧਰਮ ਨੂੰ ਖਤਰੇ ਦੇ ਕਾਰਨ ਹੀ, ਇਕੱਠੇ ਹੋ ਕੇ ਲੜਨ ਮਰਨ ਲਈ ਤਿਆਰ ਹੋ ਜਾਂਦੇ ਹਨ, ਅਜ਼ਾਦੀ ਜਾਂ ਆਰਥਿਕ ਸੰਕਟ ਇਨ੍ਹਾਂ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ| ਸ਼ਾਇਦ ਇਸੇ ਹੀ ਕਾਰਨ 1849 ਤੋਂ 1920 ਦੀ ਤੱਕ ਕੋਈ ਵੀ ਵੱਡੀ ਲਹਿਰ ਅੰਗਰੇਜ਼ ਵਿਰੁੱਧ ਖੜੀ ਨਹੀਂ ਹੋ ਸਕੀ| ਨਾ ਕੋਈ ਸਿੱਖ ਧਰਮ ਦਾ ਆਗੂ ਰਿਹਾ ਅਤੇ ਨਾ ਹੀ ਆਜ਼ਾਦ ਰਾਜਨੀਤੀ ਦੀ ਗੱਲ ਕਰਨ ਵਾਲਾ ਕੋਈ ਸਿੱਖ ਧਰਮ ਵਿੱਚੋਂ ਉੱਭਰਿਆ|
ਅੰਗਰੇਜ਼ ਨੇ ਪੁਜਾਰੀਵਾਦ ਜਾਂ ਦੇਹਧਾਰੀ ਲੋਕ ਬਾਬੇ ਬਣਾ ਨਿਰਮਲ ਪੰਥ ਦੇ ਸਿਧਾਂਤਾਂ ਨੂੰ ਨਸ਼ਟ ਕਰਨ ਦਾ ਕੰਮ ਵੀ ਅਰੰਭਿਆ, ਜੋ ਅੱਜ ਮਹਾਮਾਰੀ ਬਣ, ਸ਼ਬਦ ਗੁਰੂ ਦੇ ਸੁਨਹਿਰੀ ਅਸੂਲਾਂ ਨੂੰ ਧੁੰਦਲਾ ਕਰ ਰਹੇ ਹਨ| ਸਿੰਘ ਸਭਾ, ਗਦਰ ਜਾਂ ਬੱਬਰ ਅਕਾਲੀ, ਕੁਝ ਵਿਅਕਤੀਆਂ ਤੱਕ ਸੀਮਿਤ ਲਹਿਰਾਂ ਪ੍ਰਭਾਵਸ਼ਾਲੀ ਨਹੀਂ ਹੋ ਸਕੀਆਂ ਸਨ|
ਇਸ ਤਰ੍ਹਾਂ ਅੰਗਰੇਜ਼ ਹਕੂਮਤ ਨੇ ਨਿਰਮਲ ਪੰਥ, ਸ਼ਬਦ ਗੁਰੂ ਰਾਹੀਂ ਬਣਦੇ ਦੇਵਤੇ ਤੇ ਹਲੇਮੀ ਰਾਜ ਸੰਕਲਪ ਦੇ ਧਾਰਨੀ ਸਿੱਖ ਆਗੂਆਂ ਨੂੰ ਖਤਮ ਕਰ ਦਿੱਤਾ| ਜੋ ਦਾੜ੍ਹੀ ਕੇਸ ਵਾਲੇ ਸਿੱਖ ਆਗੂ ਨਜ਼ਰ ਆਉੰਦੇ ਸਨ, ਉਹ ਤਾਂ ਕੇਵਲ ਜਾਤੀ ਲਾਭ ਲਈ ਕੌਮ ਨੂੰ ਕਮਜ਼ੋਰ ਕਰਨ ਤੇ ਕੁਰਾਹੇ ਪਾਉਣ ਵਾਲੇ ਅੰਗਰੇਜ਼ ਦੇ ਸਾਥੀ ਸਨ| ਸਮਾਜ ਜਾਗ੍ਰਿਤ ਸੀ, ਪਰ ਆਗੂ ਕੋਈ ਨਹੀਂ ਸੀ|1873 ਦੀ ਵਿਚ ਮਿਸ਼ਨ ਸਕੂਲ ਅੰਮ੍ਰਿਤਸਰ ਵਲੋਂ ਚਾਰ ਸਿੱਖ ਵਿਦਿਆਰਥੀਆਂ ਨੂੰ ਇਸਾਈ ਬਣਾਉਣ ਦਾ ਮੁੱਦਾ ਉਠਿਆ ਤੇ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਸਮੇਤ ਕੁਝ ਸਿੱਖ ਆਗੂਆਂ ਨੇ ਸਿੰਘ ਸਭਾ ਅੰਮ੍ਰਿਤਸਰ ਦਾ ਗਠਨ ਕੀਤਾ, ਪਰ ਇਸ ਤੋਂ ਬਾਅਦ ਆਪਸੀ ਫੁਟ ਪੈਣ ਉਪਰੰਤ ਇੱਕ ਸਿੰਘ ਸਭਾ ਲਾਹੌਰ ਬਣ ਗਈ| ਦੋਵਾਂ ਨੂੰ ਕਮਜੋਰ ਕਰਨ ਲਈ ਅੰਗਰੇਜ਼ ਪ੍ਰਸਤ ਸਿੱਖ ਆਗੂਆਂ ਨੇ 1902 ਵਿੱਚ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦੀ ਸਥਾਪਨਾ ਕਰ ਦਿੱਤੀ| ਵਿੱਦਿਆ ਤੇ ਰੋਜ਼ਗਾਰ ਦਾ ਕੰਮ ਇਸ ਸੰਸਥਾ ਨੇ ਅਰੰਭਿਆ ਤੇ 1908 ਵਿੱਚ ਪੰਜਾਬ ਅਤੇ ਸਿੰਧ ਬੈਂਕ ਵੀ ਸ਼ੁਰੂ ਕੀਤਾ| ਧਰਮ ਪ੍ਰਚਾਰ ਲਈ ਯਤਨ ਕਰਨ ਦੀ ਗੱਲ ਵੀ ਕੀਤੀ ਗਈ| ਸਿੱਖ ਮਸਲਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਾਉਣਾ ਵੀ ਮਨੋਰਥ ਪੱਤਰ ਵਿੱਚ ਦਰਜ ਕੀਤਾ ਗਿਆ ਸੀ| ਭਾਈ ਵੀਰ ਸਿੰਘ, ਸੁੰਦਰ ਸਿੰਘ ਮਜੀਠੀਆ, ਸਰਦਾਰ ਤਰਲੋਚਨ ਸਿੰਘ ਆਦਿ ਆਗੂ ਬਣੇ|
