ਸ਼ਹੀਦੀ ਸ਼ਤਾਬਦੀ ਦੇ ਨਾਂਅ ਤੇ ਪੰਜਾਬ ਸਰਕਾਰ ਵਲੋਂ ਮਰਿਯਾਦਾ ਨਾਲ ਖਿਲਵਾੜ ਤੇ ਜਥੇਦਾਰ ਦਾ ਪੰਥਕ ਸਟੈਂਡ

ਅਕਾਲ ਤਖ਼ਤ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੀਵਨ ਸਿੰਘ ਜੀ (ਰੰਘਰੇਟਾ ਸਾਹਿਬਜ਼ਾਦੇ ਭਾਈ ਜੈਤਾ ਜੀ) ਦੀ ਯਾਦਗਾਰ ਵਿੱਚ ਲਗਾਈਆਂ ਗਈਆਂ ਤਸਵੀਰਾਂ ਤੇ ਸਖ਼ਤ ਇਤਰਾਜ਼ ਜਤਾਇਆ ਹੈ| ਇਹ ਤਸਵੀਰਾਂ ਖਾਲਸੇ ਦੇ ਜਨਮ ਦਿਹਾੜੇ ਦੀਆਂ ਘਟਨਾਵਾਂ ਨੂੰ ਦਰਸਾਉਂਦੀਆਂ ਹਨ, ਪਰ ਇਨ੍ਹਾਂ ਵਿੱਚ ਸਿੱਖ ਮਰਯਾਦਾ ਦੀ ਏਨੀ ਬੇਅਦਬੀ ਕੀਤੀ ਗਈ ਹੈ ਕਿ ਸਮੁੱਚੇ ਪੰਥ ਨੂੰ ਠੇਸ ਲੱਗੀ ਹੈ| ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੂੰ ਇੱਕ ਹਫ਼ਤੇ ਅੰਦਰ ਨਿੱਜੀ ਤੌਰ ਤੇ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਹੈ ਤੇ ਵਿਭਾਗ ਦੇ ਡਾਇਰੈਕਟਰ ਨੂੰ ਲਿਖਤੀ ਜਵਾਬ ਮੰਗਿਆ ਹੈ|
ਇੱਕ ਤਸਵੀਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜੋੜੇ ਪਾ ਕੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਂਦੇ ਦਿਖਾਇਆ ਗਿਆ ਹੈ| ਇਹ ਸਿੱਖ ਰਹਿਤ ਮਰਯਾਦਾ ਦੀ ਸਿੱਧੀ ਉਲੰਘਣਾ ਹੈ| ਅੰਮ੍ਰਿਤ ਸੰਚਾਰ ਸਮੇਂ ਗੁਰੂ ਸਾਹਿਬ ਜੋੜੇ ਦੇ, ਬਿਨਾਂ ਬੀਰ ਆਸਣ ਵਿੱਚ ਬੈਠੇ ਹਨ ਜੋ ਕਿ ਸਿੱਖ ਮਰਿਯਾਦਾ ਦੀ ਘੋਰ ਉਲੰਘਣਾ ਹੈ| ਖੰਡੇ-ਬਾਟੇ ਦੀ ਬਣਤਰ ਗਲਤ, ਨਿਸ਼ਾਨ ਸਾਹਿਬ ਦਾ ਰੰਗ-ਰੂਪ ਗਲਤ, ਦੋ ਪਾਲਕੀਆਂ ਦਾ ਭਾਵ ਅਸਪੱਸ਼ਟ - ਇੱਕੋ ਤਸਵੀਰ ਵਿੱਚ ਇੰਨੀਆਂ ਗਲਤੀਆਂ ਹਨ ਜੋ ਕਿ ਸਿੱਖ ਇਤਿਹਾਸ ਨਾਲ ਖਿਲਵਾੜ ਹੈ|
