ਪਾਕਿਸਤਾਨ ਅਦਾਲਤ ਵੱਲੋਂ ਪੁਲੀਸ ਨੂੰ ਭਾਰਤੀ ਸਿੱਖ ਔਰਤ ਨੂੰ ਪ੍ਰੇਸ਼ਾਨ ਨਾ ਕਰਨ ਦੇ ਹੁਕਮ

ਪਾਕਿਸਤਾਨ ਦੀ ਹਾਈ ਕੋਰਟ ਨੇ ਅੱਜ ਪੁਲੀਸ ਨੂੰ ਹੁਕਮ ਦਿੱਤਾ ਕਿ ਉਹ ਇੱਕ ਭਾਰਤੀ ਸਿੱਖ ਔਰਤ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ। ਇਸ ਔਰਤ ਨੇ ਇਸਲਾਮ ਧਰਮ ਅਪਣਾ ਕੇ ਇੱਥੋਂ ਦੇ ਇਕ ਸਥਾਨਕ ਮੁਸਲਿਮ ਵਿਅਕਤੀ ਨਾਲ ਨਿਕਾਹ ਕਰਵਾ ਲਿਆ ਸੀ। ਇਹ ਔਰਤ ਇਸ ਮੁਸਲਿਮ ਵਿਅਕਤੀ ਨੂੰ ਸੋਸ਼ਲ ਮੀਡੀਆ ਜ਼ਰੀਏ ਮਿਲੀ ਸੀ।
ਦੱਸਣਾ ਬਣਦਾ ਹੈ ਕਿ 48 ਸਾਲਾ ਸਰਬਜੀਤ ਕੌਰ ਉਨ੍ਹਾਂ 2,000 ਸਿੱਖ ਸ਼ਰਧਾਲੂਆਂ ਵਿੱਚੋਂ ਇੱਕ ਸੀ ਜੋ ਇਸ ਮਹੀਨੇ ਦੇ ਸ਼ੁਰੂ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨਾਲ ਸਬੰਧਤ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਭਾਰਤ ਤੋਂ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਆਏ ਸਨ। ਇਹ ਸ਼ਰਧਾਲੂ 13 ਨਵੰਬਰ ਨੂੰ ਪਰਤ ਆਏ ਸਨ ਪਰ ਸਰਬਜੀਤ ਕੌਰ ਲਾਪਤਾ ਹੋ ਗਈ ਸੀ।