1920 ਈ ਵਿੱਚ ਸ਼੍ਹੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦਬੇ ਕੁਚਲੇ ਸਿੱਖ ਭਾਈਚਾਰੇ ਦੇ ਵੀਰਾਂ ਦੇ ਕੜਾਹ ਪ੍ਰਸ਼ਾਦ ਨਾ ਪਰਵਾਨ ਕਰਨ ਵਿਰੁੱਧ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰਾਂ ਤੇ ਕੁਝ ਹੋਰ ਸਿੰਘਾਂ ਦੀ ਆਵਾਜ਼ ਨੇ, ਸਿੱਖ ਕੌਮ ਨੂੰ ਹਲੂਣਾ ਦਿੱਤਾ ਤੇ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਹੋਈ| ਪੰਜ ਸਾਲ ਸਰੀਰਕ ਤੇ ਆਰਥਿਕ ਕਸ਼ਟ ਝੱਲਦਿਆਂ, ਸਿੰਘਾਂ ਨੇ ਸੰਘਰਸ਼ ਕਰਕੇ,ਸਿੱਖ ਗੁਰਦੁਆਰਾ ਐਕਟ ਰਾਹੀਂ ਕੁਝ ਗੁਰਦੁਆਰਿਆਂ ਦੇ ਪ੍ਰਬੰਧ ਦਾ ਅਧਿਕਾਰ, ਚੁਣੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਪ੍ਰਾਪਤ ਕਰ ਲਿਆ|
ਗੁਰਦੁਆਰਿਆਂ ਦੇ ਪ੍ਰਬੰਧ ਲਈ ਲੋਕਲ ਕਮੇਟੀਆਂ ਚੁਣੀਆਂ ਜਾਣ ਲੱਗ ਪਈਆਂ, ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਬਹੁਤੇ ਅਧਿਕਾਰ ਨਹੀਂ ਸਨ, ਫੇਰ ਇਸ ਲਈ ਉੱਦਮ ਅਰੰਭ ਹੋਇਆ, ਆਜ਼ਾਦੀ ਤੋਂ ਪਹਿਲਾਂ ਸਤ ਗੁਰਦੁਆਰਾ ਸਾਹਿਬ ਤੋਂ ਸਿੱਧਾ ਪ੍ਵਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਾਪਤ ਕੀਤਾ ਤੇ ਅੱਜ ਬਹੁਗਿਣਤੀ ਵਿੱਚ ਲੋਕਲ ਕਮੇਟੀਆਂ ਵਾਲੇ ਗੁਰਦੁਆਰਾ ਸਾਹਿਬਾਨ, ਸ਼੍ਹੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਧੇ ਅਧੀਨ ਆ ਚੁੱਕੇ ਹਨ| ਬਾਕੀਆਂ ਨੂੰ ਵੀ ਅਸਿੱਧੇ ਢੰਗ ਨਾਲ਼ ਰਸੀਵਰ ਮੁਕੱਰਰ ਕਰ ਲੋਕਲ ਕਮੇਟੀਆਂ ਨੂੰ ਬੇਅਸਰ ਕਰ ਦਿੱਤਾ ਗਿਆ ਹੈ| ਧਰਮ ਪ੍ਰਚਾਰ ਦੀ ਤਜਵੀਜ਼ 1925 ਦੇ ਐਕਟ ਵਿੱਚ ਨਹੀਂ ਸੀ ਇਸ ਲਈ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਵਿਉਂਤ ਨਹੀਂ ਬਣਾਈ ਜਾ ਸਕੀ|
1925 ਈ ਵਿੱਚ ਅੰਗਰੇਜ਼ ਨੇ ਇਕ ਹੋਰ ਨੀਤੀ ਘੜੀ ਤੇ ਆਪਣੇ ਪੱਖੀ ਲੀਡਰਸ਼ਿਪ ਨੂੰ ਪਿੰਡ ਪੱਧਰ ਤੇ ਧਾਰਮਿਕ ਤੇ ਰਾਜਨੀਤਿਕ ਪੱਖੋਂ ਮਜਬੂਤ ਕੀਤਾ ਜੋ ਖਾਲਸਾ ਨੈਸ਼ਨਲਿਸਟ ਪਾਰਟੀ ਵਜੋਂ ਵਿਚਰਦੀ ਸੀ| ਗੁਰਦੁਆਰਾ ਸੁਧਾਰ ਲਹਿਰ ਦੇ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਰਚਨਾ 1920 ਵਿੱਚ ਹੀ ਕਰ ਲਈ ਸੀ ਜੋ ਰਾਜਨੀਤੀ ਵਿੱਚ ਕਾਂਗਰਸ ਪਾਰਟੀ ਦੇ ਮੈਂਬਰ ਬਣ ਗਏ ਸਨ| ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਅਕਾਲੀ ਦਲ ਨਾਲ ਵੀ ਜੁੜੇ ਹੋਏ ਸਨ ਇਸ ਤਰ੍ਹਾਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਨਾਲੋਂ ਦੇਸ਼ ਦੀ ਅਜ਼ਾਦੀ ਦੀ ਲੜਾਈ ਉਨ੍ਹਾਂ ਦੀ ਪਹਿਲੀ ਪਸੰਦ ਬਣ ਗਈ|