ਪੰਜਾਬ ਸਰਕਾਰ ਦਾ ਰਵਈਆ ਬੜਾ ਹੈਰਾਨੀਜਨਕ ਹੈ, ਉਹ ਵਾਰ ਸਿੱਖ ਮਰਿਆਦਾ ਦੀ ਉਲੰਘਣਾ ਕਰ ਰਹੀ ਹੈ| ਜਦੋਂ ਸਰਕਾਰੀ ਮਸ਼ੀਨਰੀ ਹੀ ਧਾਰਮਿਕ ਮਰਯਾਦਾ ਦੀ ਅਣਦੇਖੀ ਕਰੇ ਤਾਂ ਫਿਰ ਆਮ ਲੋਕਾਂ ਤੋਂ ਕੀ ਉਮੀਦ ਕੀਤੀ ਜਾਵੇ? ਕੀ ਸੈਰ-ਸਪਾਟਾ ਵਿਭਾਗ ਕੋਲ ਕੋਈ ਸਿੱਖ ਵਿਦਵਾਨਾਂ ਦੀ ਸਲਾਹ ਲੈਣ ਵਾਲੀ ਕਮੇਟੀ ਨਹੀਂ ਹੈ? ਇਹ ਸਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਮੰਤਰੀ ਤਰੁਣਪ੍ਰੀਤ ਸੌਂਦ ਤੱਕ ਸਾਰਿਆਂ ਨੂੰ ਪੁੱਛੇ ਜਾਣੇ ਚਾਹੀਦੇ ਹਨ| ਸਿੱਖ ਸੰਗਤ ਨੂੰ ਵੀ ਸੋਚਣ ਦੀ ਲੋੜ ਹੈ| ਜਦੋਂ ਤੱਕ ਅਸੀਂ ਆਪਣੀ ਵਿਰਾਸਤ ਦੀ ਰਾਖੀ ਲਈ ਇੱਕਠੇ ਨਹੀਂ ਹੋਵਾਂਗੇ, ਤਦ ਤੱਕ ਅਜਿਹੇ ਹਾਦਸੇ ਵਾਪਰਦੇ ਰਹਿਣਗੇ| ਅਕਾਲ ਤਖ਼ਤ ਸਾਹਿਬ ਨੇ ਸਮੇਂ ਸਿਰ ਸਖ਼ਤੀ ਵਿਖਾਈ ਹੈ| ਹੁਣ ਸੰਗਤ ਦਾ ਫ਼ਰਜ਼ ਹੈ ਕਿ ਇਸ ਮੁੱਦੇ ਬਾਰੇ ਸਰਕਾਰ ਨੂੰ ਜਵਾਬਦੇਹ ਬਣਾਏ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਗਲਤੀਆਂ ਨਾ ਹੋਣ| 
ਕੈਨੇਡਾ ਵਿੱਚ ਬਿਸ਼ਨੋਈ ਗੈਂਗ ਦਾ ਕਾਲਾ ਪਰਛਾਵਾਂ ਕਿਉਂ?
ਕੈਨੇਡਾ, ਜਿਸ ਨੂੰ ਦੁਨੀਆਂ ਸਭ ਤੋਂ ਸੁਰੱਖਿਅਤ ਅਤੇ ਸ਼ਾਂਤੀਪੂਰਨ ਮੁਲਕ ਮੰਨਦੀ ਸੀ, ਅੱਜ ਉਸੇ ਦੀ ਧਰਤੀ ਤੇ ਭਾਰਤੀ ਗੈਂਗਸਟਰਾਂ ਦਾ ਜਾਲ ਇੰਨਾ ਡੂੰਘਾ ਪੈਰ ਪਸਾਰ ਚੁੱਕਿਆ ਹੈ ਕਿ ਹੁਣ ਨਿਆਂ ਦੇ ਰਾਖੇ ਵਕੀਲ ਵੀ ਮੌਤ ਦੇ ਡਰ ਹੇਠ ਜੀਣ ਲੱਈ ਮਜਬੂਰ ਹਨ| ਬ੍ਰਿਟਿਸ਼ ਕੋਲੰਬੀਆ ਦੀ ਲਾਅ ਸੋਸਾਇਟੀ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਗੈਂਗਸਟਰ ਉਨ੍ਹਾਂ ਕੋਲੋਂ ਲੱਖਾਂ ਡਾਲਰ ਦੀ ਜਬਰੀ ਵਸੂਲੀ ਮੰਗ ਰਹੇ ਹਨ ਅਤੇ ਪੈਸੇ ਨਾ ਦੇਣ ਤੇ ਜਾਨੋਂ ਮਾਰਨ ਦੀਆਂ ਖੁੱਲ੍ਹੀਆਂ ਧਮਕੀਆਂ ਦੇ ਰਹੇ ਹਨ| ਇਨ੍ਹਾਂ ਧਮਕੀਆਂ ਪਿੱਛੇ ਸਭ ਤੋਂ ਵੱਡਾ ਨਾਂ ਆ ਰਿਹਾ ਹੈ - ਲਾਰੈਂਸ ਬਿਸ਼ਨੋਈ ਗੈਂਗ ਦਾ| ਇਹ ਗੈਂਗ, ਜਿਸ ਦੀਆਂ ਜੜ੍ਹਾਂ ਭਾਰਤ ਦੇ ਪੰਜਾਬ ਵਿੱਚ ਹਨ, ਕੈਨੇਡਾ ਵਿੱਚ ਆਪਣੇ ਪੈਰ ਇੰਨੇ ਮਜ਼ਬੂਤ ਕਰ ਚੁੱਕੀ ਹੈ ਕਿ ਇਹ ਨਾ ਸਿਰਫ਼ ਪੰਜਾਬੀ ਕਾਰੋਬਾਰੀਆਂ, ਨੌਜਵਾਨਾਂ ਤੇ ਪਰਿਵਾਰਾਂ ਨੂੰ ਲੁੱਟ ਰਿਹਾ ਹੈ|
