ਸਾਊਦੀ ਅਰਬ ਵਿੱਚ 42 ਭਾਰਤੀਆਂ ਦੀ ਮੌਤ, ਡੀਜ਼ਲ ਟੈਂਕਰ ਨਾਲ ਟਕਰਾਈ ਬੱਸ

ਸਾਊਦੀ ਅਰਬ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ 42 ਭਾਰਤੀਆਂ ਦੀ ਮੌਤ ਹੋ ਗਈ ਜਦੋਂ ਮੱਕਾ ਤੋਂ ਮਦੀਨਾ ਜਾ ਰਹੀ ਬੱਸ ਇੱਕ ਡੀਜ਼ਲ ਟੈਂਕਰ ਨਾਲ ਟਕਰਾ ਗਈ ਅਤੇ ਅੱਗ ਲੱਗ ਗਈ। ਮ੍ਰਿਤਕਾਂ ਵਿੱਚ 20 ਔਰਤਾਂ ਅਤੇ 11 ਬੱਚੇ ਸ਼ਾਮਲ ਹਨ। ਰਿਪੋਰਟਾਂ ਅਨੁਸਾਰ, ਹਾਦਸੇ ਵਿੱਚ ਸਿਰਫ਼ ਬੱਸ ਡਰਾਈਵਰ ਹੀ ਬਚਿਆ।

ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਹੈਦਰਾਬਾਦ ਦੇ ਦੱਸੇ ਜਾ ਰਹੇ ਹਨ। ਇਹ ਹਾਦਸਾ ਮਦੀਨਾ ਤੋਂ ਲਗਭਗ 160 ਕਿਲੋਮੀਟਰ ਦੂਰ ਮੁਹਰਸ ਦੇ ਨੇੜੇ ਭਾਰਤੀ ਸਮੇਂ ਅਨੁਸਾਰ ਲਗਭਗ 1:30 ਵਜੇ ਵਾਪਰਿਆ। ਉਸ ਸਮੇਂ ਬਹੁਤ ਸਾਰੇ ਯਾਤਰੀ ਸੁੱਤੇ ਪਏ ਸਨ ਅਤੇ ਉਨ੍ਹਾਂ ਨੂੰ ਬਚਣ ਦਾ ਕੋਈ ਮੌਕਾ ਨਹੀਂ ਮਿਲਿਆ। ਤੇਲੰਗਾਨਾ ਸਰਕਾਰ ਨੇ ਕਿਹਾ ਹੈ ਕਿ ਉਹ ਰਿਆਧ ਵਿੱਚ ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਹੈ।

ਸੂਬਾ ਸਰਕਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਦਿੱਲੀ ਵਿੱਚ ਮੌਜੂਦ ਅਧਿਕਾਰੀਆਂ ਨੂੰ ਦੂਤਾਵਾਸ ਨਾਲ ਨੇੜਿਓਂ ਤਾਲਮੇਲ ਕਰਨ ਅਤੇ ਪੀੜਤਾਂ ਦੀ ਪਛਾਣ ਅਤੇ ਹੋਰ ਰਸਮੀ ਕਾਰਵਾਈਆਂ ਵਿੱਚ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚੋਂ ਬਾਰਾਂ ਭਾਰਤੀ ਪੀੜਤਾਂ ਦੀ ਪਛਾਣ ਹੋ ਗਈ ਹੈ। ਉਨ੍ਹਾਂ ਵਿੱਚ ਅਬਦੁਲ ਮੁਹੰਮਦ, ਮੁਹੰਮਦ ਮੌਲਾਨਾ, ਸੋਹੇਲ ਮੁਹੰਮਦ, ਮਸਤਾਨ ਮੁਹੰਮਦ, ਪਰਵੀਨ ਬੇਗਮ, ਜ਼ਕੀਆ ਬੇਗਮ, ਸ਼ੌਕਤ ਬੇਗਮ, ਫਰਹੀਨ ਬੇਗਮ, ਜ਼ਹੀਨ ਬੇਗਮ, ਮੁਹੰਮਦ ਮੰਜ਼ੂਰ, ਮੁਹੰਮਦ ਅਲੀ, ਗੌਸੀਆ ਬੇਗਮ ਸ਼ਾਮਲ ਹਨ। ਜੇਦਾਹ ਵਿੱਚ ਭਾਰਤੀ ਦੂਤਾਵਾਸ ਨੇ ਇੱਕ ਹੈਲਪਲਾਈਨ ਜਾਰੀ ਕੀਤੀ ਹੈ।