ਸ਼ਾਇਦ ਇਸੇ ਲਈ ਧਰਮ ਬਾਰੇ ਖੋਜ ਪ੍ਰਚਾਰ ਤੇ ਵਿਸਥਾਰ ਦੀ ਵਿਉਂਤ ਬੰਦੀ ਨਹੀਂ ਕੀਤੀ ਗਈ| ਵਿਸ਼ਵ ਨੂੰ ਚਾਨਣ ਦੇ ਸਕਣ ਦੇ ਸਮਰੱਥ ਸਿੱਖ ਧਰਮ ਆਪਣੇ ਦੇਸ਼ ਵਿੱਚ ਹੀ ਸੁੰਗੜਨਾ ਸ਼ੁਰੂ ਹੋ ਗਿਆ| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀਮਾਂ ਪੰਜਾਬ ਦੇ ਕੁਝ ਗੁਰਦੁਆਰਿਆਂ ਤੱਕ ਹੀ ਸੀ, ਡਾਕਟਰ ਭੀਮ ਰਾਉ ਅੰਬੇਡਕਰ ਨੇ ਦੂਜੇ ਸੂਬਿਆਂ ਵਿੱਚ ਮਿਸ਼ਨ ਸਥਾਪਿਤ ਕਰਨ ਲਈ ਮਤਾ ਪਾਸ ਕਰਵਾਇਆ ਅਤੇ ਖਾਲਸਾ ਕਾਲਜ ਬੰਬਈ ਦੀ ਉਸਾਰੀ ਵੀ ਕਰਵਾਈ| 
ਉਨ੍ਹਾਂ ਦੇ ਪਿੱਛੇ ਹਟਣ ਨਾਲ ਇਹ ਮਿਸ਼ਨ ਵੀ ਢਿੱਲਾ ਪੈ ਗਿਆ| ਇਸ ਤਰ੍ਹਾਂ ਧਾਰਮਿਕ ਪ੍ਵਬੰਧ ਨੂੰ ਰਾਜਨੀਤਕ ਲਾਲਸਾ ਨਾਲ ਜੋੜਨਾ ਹੀ ਸਿੱਖ ਧਰਮ ਦੀ ਸਭ ਤੋਂ ਵੱਡੀ ਕਮਜੋਰੀ ਬਣੀ|
ਚੀਫ ਖਾਲਸਾ ਦੀਵਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੋ ਸਾਲ ਤੋਂ ਵੀ ਜ਼ਿਆਦਾ ਹੋ ਚੁੱਕੀਆਂ ਹਨ, ਪਰ ਧਰਮ ਪ੍ਰਚਾਰ ਦਾ ਕੰਮ ਦੇਸ਼ ਤੇ ਵਿਦੇਸ਼ ਵਿੱਚ ਸੰਗਠਿਤ ਨਹੀਂ ਹੋ ਸਕਿਆ ਹੈ| ਇਨ੍ਹਾਂ ਸੰਸਥਾਵਾਂ ਦੇ ਮੈਬਰਾਂ ਨੇ ਨਾ ਤਾਂ ਆਪਣੇ ਇਲਾਕੇ ਵਿੱਚ ਹੀ ਧਰਮ ਪ੍ਰਚਾਰ ਕੀਤਾ ਅਤੇ ਨਾ ਹੀ ਦੇਸ਼ ਵਿਦੇਸ਼ ਵਿੱਚ ਇਸ ਪ੍ਵਥਾਏ ਕੋਈ ਵਿਉਂਤ ਬੰਦੀ ਸੰਸਥਾ ਰੂਪ ਵਿੱਚ ਕੀਤੀ ਹੈ|
ਗੁਰੂ ਘਰ ਕੇਵਲ ਨਿਤਨੇਮ ਦੀ ਮਰਿਆਦਾ ਤੱਕ ਸੀਮਤ ਹਨ, ਕੋਈ ਲਿਖਤੀ ਗਿਆਨ ਆਉਣ ਵਾਲੇ ਜਗਿਆਸਾ ਰੱਖਣ ਵਾਲਿਆਂ ਲਈ ਉਪਲਬਧ ਨਹੀਂ ਹੁੰਦਾ, ਫੇਰ ਗਿਆਨ ਕਿਵੇਂ ਅੱਗੇ ਵਧੇਗਾ? ਕਥਾ, ਕੀਰਤਨ, ਪਾਠ ਤੇ ਧਾਰਮਿਕ ਗਤੀਵਿਧੀਆਂ ਤੇ ਮਾਨਤਾਵਾਂ ਉਜਰਤ ਦੇ ਕੇ ਹੀ ਪ੍ਰਾਪਤ ਹੋ ਸਕਦੀਆਂ ਹਨ| ਨਿਰਮਲ ਪੰਥ ਵੀ ਵਰਜਿਤ ਕਰਮ ਕਾਂਡ ਕਰਦਾ ਨਜ਼ਰ ਆਉਂਦਾ ਹੈ|
ਸਿੱਖਾਂ ਦਾ ਮੀਰੀ ਪੀਰੀ ਦੇ ਸਿਧਾਂਤ ਦੀ ਵਿਆਖਿਆ ਵੀ ਲੋੜ ਅਨੁਸਾਰ ਹੀ ਹੁੰਦੀ ਹੈ| ਗੁਰੂ ਕਾਲ ਵਿੱਚ ਪੀਰੀ ਪ੍ਰਧਾਨ ਸੀ, ਗੁਰੂ ਨਾਨਕ ਸਾਹਿਬ ਦੇ ਸਿਰਜੇ ਦੇਵਤੇ ਰੂਪੀ ਸਿੱਖ 1708 ਦੀ ਤੱਕ, ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਭਖਿਆ ਲਈ ਸ਼ਸਤਰਾਂ ਦੀ ਵਰਤੋਂ ਕਰਦੇ ਸਨ, ਰਾਜ ਕਾਇਮ ਕਰਨ ਲਈ ਨਹੀਂ| ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤ ਕੇ ਰਾਜ ਕਰਨ ਦੀ ਨੀਤੀ ਗੁਰੂ ਹੁਕਮ ਅਨੁਸਾਰ ਪੇਸ਼ ਕੀਤੀ ਤੇ 1710ਈ ਵਿੱਚ ਖਾਲਸਾ ਰਾਜ ਸਥਾਪਤ ਕਰਕੇ, ਵੱਖਰੀ ਰਾਜਧਾਨੀ ਬਣਾ ਸਿੱਕਾ ਵੀ ਜਾਰੀ ਕੀਤਾ| ਮਿਸਲਾਂ ਦੇ ਸਰਦਾਰ ਵੀ ਸ੍ਰੀ ਅਕਾਲ ਬੁੰਗਾ ਦੇ ਨੇੜੇ ਮਿਲ ਕੇ ਫੈਸਲਾ ਕਰਦੇ ਤੇ ਅਰਦਾਸ ਕਰ ਕੇ ਟੀਚੇ ਦੀ ਪੂਰਤੀ ਤੱਕ ਜਾਨ ਵਾਰਦੇ ਸਨ, ਇਸ ਕਰਕੇ ਹੀ ਉਹ ਦਿੱਲੀ ਤੇ ਲਾਹੌਰ ਸਮੇਤ ਭਾਰਤ ਦੇ ਵੱਡੇ ਖ਼ਿੱਤੇ ਨੂੰ ਜਿੱਤ ਸਕੇ ਸਨ| ਪਰ ਇਹ ਪਰੰਪਰਾ ਅੰਗਰੇਜ਼ ਸਰਕਾਰ ਦੇ ਸਰਬਰਾਹ ਤੇ ਮੈਨੇਜਰਾਂ ਨੇ ਧੁੰਦਲੀ ਕਰ ਦਿੱਤੀ, ਜਨਰਲ ਡਾਇਰ ਤੇ ਹੋਰ ਅੰਗਰੇਜ਼ ਸਨਮਾਨਿਤ ਕੀਤੇ ਗਏ ਸਨ| ਇਹ ਪਰੰਪਰਾ ਅਜੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੈ|
ਦੇਸ਼ ਦੀ ਵੰਡ ਜਾਂ ਅਜ਼ਾਦੀ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਪੰਜਾਬ ਦੇ ਛੱਤੀ ਜ਼ਿਲ੍ਹਿਆਂ ਵਿੱਚੋਂ ਚਵੀ ਪਾਕਿਸਤਾਨ ਨੂੰ ਦੇ ਦਿਤੇ ਜਦੋਂ ਕਿ 53 % ਮੁਸਲਮਾਨਾਂ ਦੇ ਮੁਕਾਬਲੇ,ਹਿੰਦੂ ਸਿੱਖਾਂ ਦੀ ਆਬਾਦੀ ਵੀ ਕਰੀਬ 44 % ਸੀ ਤੇ ਇਨ੍ਹਾਂ ਦਾ ਹੱਕ 16/17 ਜ਼ਿਲ੍ਹਿਆਂ ਦਾ ਬਣਦਾ ਸੀ| ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਲਾਹੌਰ ਤੇ ਸ਼੍ਹੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਵੀ ਪਾਕਿਸਤਾਨ ਨੂੰ ਦੇ ਦਿੱਤਾ ਗਿਆ| ਮਹਾਰਾਜਾ ਰਣਜੀਤ ਸਿੰਘ ਉਸਦੇ ਪੁੱਤਰ ਦਲੀਪ ਸਿੰਘ ਦੀ ਵਾਰਸ ਰਾਜਕੁਮਾਰੀ ਬੰਬਾ 1909 ਈ ਤੋਂ 1957 ਈ ਤੱਕ ਲਾਹੌਰ ਵਿੱਚ ਰਹਿ,ਆਜ਼ਾਦੀ ਲਈ ਸੰਘਰਸ਼ ਕਰ ਰਹੇ ਲਾਲਾ ਲਾਜਪਤ ਰਾਏ ਆਦਿ ਨਾਲ ਸੰਪਰਕ ਵਿੱਚ ਸੀ| ਛੋਟੀ ਰਾਜ ਕੁਮਾਰੀ ਸੋਫ਼ੀਆ ਵਲੈਤ ਵਿੱਚ ਔਰਤਾਂ ਦੇ ਅਧਿਕਾਰਾਂ ਲਈ ਲੜ ਰਹੀ ਸੀ| ਕਾਂਗਰਸ ਦੇ ਪਿੱਛੇ ਲੱਗੇ ਸਿੱਖ ਆਗੂਆਂ ਨੇ ਉਨ੍ਹਾਂ ਨੂੰ ਅੱਗੇ ਕੀ ਲਾਉਣਾ ਸੀ, ਉਨ੍ਹਾਂ ਨਾਲ ਗਲ ਤਕ ਨਹੀਂ ਕੀਤੀ, ਜਿਸ ਦਾ ਜਵਾਬ ਇਤਿਹਾਸ ਜਰੂਰ ਜਾਨਣਾ ਚਾਹੇਗਾ|
ਆਜ਼ਾਦੀ ਤੋਂ ਬਾਅਦ ਮਾਸਟਰ ਤਾਰਾ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀ ਦੋਸਤ ਤੇ ਸਾਥੀ ਕਾਂਗਰਸ ਲੀਡਰਸ਼ਿਪ ਤੋਂ ਆਜ਼ਾਦੀ ਦੇ ਨਿੱਘ ਮਾਨਣ ਵਾਲੀ ਥਾਂ ਦੀ ਮੰਗ ਰੱਖੀ, ਤਾਂ ਜਵਾਬ ਕੋਰੀ ਨਾਂਹ ਵਿੱਚ ਮਿਲਿਆ| 1948 ਤੇ. 1956 ਈ ਵਿੱਚ ਸ੍ਰੋਮਣੀ ਅਕਾਲੀ ਦਲ ਦੀ ਰਾਜਸੀ ਇਕਾਈ ਭੰਗ ਕਰ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰ ਦਿੱਤੀ ਗਈ| ਸ਼੍ਵੀ ਜਵਾਹਰ ਲਾਲ ਨੇਹਰੂ ਦੀ ਅਗਵਾਈ ਵਿੱਚ ਕਾਂਗਰਸ ਨੇ ਇਨ੍ਹਾਂ ਨੂੰ ਦੇਣਾ ਤਾਂ ਕੀ ਸੀ, ਕੁਰਸੀ ਦੇ ਲਾਲਚ ਵਿੱਚ ਬਹੁ ਗਿਣਤੀ ਅਕਾਲੀ ਆਗੂ ਪੱਕੇ ਕਾਂਗਰਸੀ ਬਣਾ ਲਏ ਗਏ| ਅੰਗਰੇਜ਼ ਹਕੂਮਤ ਦੇ ਚਹੇਤੇ ਸਿੱਖ ਆਗੂ ਤਾਂ ਪਹਿਲਾਂ ਹੀ ਕਾਂਗਰਸੀ ਬਣ ਚੁੱਕੇ ਸਨ|
ਫੇਰ ਹੋਇਆ ਸਿੱਖ ਤੋਂ ਸਿੱਖ ਕੁਟਾਉਣ ਦਾ ਕੰਮ ਸ਼ੁਰੂ, ਕੁੱਟਣ ਵਾਲੇ ਪ੍ਰਤਾਪ ਸਿੰਘ ਕੈਰੇਂ, ਗਿਆਨੀ ਕਰਤਾਰ ਸਿੰਘ, ਬੂਟਾ ਸਿੰਘ, ਦਰਬਾਰਾ ਸਿੰਘ, ਸਵਰਨ ਸਿੰਘ, ਗਿਆਨੀ ਜ਼ੈਲ ਸਿੰਘ ਆਦਿ ਪੁਰਾਣੇ ਅਕਾਲੀ ਹੀ ਸਨ| ਨਹਿਰੂ ਨੇ ਮਾਸਟਰ ਤਾਰਾ ਸਿੰਘ ਆਦਿ ਦੀ ਇੱਕ ਗੱਲ ਨਹੀਂ ਮੰਨੀ| ਬਲਕਿ ਮਾਸਟਰ ਤਾਰਾ ਸਿੰਘ ਨੂੰ ਰਾਜਨੀਤੀ ਵਿੱਚੋਂ ਕਮਜੋਰ ਕਰਨ ਲਈ ਜਾਤ ਪਾਤ ਰਹਿਤ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ, ਪਿਛਲੀ ਜਾਤ ਦੇ ਆਧਾਰਿਤ, ਜੱਟ ਤੇ ਗ਼ੈਰ ਜੱਟ ਦੀ ਕਹਾਣੀ ਸ਼ੁਰੂ ਕਰਵਾ ਦਿੱਤੀ| ਗੈਰ ਜੱਟ ਸ਼ਹਿਰੀ ਸਿੱਖਾਂ ਬਾਰੇ ਤਾਂ ਅਸਲ ਸਿੱਖ ਹੋਣ ਵਾਰੇ ਵੀ ਚਰਚਾ ਖੜ੍ਹੀ ਕਰ ਦਿੱਤੀ ਗਈ, ਜੋ ਅੱਜ ਅੱਗੇ ਨਾਲੋਂ ਵੀ ਜਿਆਦਾ ਹੈ| ਇਹ ਸਮਝ ਤੋਂ ਬਾਹਰ ਹੈ ਕਿ ਸਿੱਖ ਫ਼ਲਸਫ਼ੇ ਦੀ Tਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥੧॥ ਤੇ Tਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥U ਦੇ ਹੁਕਮ ਕਿਸ ਲਈ ਹਨ| ਪਿਛਲੇ ਸੋ ਸਾਲਾਂ ਵਿੱਚ ਦੇਸ਼ ਵਿਦੇਸ਼, ਪਿੰਡਾਂ ਤੇ ਕਸਬਿਆਂ ਵਿੱਚ ਜਾਤੀ ਆਧਾਰਿਤ ਬਣੇ ਗੁਰਦੁਆਰਾ ਸਾਹਿਬਾਨ ਵੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਸਿੱਖਾਂ ਨੇ ਗੁਰੂ ਉਪਦੇਸ਼, ਆਦੇਸ਼ ਤੇ ਸਿੱਖ ਫ਼ਲਸਫ਼ੇ ਨੂੰ ਤਿਲਾਂਜਲੀ ਦੇ ਦਿੱਤੀ ਹੈ|
ਸਿੱਖ ਅਕਾਲੀ ਆਗੂਆਂ ਨੂੰ ਰਾਜਨੀਤਕ ਸ਼ਕਤੀ ਲੋੜੀਂਦੀ ਸੀ| ਮੁੱਦਾ ਕੀ ਬਣੇ? ਕਾਂਗਰਸ ਪਾਰਟੀ ਤਾਂ ਕੀਤੇ ਵਾਅਦਿਆਂ ਤੋਂ ਭੱਜ ਕੇ ਦੁਸ਼ਮਣ ਬਣ ਚੁੱਕੀ ਸੀ| ਪੰਜਾਬੀ ਬੋਲੀ ਤੇ ਭਾਸ਼ਾ ਤੇ ਅਧਾਰਿਤ ਸੂਬੇ ਦੀ ਮੰਗ ਸਿੱਖ ਭਾਵਨਾਵਾਂ ਨੂੰ ਉਤੇਜਿਤ ਕਰਨ ਲਈ ਚੰਗੀ ਲੱਗੀ ਤੇ ਇਸ ਲਈ 1960 ਤੋਂ ਮਾਸਟਰ ਤਾਰਾ ਸਿੰਘ ਨੇ ਵਰਤ ਸ਼ੁਰੂ ਕਰ ਦਿੱਤਾ| ਨਹਿਰੂ ਨੇ ਫੇਰ ਇੱਕ ਸਿੱਖ ਹੁਕਮ ਸਿੰਘ ਨੂੰ ਭੇਜ ਕੇ ਵਰਤ ਖੁਲਵਾ ਦਿੱਤਾ, ਮਾਸਟਰ ਜੀ ਸਿੱਖਾਂ ਵਿੱਚ ਬਦਨਾਮ ਹੋ ਗਏ ਤੇ ਹੁਕਮ ਸਿੰਘ ਦੀ ਕੁਰਸੀ ਪੱਕੀ ਹੋ ਗਈ| ਮਾਸਟਰ ਤਾਰਾ ਸਿੰਘ ਇੱਕ ਗੁਰੂ ਤੋਂ ਡਰਨ ਵਾਲੇ ਵਿਅਕਤੀ ਸਨ ਤੇ ਪੰਥ ਦੇ ਪੈਸੇ ਦੇ ਰਾਖੇ ਸਨ ਪਰ ਅਗਲੇ ਆਗੂ ਸੰਤ ਫਤਿਹ ਸਿੰਘ ਬਾਰੇ ਇਹ ਨਹੀਂ ਲਿਖਿਆ ਜਾ ਸਕਦਾ ਹੈ|
1965 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਸਿੱਖ ਜਰਨੈਲਾਂ ਦੀ ਬਹਾਦਰੀ ਤੇ ਸਿੱਖ ਕਿਸਾਨਾਂ ਦੇ ਸਹਿਯੋਗ ਤੋਂ ਪ੍ਰਭਾਵਿਤ ਹੋ ਕੇ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਨੇ ਸਿਧਾਂਤਕ ਰੂਪ ਵਿੱਚ ਪੰਜਾਬੀ ਸੂਬੇ ਦੀ ਗੱਲ ਮੰਨ ਕੇ ਇਕ ਕਮੇਟੀ ਉਸੇ ਹੁਕਮ ਸਿੰਘ ਦੀ ਅਗਵਾਈ ਹੇਠ ਬਣਾ ਦਿੱਤੀ ਸੀ| ਇਸ ਕਮੇਟੀ ਨੇ ਰਿਪੋਰਟ ਉਨ੍ਹਾਂ ਦੀ ਮੋਤ ਤੋਂ ਬਾਅਦ ਪੇਸ਼ ਕੀਤੀ, ਜਿਸ ਨੂੰ ਨਵੀਂ ਪ੍ਵਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਅੱਧਾ ਅਧੂਰਾ ਪ੍ਵਵਾਨ ਕਰ ਲਿਆ ਤੇ ਚੰਡੀਗੜ੍ਹ, ਪਾਣੀ, ਪੰਜਾਬੀ ਬੋਲੀ ਵਾਲੇ ਇਲਾਕਿਆਂ ਦਾ ਝਗੜਾ ਖੜਾ ਰੱਖਿਆ ਜੋ ਅੱਜ ਵੀ ਜਿਵੇਂ ਦਾ ਤਿਵੇਂ ਹੈ|
ਅਕਾਲੀ ਪਾਰਟੀ ਇਸ ਨੂੰ ਪੰਜਾਬੀ ਸਮੱਸਿਆ ਨਾ ਬਣਾ ਕੇ ਸਿੱਖ ਮਸਲੇ ਵਝੋਂ ਪੇਸ਼ ਕਰਦੀ ਰਹੀ ਤੇ ਕਰ ਰਹੀ ਹੈ ਜਦੋਂਕਿ ਇਹ ਮਾਮਲਾ ਸਮੁੱਚੇ ਪੰਜਾਬ ਦਾ ਹੈ| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੀ ਬਹੁਤ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੀ ਰਿਹਾ ਹੈ| ਮਾਸਟਰ ਤਾਰਾ ਸਿੰਘ ਤੋਂ ਬਾਅਦ ਸੰਤ ਫਤਿਹ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਅਤੇ ਸੰਤ ਚੰਨਣ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਪਰ ਇਹ ਫੈਸਲਾ ਅਕਾਲੀ ਦਲ ਦਾ ਹੀ ਸੀ| ਉਸ ਤੋਂ ਬਾਅਦ ਇਹ ਹੀ ਰਵਾਇਤ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਪ੍ਵਵਾਨਗੀ ਅਕਾਲੀ ਦਲ ਦੇ ਪ੍ਰਧਾਨ ਕੋਲੋਂ ਹੀ ਹੁੰਦੀ ਹੈ, ਕਿਉਂਕਿ ਉਸ ਦੀ ਪਾਰਟੀ ਨਾਲ ਹੀ ਉਹ ਸਬੰਧਤ ਹੁੰਦੇ ਹਨ|
ਸਮੇਂ ਨਾਲ ਪੰਜਾਬ ਦੀ ਵੰਡ ਨਾਲ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਹੋ ਗਈ ਹੈ, ਇਸੇ ਤਰ੍ਹਾਂ ਹਰਿਆਣਾ ਅਤੇ ਦਿੱਲੀ ਵਿੱਚ ਵੀ ਵਖਰੀਆਂ ਕਮੇਟੀਆਂ ਬਣ ਚੁੱਕੀਆਂ ਹਨ| ਹੋਰ ਸੂਬਿਆਂ ਤੇ ਵਿਦੇਸ਼ਾਂ ਵਿੱਚ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਵੱਖ ਵੱਖ-ਵੱਖ ਕਮੇਟੀਆਂ ਕੋਲ ਹੈ| ਗੁਰਮਤਿ ਸਿਧਾਂਤ ਧਰਮ ਸਾਲ ਜਾਂ ਪਿੰਡ ਵਿੱਚ ਇੱਕ ਸਥਾਨ ਸਾਧ ਸੰਗਤ ਕਾ ਬਣਾਇਆ ਜਿੱਥੇ ਸਾਧ ਸੰਗਤ ਇਕੱਠੀ ਹੋਵੇ ਤੇ ਆਇਆ ਗਿਆ ਵਿਸ਼ਰਾਮ ਕਰੇ, ਦਾ ਸੀ|ਜਿਸ ਰਾਹੀਂ ਆਪਸੀ ਸਦਭਾਵਨਾ ਬਣੇ, ਜਾਤ ਪਾਤ ਤੇ ਅਧਾਰਿਤ ਗੁਰੂਦੁਆਰੇ ਮਨਮਤ ਹੀ ਹੈ|
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੰਗਰੇਜ਼ਾਂ ਵਲੋਂ ਨਿਯੁਕਤ ਸਰਬਰਾਹ ਤੇ ਪੁਜਾਰੀ ਜਨਰਲ ਡਾਇਰ ਤੱਕ ਨੂੰ ਸਨਮਾਨਿਤ ਕਰਦੇ ਰਹੇ ਹਨ, ਅੱਜ ਵੀ ਗੁਰਦੁਆਰਾ ਐਕਟ ਅਧੀਨ ਨਿਯੁਕਤ ਮੁੱਖ ਪੁਜਾਰੀ ਤੇ ਹੋਰ ਕਰਮਚਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਹਨ ਤੇ ਨੌਕਰੀ ਵੀ ਉਨ੍ਹਾਂ ਦੀ ਖੁਸ਼ੀ ਤੇ ਅਧਾਰਿਤ ਹੈ| ਇਸ ਲਈ ਮਾਲਕ ਤੋਂ ਬਾਹਰ ਹੋ ਕੇ ਨੌਕਰੀ ਵਿੱਚ ਰਹਿਣਾ ਅਸੰਭਵ ਹੀ ਹੈ|
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੇਵਤੇ ਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਤ ਸਿਪਾਹੀ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਭਖਿਆ ਲਈ ਪ੍ਰਗਟ ਕੀਤੇ ਗਏ ਸਨ, ਪਰ ਇਹ ਅਖੌਤੀ ਸਿਖ ਲੀਡਰਸ਼ਿਪ ਸਿੱਖੀ ਦਾ ਨਕਸਾਨ ਕਰ ਰਹੀ ਹੈ| ਇਸ ਗੁਰਮਤਿ ਵਿਹੂਣੀ ਸਿੱਖ ਲੀਡਰਸ਼ਿਪ ਨੇ ਪੰਜਾਬ ਵਿੱਚ ਹੀ ਸਿੱਖ ਕੌਮ ਨੂੰ ਕਮਜ਼ੋਰ ਕਰ ਦਿੱਤਾ ਹੈ| ਪੰਜਾਬ ਵਿੱਚ ਕਈ ਧੜਿਆਂ ਵਿੱਚ ਵੰਡੇ ਤੇ ਗੁਰਮਤਿ ਤੋਂ ਦੂਰ ਲੋਕ ਆਪਣੀ ਸਾਖ ਤੇ ਰਾਜਸੀ ਸ਼ਕਤੀ ਖੋ ਚੁੱਕੇ ਹਨ| ਕਮਜੋਰ ਆਗੂਆਂ ਨੇ ਧਰਮ ਵੀ ਕਮਜੋਰ ਦਿਸ਼ਾਹੀਣ ਕਰ ਦਿੱਤਾ ਹੈ, ਇਸ ਲਈ ਪੰਜਾਬ ਵਿੱਚ ਸਿੱਖਾਂ ਦੀ ਧਰਮ ਬਦਲੀ ਹੋ ਰਹੀ ਹੈ|
ਮੂਲ ਰੂਪ ਵਿੱਚ ਸ਼੍ਵੀ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦੁਰ ਦੀ ਅਗਵਾਈ ਹੇਠ ਸਿੱਖ ਰਾਜ ਸਥਾਪਤ ਕਰਨ ਉਪਰੰਤ ਸਿੱਖ ਰਾਜਨੀਤਿਕ ਗਤੀਵਿਧੀਆਂ ਦਾ ਕੇਂਦਰ ਬਣ ਗਿਆ| ਸਾਰੇ ਦੇਸ਼ ਵਿੱਚ ਫੈਲੇ ਸਿੱਖ ਸਮਾਜ ਦਾ ਇੱਕ ਧਾਰਮਿਕ ਆਗੂ ਜਾਂ ਸੰਸਥਾ ਨਹੀਂ ਬਣ ਸਕੇ| ਮਿਸਲ ਕਾਲ ਵਿੱਚ ਵੀ ਆਗੂਆਂ ਨੇ ਖੈਬਰ ਤੋਂ ਅਵਧ ਤੱਕ ਫਤਿਹ ਕਰ ਲਿਆ ਸੀ, ਪਰ ਰਾਜ ਪੱਕਾ ਨਹੀਂ ਹੋ ਸਕਿਆ| ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦਰਿਆ ਸਤਲੁਜ ਤੇ ਰੋਕ ਕੇ ਉਸ ਨੂੰ ਸ਼ੇਰੇ ਪੰਜਾਬ ਤੱਕ ਹੀ ਸੀਮਤ ਰੱਖਿਆ ਸੀ|
