ਪੰਜਾਬ ਵਿੱਚ ਕਟੜਵਾਦੀ ਹਿੰਦੂ ਆਗੂ ਦੇ ਨਿਸ਼ਾਨੇ 'ਤੇ ਕਿਉਂ?

ਕੋਣ ਹੈ ਜ਼ਿੰਮੇਵਾਰ, ਸੁਰਖਿਆ ਏਜੰਸੀਆਂ ਖਾਲਿਸਤਾਨੀ- ਗੈਂਗਸਟਰ ਨੈਕਸਸ ਦੀ ਭੂਮਿਕਾ ਕਿਉਂ ਮੰਨ ਰਹੀਆਂ ਨੇ
*ਸਰਕਾਰ ਡਰੱਗ ਮਾਫੀਆ ਬਾਰੇ ਲਾਪਰਵਾਹ ਕਿਉਂ ?
ਕਰਾਈਮ ਰਿਪੋਟ
ਪੰਜਾਬ ਦੇ ਸ਼ਾਂਤੀਪੂਰਨ ਮਾਹੌਲ ਵਿੱਚ ਅੱਜਕੱਲ੍ਹ ਇੱਕ ਨਵਾਂ ਖਤਰਾ ਮੰਡਰਾ ਰਿਹਾ ਹੈ। ਕੱਟੜਵਾਦੀ ਹਿੰਦੂ ਸੰਗਠਨਾਂ ਨਾਲ ਜੁੜੇ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾ ਰਹੀਆਂ ਹੱਤਿਆਵਾਂ ਨੇ ਨਾ ਸਿਰਫ਼ ਫਿਰਕੂ ਤਣਾਅ ਨੂੰ ਵਧਾਇਆ ਹੈ, ਸਗੋਂ ਪੂਰੇ ਸੂਬੇ ਦੀ ਸੁਰੱਖਿਆ ਵਿਵਸਥਾ 'ਤੇ ਵੀ ਸਵਾਲ ਉਠਾ ਦਿੱਤੇ ਹਨ। ਬੀਤੇ ਦਿਨੀਂ ਫਿਰੋਜ਼ਪੁਰ ਵਿੱਚ ਆਰਐੱਸਐੱਸ ਦੇ ਸੀਨੀਅਰ ਆਗੂ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੇ ਪੰਜਾਬ ਵਿੱਚ ਹਿੰਦੂ ਆਗੂਆਂ 'ਤੇ ਹੋ ਰਹੇ ਯੋਜਨਾਬੱਧ ਹਮਲਿਆਂ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਇੱਕ ਨਵੇਂ ਬਣੇ ਸਮੂਹ 'ਸ਼ੇਰ-ਏ-ਪੰਜਾਬ ਬ੍ਰਿਗੇਡ' ਨੇ ਸੋਸ਼ਲ ਮੀਡੀਆ 'ਤੇ ਖੁੱਲ੍ਹੇ ਆਮ ਤੌਰ 'ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ ਹੈ ਅਤੇ ਇਸ ਨੂੰ 'ਖਾਲਿਸਤਾਨ ਦੀ ਆਜ਼ਾਦੀ ਦੀ ਜੰਗ' ਦਾ ਹਿੱਸਾ ਦੱਸਿਆ ਹੈ। ਪਰ ਸਵਾਲ ਇਹ ਹੈ ਕਿ ਪੰਜਾਬ ਵਿੱਚ ਅਜਿਹੇ ਕਤਲਾਂ ਦਾ ਸਿਲਸਿਲਾ ਕਿਉਂ ਜਾਰੀ ਹੈ? ਜ਼ਿਆਦਾਤਰ ਮਾਮਲਿਆਂ ਵਿੱਚ ਖਾਲਿਸਤਾਨੀ ਗੈਂਗਸਟਰ ਗੱਠਜੋੜ ਕਿਉਂ ਸਾਹਮਣੇ ਆਉਂਦਾ ਹੈ? ਕੋਣ ਹੈ ਇਨ੍ਹਾਂ ਕਤਲਾਂ ਦਾ ਅਸਲੀ ਮਾਸਟਰਮਾਈਂਡ? ਅਤੇ ਕੀ ਡਰੱਗ ਮਾਫੀਆ ਦੇ ਵਧਦੇ ਪ੍ਰਭਾਵ ਕਾਰਨ ਗੈਂਗਸਟਰਾਂ ਦੀ ਹਿੰਮਤ ਵਧ ਰਹੀ ਹੈ, ਸਰਕਾਰ ਇਸ 'ਤੇ ਸਖਤੀ ਕਿਉਂ ਨਹੀਂ ਕਰ ਰਹੀ?
ਨਵੀਨ ਅਰੋੜਾ ਦੇ ਕਤਲ ਨੇ ਫਿਰੋਜ਼ਪੁਰ ਨੂੰ ਹਲਕੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਬਲਦੇਵ ਰਾਜ ਅਰੋੜਾ, ਜੋ ਆਰਐੱਸਐੱਸ ਦੇ ਪ੍ਰਮੁਖ ਆਗੂ ਹਨ, ਨੇ ਦੱਸਿਆ ਕਿ ਉਹ ਆਪਣੀ ਦੁਕਾਨ 'ਤੇ ਬੈਠੇ ਸਨ ਜਦੋਂ ਨਵੀਨ ਆਪਣੇ ਬੱਚਿਆਂ ਨੂੰ ਪਾਰਕ ਲੈ ਜਾਣ ਲਈ ਨਿਕਲਿਆ। ਸਿਰਫ਼ 15 ਮਿੰਟ ਬਾਅਦ ਖ਼ਬਰ ਆ ਗਈ ਕਿ ਰਸਤੇ ਵਿੱਚ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ। ਪੁਲਿਸ ਅਨੁਸਾਰ, ਬਾਬਾ ਨੂਰ ਸ਼ਾਹ ਵਾਲੀ ਦਰਗਾਹ ਨੇੜੇ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਨਵੀਨ 'ਤੇ ਗੋਲੀਆਂ ਚਲਾਈਆਂ, ਜਿਸ ਨਾਲ ਉਹ ਘਾਇਲ ਹੋ ਗਿਆ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਇਹ ਹਮਲਾ ਬਿਲਕੁਲ ਟਾਰਗੇਟ ਕਿਲਿੰਗ ਵਰਗਾ ਲੱਗ ਰਿਹਾ ਹੈ, ਜਿੱਥੇ ਰੇਕੀ ਤੋਂ ਬਾਅਦ ਗੋਲੀਬਾਰੀ ਕੀਤੀ ਗਈ ਅਤੇ ਹਮਲਾਵਰ ਭੱਜ ਗਏ। ਸ਼ੇਰ-ਏ-ਪੰਜਾਬ ਬ੍ਰਿਗੇਡ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਨਵੀਨ ਨੂੰ ਆਰਐੱਸਐੱਸ ਨਾਲ ਜੁੜੇ ਹੋਣ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ, ਉਸ ਨੂੰ 'ਹਿੰਦੂ ਸਰਕਾਰ ਦਾ ਪਿਆਦਾ' ਅਤੇ ਅਰੋੜਾ ਪਰਿਵਾਰ ਨੂੰ 'ਪੰਜਾਬ ਵਿਰੋਧੀ ਅਤੇ ਸਿੱਖ ਵਿਰੋਧੀ' ਦੱਸਿਆ। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਆਰਐੱਸਐੱਸ, ਸ਼ਿਵ ਸੈਨਾ, ਪੁਲਿਸ ਅਤੇ ਫੌਜੀ ਕਰਮਚਾਰੀਆਂ ਵਰਗੇ 'ਦਿੱਲੀ ਦੇ ਏਜੰਟਾਂ' 'ਤੇ ਹਮਲੇ ਜਾਰੀ ਰੱਖਣਗੇ, ਜਦੋਂ ਤੱਕ ਖਾਲਿਸਤਾਨ ਨਹੀਂ ਬਣ ਜਾਂਦਾ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੰਜਾਬ ਵਿੱਚ ਹਿੰਦੂ ਆਗੂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪਿਛਲੇ 10 ਸਾਲਾਂ ਵਿੱਚ ਸੱਤ ਤੋਂ ਵੱਧ ਅਜਿਹੇ ਕਤਲ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਆਰਐੱਸਐੱਸ, ਸ਼ਿਵ ਸੈਨਾ ਅਤੇ ਹੋਰ ਹਿੰਦੂ ਸੰਗਠਨਾਂ ਦੇ ਆਗੂ ਸ਼ਾਮਲ ਹਨ। ਇਹਨਾਂ ਘਟਨਾਵਾਂ ਦਾ ਪੈਟਰਨ ਇੱਕੋ ਜਿਹਾ ਹੈ &ndash ਰੇਕੀ, ਗੋਲੀਬਾਰੀ ਅਤੇ ਹਮਲਾਵਰਾਂ ਦਾ ਬਚ ਜਾਣਾ। 2016 ਵਿੱਚ ਜਲੰਧਰ ਵਿੱਚ ਆਰਐੱਸਐੱਸ ਨੇਤਾ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦਾ ਕਤਲ ਹੋਇਆ, ਜਿਸ ਦੀ ਐਨਆਈਏ ਜਾਂਚ ਅਜੇ ਵੀ ਜਾਰੀ ਹੈ ਅਤੇ ਮਾਸਟਰਮਾਈਂਡ ਵਿਦੇਸ਼ ਵਿੱਚ ਲੁਕਿਆ ਹੋਇਆ ਹੈ। ਉਸੇ ਸਾਲ ਲੁਧਿਆਣਾ ਦੇ ਖੰਨਾ ਵਿੱਚ ਸ਼ਿਵ ਸੈਨਾ ਆਗੂ ਦੁਰਗਾ ਪ੍ਰਸਾਦ ਗੁਪਤਾ ਨੂੰ ਮਾਰ ਦਿੱਤਾ ਗਿਆ ਸੀ। 2017 ਵਿੱਚ ਲੁਧਿਆਣਾ ਵਿੱਚ ਹਿੰਦੂ ਤਖ਼ਤ ਦੇ ਅਮਿਤ ਸ਼ਰਮਾ ਅਤੇ ਆਰਐੱਸਐੱਸ ਨੇਤਾ ਰਵਿੰਦਰ ਗੋਸਾਈ ਦੇ ਕਤਲ ਹੋਏ ਸਨ, ਜਿਨ੍ਹਾਂ ਵਿੱਚ ਖਾਲਿਸਤਾਨੀ ਮਾਡਿਊਲ ਅਤੇ ਵਿਦੇਸ਼ੀ ਸਬੰਧ ਸਾਹਮਣੇ ਆਏ। ਅੰਮ੍ਰਿਤਸਰ ਵਿੱਚ ਹਿੰਦੂ ਸੰਘਰਸ਼ ਸੈਨਾ ਦੇ ਵਿਪਿਨ ਸ਼ਰਮਾ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।