ਇਸ ਬਾਰੇ ਕੈਨੇਡੀਅਨ ਪੁਲਿਸ ਅਤੇ ਸਰਕਾਰ ਦੀ ਚੁੱਪ ਸਭ ਤੋਂ ਜ਼ਿਆਦਾ ਦੁਖਦਾਈ ਹੈ| ਜਦੋਂ ਵੀ ਪੰਜਾਬੀ ਭਾਈਚਾਰੇ ਦਾ ਨੌਜਵਾਨ ਗੈਂਗਸਟਰਾਂ ਦੀ ਗੋਲੀ ਦਾ ਸ਼ਿਕਾਰ ਹੁੰਦਾ ਹੈ, ਪੁਲਿਸ ਕਹਿੰਦੀ ਹੈ ਟਾਰਗੈੱਟਡ ਸ਼ੂਟਿੰਗ| ਜਦੋਂ ਕਾਰੋਬਾਰੀਆਂ ਤੋਂ ਕਰੋੜਾਂ ਰੁਪਏ ਲੁੱਟੇ ਜਾਂਦੇ ਹਨ, ਤਾਂ ਐਕਸਟੌਰਸ਼ਨ ਕਹਿ ਕੇ ਫਾਈਲ ਬੰਦ| ਪਰ ਜਦੋਂ ਹੁਣ ਵਕੀਲਾਂ ਅਤੇ ਜੱਜਾਂ ਨੂੰ ਧਮਕੀਆਂ ਮਿਲਣ ਲੱਗ ਪਈਆਂ ਹਨ, ਤਾਂ ਵੀ ਪੁਲਿਸ ਦੇ ਹੱਥ ਬੱਝੇ ਹੋਏ ਹਨ| ਕੀ ਇਹ ਸਰਕਾਰ ਨੂੰ ਉਦੋਂ ਹੀ ਅਕਲ ਆਉਂਦੀ ਹੈ ਜਦੋਂ ਗੋਰੇ ਵਕੀਲਾਂ ਦੀ ਜਾਨ ਨੂੰ ਖ਼ਤਰਾ ਪੈਂਦਾ ਹੈ? ਕੀ ਪੰਜਾਬੀ ਖੂਨ ਸਸਤਾ ਹੈ? ਇਹ ਨਸਲਵਾਦੀ ਵਰਤਾਰਾ ਕਿਉਂ?
ਇਹ ਸਿਰਫ਼ ਜਬਰੀ ਵਸੂਲੀ ਨਹੀਂ, ਸਗੋਂ ਪੂਰੇ ਕੈਨੇਡੀਅਨ ਨਿਆਂ ਤੰਤਰ ਤੇ ਹਮਲਾ ਹੈ| ਜੇਕਰ ਵਕੀਲ ਡਰ ਕੇ ਕੇਸ ਨਾ ਲੜ ਸਕਣ, ਜੇਕਰ ਜੱਜ ਨੂੰ ਧੱਕੇ ਨਾਲ ਫੈਸਲੇ ਦੇਣੇ ਪੈਣ, ਤਾਂ ਫਿਰ ਇਹ ਮੁਲਕ ਕਾਨੂੰਨ ਦਾ ਰਾਜ ਕਿਵੇਂ ਰਹਿ ਸਕਦਾ ਹੈ? ਇਹ ਗੈਂਗਸਟਰ ਕੈਨੇਡਾ ਨੂੰ ਆਪਣੀ ਜਾਗੀਰ ਸਮਝਣ ਲੱਗ ਪਏ ਹਨ| ਅਤੇ ਸਾਡਾ ਦੁੱਖ ਇਹ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਗੈਂਗਸਟਰ ਉਹੀ ਨੇ ਜਿਨ੍ਹਾਂ ਨੂੰ ਲਿਬਰਲ ਸਰਕਾਰ ਨੇ ਖੁੱਲ੍ਹੇ ਦਰਵਾਜ਼ੇ ਦੀ ਨੀਤੀ ਨਾਲ ਕੈਨੇਡਾ ਵਿੱਚ ਦਾਖਲ ਹੋਣ ਦਿੱਤਾ| ਅੱਜ ਜੋ ਟਰੂਡੋ ਹਿਊਮਨ ਰਾਈਟਸ ਦਾ ਝੰਡਾ ਲੈ ਕੇ ਘੁੰਮਦਾ ਹੈ, ਉਸੇ ਦੀਆਂ ਨੀਤੀਆਂ ਕਾਰਨ ਸਾਡੇ ਪੰਜਾਬੀਆਂ ਦੀ ਜਾਨ ਖ਼ਤਰੇ ਵਿੱਚ ਹੈ| ਕੀ ਕੈਨੇਡਾ ਵਿੱਚ ਪੰਜਾਬੀ ਹੋਣਾ ਹੀ ਗੁਨਾਹ ਬਣ ਗਿਆ ਹੈ?
ਅਮਰੀਕਾ ਵਿਚ ਲੁਕੇ ਅਨਮੋਲ ਬਿਸ਼ਨੋਈ ਦੀ ਭਾਰਤ ਵਾਪਸੀ, ਅਪਰਾਧੀਆਂ ਲਈ ਇੱਕ ਵੱਡਾ ਝਟਕਾ
ਅਮਰੀਕਾ ਵੱਲੋਂ 200 ਭਾਰਤੀਆਂ ਨੂੰ ਵਾਪਸ ਭੇਜਣ ਵਾਲੀ ਇਹ ