ਸਰਦਾਰ ਕਿਸਨ ਸਿੰਘ ਬਾਜਵਾ ਦੀ ਪਹਿਲੀ ਬਰਸੀ ਗੁਰਦੁਆਰਾ ਗੁਰੂ ਨਾਨਕ ਦਰਬਾਰ, ਬਸਤੀ ਬਾਵਾ ਖੇਲ ਵਿੱਚ ਮਨਾਈ ਗਈ

ਜਲੰਧਰ (ਜਤਿੰਦਰ ਸਿੰਘ ਰਾਵਤ): ਅਮਰੀਕਾ ਦੇ ਉਘੇ ਪ੍ਰਮੋਟਰ ਸ. ਬਲਵਿੰਦਰ ਸਿੰਘ ਬਾਜਵਾ ਦੇ ਪਿਤਾ ਜੀ ਸਵਰਗੀ ਸ. ਕਿਸਨ ਸਿੰਘ ਜੀ ਦੀ ਪਹਿਲੀ ਬਰਸੀ ਅੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ, ਬਸਤੀ ਬਾਵਾ ਖੇਲ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਗਈ। ਸਮਾਗਮ ਵਿੱਚ ਪਰਿਵਾਰਿਕ ਰਿਸ਼ਤੇਦਾਰਾਂ ਦੇ ਨਾਲ ਇਲਾਕੇ ਦੀਆਂ ਸੰਗਤਾਂ, ਬਾਜਵਾ ਪਰਿਵਾਰ ਦੇ ਕਰੀਬੀ ਦੋਸਤਾਂ, ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖਸੀਅਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਸ. ਕਿਸਨ ਸਿੰਘ ਜੀ ਨੂੰ ਆਪਣੇ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ।

ਬਾਜਵਾ ਪਰਿਵਾਰ ਵੱਲੋਂ ਰੱਖੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ, ਜਿਸ ਤੋਂ ਬਾਅਦ ਕੀਰਤਨੀ ਜੱਥਿਆਂ ਨੇ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਅਰਦਾਸ ਉਪਰੰਤ ਗੁਰੂ ਕਾ ਲੰਗਰ ਸੰਗਤ ਨੂੰ ਅਟੁੱਟ ਵਰਤਾਇਆ ਗਿਆ, ਜਿਸ ਵਿੱਚ ਸਾਰੇ ਹਾਜ਼ਰੀਨਾਂ ਨੇ ਭਾਗ ਲਿਆਂਦਾ।

ਇਸ ਸਮਾਗਮ ਵਿੱਚ ਜਲੰਧਰ ਦੇ ਮੇਅਰ ਵੀਨੀਤ ਧੀਰ, ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ, ਸਾਬਕਾ ਐਮ.ਐਲ.ਏ ਸਰਬਜੀਤ ਸਿੰਘ ਮੱਕੜ, ਇਲਾਕਾ ਕੌਂਸਲਰ ਅਤੇ ਅਮਰੀਕਾ ਤੋਂ ਬਲਵਿੰਦਰ ਸਿੰਘ ਬਾਜਵਾ ਦੇ ਦੋਸਤ ਵਿਸ਼ੇਸ਼ ਤੌਰ &lsquoਤੇ ਸ਼ਾਮਿਲ ਹੋਏ। ਮੇਅਰ ਵੀਨੀਤ ਧੀਰ ਨੇ ਸ. ਕਿਸਨ ਸਿੰਘ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇਲਾਕੇ ਦੀ ਭਲਾਈ ਲਈ ਹਮੇਸ਼ਾ ਤਤਪਰ ਰਹਿੰਦੇ ਸਨ ਅਤੇ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਆਪਣੇ ਪਿੰਡ ਦੀ ਹਰ ਸਮੱਸਿਆ ਨੂੰ ਹੱਲ ਕਰਨ ਲਈ ਆਪਣਾ ਕੀਮਤੀ ਯੋਗਦਾਨ ਦਿੰਦੇ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਸ. ਕਿਸਨ ਸਿੰਘ ਜੀ ਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ, ਜਿਸ ਕਾਰਨ ਬਾਜਵਾ ਪਰਿਵਾਰ ਦਾ ਨਾਮ ਅੱਜ ਦੁਨੀਆ ਭਰ ਵਿੱਚ ਸਤਿਕਾਰ ਨਾਲ ਲਿਆ ਜਾਂਦਾ ਹੈ।

ਅੰਤ ਵਿੱਚ, ਸ. ਬਲਵਿੰਦਰ ਸਿੰਘ ਬਾਜਵਾ ਨੇ ਸਮਾਗਮ ਵਿੱਚ ਪਹੁੰਚਣ ਵਾਲੀ ਸੰਗਤ, ਸਿਆਸੀ ਤੇ ਸਮਾਜਿਕ ਸ਼ਖਸੀਅਤਾਂ ਅਤੇ ਦੋਸਤਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਪਿਤਾ ਜੀ ਦੀ ਯਾਦ ਵਿੱਚ ਕੀਤੇ ਸੇਵਾ&ndashਸਮਰਪਣ ਨੂੰ ਸਾਰਿਆਂ ਨਾਲ ਸਾਂਝਾ ਕੀਤਾ।