ਸੀਸ ਦੀਆ ਪਰ ਸਿਰਰੁ ਨ ਦੀਆ ਸਾਈਕਲ ਯਾਤਰਾ ਗੁਰਦੁਆਰਾ ਗੁਰੂ ਕੇ ਮਹਿਲ, ਅੰਮ੍ਰਿਤਸਰ ਲਈ ਦਿੱਲੀ ਤੋਂ ਹੋਈ ਰਵਾਨਾ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਅੱਜ &ldquoਸੀਸ ਦੀਆ ਪਰ ਸਿਰਰੁ ਨ ਦੀਆ&rdquo ਸਾਈਕਲ ਯਾਤਰਾ ਦੀ ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਸ਼ੁਰੂਆਤ ਹੋਈ। ਗੁਰਦੁਆਰਾ ਸੀਸਗੰਜ ਸਾਹਿਬ ਵਿਖੇ 1675 ਈਸਵੀ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅੰਨਿਨ ਸ਼੍ਰਧਾਲੂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਉਸ ਵੇਲੇ ਦੇ ਮੁਗਲ ਹੁਕਮਰਾਨ ਔਰੰਗਜ਼ੇਬ ਦੇ ਹੁਕਮ ਉਤੇ ਧਾਰਮਿਕ ਅਜ਼ਾਦੀ ਦੀ ਰੱਖਿਆ ਕਰਨ ਦੇ ਜੁਰਮ ਤਹਿਤ ਸ਼ਹੀਦ ਕੀਤਾ ਗਿਆ ਸੀ। ਇਹ ਸਾਈਕਲ ਯਾਤਰਾ ਦੀ ਸਮਾਪਤੀ 20 ਨਵੰਬਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ, ਅੰਮ੍ਰਿਤਸਰ ਵਿਖੇ ਹੋਵੇਗੀ। ਇਸ ਵਿਲੱਖਣ ਤੇ ਇਤਿਹਾਸਕ ਸਾਈਕਲ ਯਾਤਰਾ ਦਾ ਆਯੋਜਨ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਵੱਲੋਂ ਕੀਤਾ ਗਿਆ ਹੈ। ਇਸ ਯਾਤਰਾ ਦਾ ਮੁੱਢਲਾ ਉਦੇਸ਼ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ, ਦਇਆ, ਨਿਡਰਤਾ ਅਤੇ ਨਿਰਭੈਤਾ ਦੀ ਵਿਰਾਸਤ ਦਾ ਪ੍ਰਚਾਰ ਕਰਨਾ ਹੈ। ਨਾਲ ਹੀ ਅਜੋਕੇ ਸਮੇਂ ਵਿਚ ਸਿੱਖਾਂ ਅੱਗੇ ਧਾਰਮਿਕ ਪਛਾਣ, ਧਰਮ ਪਰਿਵਰਤਨ, ਧਾਰਮਿਕ ਲਿਬਾਸ, ਨਸ਼ਿਆਂ ਅਤੇ ਨਸਲੀ ਸਫ਼ਾਈ ਦੇ ਖੜ੍ਹੇ ਖਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਸਰੀਰਕ ਕਸਰਤ, ਸਿਹਤ ਸੰਭਾਲ ਅਤੇ ਵਾਤਾਵਰਨ ਸੰਭਾਲ ਪ੍ਰਤੀ ਸਮਾਜ 'ਚ ਜਾਗਰੂਕਤਾ ਪੈਦਾ ਕਰਨਾ ਹੈ। ਇਸ ਮੌਕੇ 500 ਕਿਲੋਮੀਟਰ ਦੀ ਯਾਤਰਾ ਦੇ ਸਾਈਕਲ ਸਵਾਰਾਂ ਦਾ ਹੌਸਲਾ ਵਧਾਉਣ ਅਤੇ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਉਚੇਚੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ, ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਕਸ਼ਮੀਰੀ ਪੰਡਿਤਾਂ ਦੀ ਜਥੇਬੰਦੀਆਂ ਸਣੇ ਦਿੱਲੀ ਕਮੇਟੀ ਦੇ ਕਈ ਮੈਂਬਰ ਸਾਹਿਬਾਨ ਪੁੱਜੇ ਸਨ। ਇਸ ਯਾਤਰਾ ਦੇ ਮੁੱਖ ਉਦੇਸ਼ ਦੀ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੂਜਿਆਂ ਦਾ ਧਰਮ ਬਚਾਇਆ ਸੀ।