ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਵਿਖੇ ਕਰਵਾਇਆ ਗਿਆ ਗੁਰਮਿਤ ਸਮਾਗਮ

ਰੋਮ ਇਟਲੀ  (ਗੁਰਸ਼ਰਨ ਸਿੰਘ ਸੋਨੀ) ਮਹਾਨ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀਓ ਜਿਹਨਾਂ ਦਾ 15ਵੀਂ ਸਦੀ ਵਿੱਚ ਅਗਮਨ ਹੋਇਆ ਤੇ ਉਹਨਾਂ ਨੇ ਸਮਾਜ ਵਿੱਚੋਂ ਭਰਮਵਾਦ,ਪਾਖੰਡਵਾਦ,ਆਡੰਬਰਵਾਦ,ਭਿੰਨ-ਭੇਦ ਤੇ ਮਨੂੰਵਾਦ ਨੂੰ ਖਤਮ ਕਰਨ ਲਈ ਵੱਖ-ਵੱਖ ਦਿਸ਼ਾਵਾਂ ਵਿੱਚ 4 ਉਦਾਸੀਆਂ ਕੀਤੀਆਂ ਤੇ ਸਮੁੱਚੀ ਕਾਇਨਾਤ ਨੂੰ ਅਕਾਲ ਪੁਰਖ ਇੱਕ ਦਾ ਉਪਦੇਸ਼ ਦਿੱਤਾ।ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556 ਪ੍ਰਕਾਸ਼ ਪੁਰਬ ਸਬੰਧੀ ਦੁਨੀਆਂ ਦੇ ਹਰ ਉਸ ਕੋਨੇ ਸਮਾਗਮ ਤੇ ਨਗਰ ਕੀਰਤਨ ਸਜ ਰਹੇ ਜਿੱਥੇ ਸਿੱਖ ਸੰਗਤਾਂ ਰਹਿਣ ਬਸੇਰਾ ਕਰਦਿਆਂ ਹਨ।ਇਟਲੀ ਵਿੱਚ ਵੀ ਅਨੇਕਾਂ ਨਗਰ ਕੀਰਤਨ,ਗੁਰਮਤਿ ਸਮਾਗਮ ਤੇ ਅੰਮ੍ਰਿਤ ਸੰਚਾਰ ਸਮਾਰੋਹ ਹੋ ਰਹੇ ਹਨ ।ਜਿਹਨਾਂ ਵਿੱਚ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀਓ ਦੇ ਮਿਸ਼ਨ ਪ੍ਰਤੀ ਜਾਣੂ ਕਰਵਾਇਆ ਜਾ ਰਿਹਾ ਹੈ।ਲਾਸੀਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ(ਲਾਤੀਨਾ)ਵਿਖੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀਓ ਦੇ 556ਵੇਂ ਪ੍ਰਕਾਸ਼ ਪੁਰਬ ਸਮਰਪਿਤ ਵਿਸੇ਼ਸ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ,ਸਤਿਕਾਰ,ਸਦਭਾਵਨਾ ਤੇ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ ਜਿਸ ਵਿੱਚ ਸਜੇ ਧਾਰਮਿਕ ਦੀਵਾਨਾਂ ਤੋਂ ਭਾਈ ਮਨਜੀਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ,ਭਾਈ ਅਮਰੀਕ ਸਿੰਘ ਤੇ ਕਈ ਹੋਰ ਸੇਵਾਦਾਰਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀਓ ਵੱਲੋਂ ਉਚਾਰੀ ਧੁਰ ਕੀ ਇਲਾਹੀ ਬਾਣੀ ਦਾ ਰਸਭਿੰਨਾ ਕੀਤਰਨ ਕਰਦਿਆਂ ਹਾਜ਼ਰੀਨ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀਓ ਦੇ ਜੀਵਨ ਉਪਦੇਸ਼ ਤੋਂ ਜਾਣੂ ਕਰਵਾਇਆ।ਰਾਮ ਆਸਰਾ ਪ੍ਰਧਾਨ ਤੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੇ ਦੱਸੇ ਮਾਰਗ ਅਨੁਸਾਰ ਆਪਣਾ ਜੀਵਨ ਸੁਹੇਲਾ ਕਰਨਾ ਚਾਹੀਦਾ ਹੈ ਉਹਨਾਂ ਦੀਆਂ ਮਨੁੱਖਤਾ ਦੇ ਭਲੇ ਲਈ ਕੀਤੀਆਂ ਘਾਲਨਾਵਾਂ ਰਹਿੰਦੀ ਦੁਨੀਆਂ ਤੱਕ ਸੰਗਤ ਲਈ ਮਾਰਗ ਦਰਸ਼ਨ ਰਹਿਣਗੀਆ।ਇਸ ਮੌਕੇ ਸੰਗਤਾਂ ਦੂਰ-ਦੂਰਾਡਿਓ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਨਤਮਸਤਕ ਹੋਇਆ।ਗੁਰਦੁਆਰਾ ਪ੍ਰਬੰਧਕ ਨੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਜਲੇਬ ਤੇ ਹੋਰ ਗੁਰੂ ਦੇ ਅਟੁੱਟ ਲੰਗਰ ਵਰਤਾਏ।