ਫਿਨਲੈਂਡ ਲਈ ਅਧਿਆਪਕਾਂ ਦਾ ਤੀਜਾ ਬੈਚ ਰਵਾਨਾ

ਪੰਜਾਬ ਸਰਕਾਰ ਵੱਲੋਂ ਅੱਜ ਸਰਕਾਰੀ ਅਧਿਆਪਕਾਂ ਦਾ ਤੀਜਾ ਬੈਚ ਫਿਨਲੈਂਡ ਲਈ ਰਵਾਨਾ ਕੀਤਾ ਗਿਆ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੋਂ ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਅਧਿਆਪਕਾਂ ਦੇ ਬੈਚ ਨੂੰ ਹਰੀ ਝੰਡੀ ਦਿਖਾਈ। ਇਨ੍ਹਾਂ ਅਧਿਆਪਕਾਂ ਨੂੰ ਦੋ ਹਫ਼ਤੇ ਫਿਨਲੈਂਡ ਵਿੱਚ ਸਿਖਲਾਈ ਮਿਲੇਗੀ ਅਤੇ ਇਹ ਬੈਚ 29 ਨਵੰਬਰ ਨੂੰ ਵਿਦੇਸ਼ ਤੋਂ ਵਾਪਸ ਪਰਤੇਗਾ। ਇਸੇ ਦੌਰਾਨ ਆਈ ਆਈ ਐੱਮ ਅਹਿਮਦਾਬਾਦ ਵਿਚ ਸਿਖਲਾਈ ਲੈਣ ਉਪਰੰਤ ਮੁੱਖ ਅਧਿਆਪਕਾਂ ਦਾ ਇੱਕ ਬੈਚ ਅੱਜ ਪੰਜਾਬ ਵਾਪਸ ਵੀ ਪਰਤ ਰਿਹਾ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕਾਂ ਦੀ ਵਿਦੇਸ਼ ਸਿਖਲਾਈ ਲਈ ਮੈਰਿਟ ਦੇ ਆਧਾਰ &rsquoਤੇ ਚੋਣ ਕੀਤੀ ਗਈ ਹੈ ਅਤੇ ਹੁਣ ਤੱਕ 500 ਅਧਿਆਪਕ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। ਬੈਂਸ ਨੇ ਦੱਸਿਆ ਕਿ ਅਗਲੇ ਪੜਾਅ &rsquoਤੇ ਪ੍ਰਿੰਸੀਪਲਾਂ ਦਾ ਇੱਕ ਹੋਰ ਬੈਚ ਵਿਦੇਸ਼ ਸਿਖਲਾਈ ਲਈ ਭੇਜਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਵਿਦੇਸ਼ ਵਿਚੋਂ ਸਿਖਲਾਈ ਦਾ ਨਤੀਜਾ ਹੈ ਕਿ ਸਰਕਾਰੀ ਸਕੂਲਾਂ ਦੇ ਨਤੀਜੇ ਅੱਵਲ ਆਉਣ ਲੱਗੇ ਹਨ।