ਅੰਗਰੇਜ਼ ਹਕੂਮਤ ਸਮੇਂ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਇਰਾ ਵੀ ਪੁਰਾਣੇ ਪੰਜਾਬ ਦੇ ਗੁਰਦੁਆਰਿਆਂ ਤੱਕ ਹੀ ਸੀਮਿਤ ਹੈ| ਇਸ ਤਰ੍ਹਾਂ ਗੁਰੂ ਕਾਲ ਵਿੱਚ ਧਰਮ ਪ੍ਰਚਾਰ ਲਈ ਸਥਾਪਿਤ ਉਦਾਸੀ ਤੇ ਨਿਰਮਲ ਪੰਥ ਵੀ ਅੰਗਰੇਜ਼ ਰਾਜ ਵੇਲੇ ਗੁਰਦੁਆਰਾ ਪ੍ਰਬੰਧ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਕੌਮ ਦੀ ਮੁੱਖ ਧਾਰਾ ਤੋਂ ਦੂਰ ਹੋ ਚੁੱਕੇ ਹਨ| ਚੀਫ ਖ਼ਾਲਸਾ ਦੀਵਾਨ ਵੀ ਆਪਣੇ ਕਿਸੇ ਵੀ ਮਨੋਰਥ ਨੂੰ ਪੂਰਾ ਨਹੀਂ ਕਰ ਸਕਿਆ ਹੈ| ਇਸ ਤਰ੍ਹਾਂ ਸਿੱਖ ਧਰਮ ਵਿੱਚ ਨਾ ਤਾਂ ਕੋਈ ਅੰਤਰ ਰਾਸ਼ਟਰੀ ਧਰਮ ਪ੍ਰਚਾਰ ਜਾਂ ਧਾਰਮਿਕ ਖੋਜ ਲਈ ਸੰਸਥਾ ਬਣ ਸਕੀ ਹੈ| 1986 ਜਨਵਰੀ ਤੋਂ ਬਾਅਦ ਹੁਣ ਤੱਕ ਪੰਥਕ ਸੰਸਥਾਵਾਂ ਵਲੋਂ ਮੁਕਾਬਲੇ ਦੇ ਜਥੇਦਾਰ ਬਣਾਉਣ ਦੀ ਪਿਰਤ ਪੈ ਗਈ ਹੈ| ਸ਼੍ਰੋਮਣੀ ਅਕਾਲੀ ਦਲ ਵੀ ਕਈ ਹਨ ਤੇ ਪੰਜਾਬ ਦੀ ਰਾਜਨੀਤੀ ਵਿੱਚ ਹੀ ਹਾਸ਼ੀਏ ਤ ਉਪਰ ਹਨ| ਅੱਜ ਪੰਥ ਧਾਰਮਿਕ ਤੌਰ ਤੇ ਰਾਜਨੀਤਕ ਤੌਰ ਤੇ ਆਗੂ ਰਹਿਤ ਲੱਗਦਾ ਹੈ|
ਰਾਜਨੀਤੀ ਵਿੱਚ ਪਰਪੱਕਤਾ ਤੇ ਦੂਰਦਰਸ਼ਿਤਾ ਦੀ ਅਣਹੋਂਦ ਕਾਰਨ ਗੁਰੂ ਨਾਨਕ ਦੇਵ ਜੀ ਵਲੋਂ ਪ੍ਰਗਟ ਕੀਤੇ ਦੇਵਤੇ ਆਪਣੀ ਪਛਾਣ ਕਮਜੋਰ ਕਰ ਰਹੇ ਹਨ ਅਤੇ ਗੁਰੂ ਹੁਕਮ ਤੋਂ ਆਕੀ ਹੋ ਕੇ ਇਕ ਦੂਜੇ ਨੂੰ ਕਮਜ਼ੋਰ ਕਰਨ ਵੱਲ ਲੱਗੇ ਕੌਮੀ ਨੁਕਸਾਨ ਕਰ ਰਹੇ ਹਨ| ਇਸ ਸਥਿਤੀ ਤੋਂ ਬਾਹਰ ਆਉਣ ਲਈ ਲੰਬੀ ਸੋਚ ਵਿਚਾਰ ਕਰ, ਚੰਗੀ ਨੀਯਤ ਤੇ ਉੱਤਮ ਨੀਤੀ ਨਾਲ, ਅੱਗੇ ਵਧਣ ਵਾਲੇ ਆਗੂਆਂ ਦੀ ਲੋੜ ਹੈ| ਕੌਮਾਂ ਨੂੰ ਅੱਗੇ ਵਧਾਉਣ ਲਈ ਨੇਤਾ, ਨੀਯਤ ਤੇ ਨੀਤੀ ਦੀ ਲੋੜ ਹੁੰਦੀ ਹੈ, ਬਦਕਿਸਮਤੀ ਨਾਲ ਅੱਜ ਸਿੱਖ ਭਾਈਚਾਰੇ ਵਿੱਚ ਇਨ੍ਹਾਂ ਵਿੱਚੋਂ ਇੱਕ ਵੀ ਕੋਲ ਨਹੀਂ ਰਹੀ| ਸਮਾਂ ਆ ਗਿਆ ਹੈ ਕਿ, ਸਿੱਖ ਕੌਮ ਦੁਬਾਰਾ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਇੱਕ ਅਕਾਲ ਦੀ ਪੂਜਾ, ਨਿਆਂ, ਸੇਵਾ, ਜਾਤ-ਪਾਤ ਰਹਿਤ ਸਮਾਜ, ਸਰਬਸਾਂਝੀਵਾਲਤਾ ਤੇ ਹਲੇਮੀ ਰਾਜ ਨੂੰ ਅਪਣਾ ਕੇ ਕੇਵਲ ਇਤਿਹਾਸ ਨੂੰ ਹੀ ਨਹੀਂ ਭਵਿੱਖ ਨੂੰ ਵੀ ਰੋਸ਼ਨ ਕਰੇ|
ਇਕਬਾਲ ਸਿੰਘ ਲਾਲਪੁਰਾ
ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ
* * * * * *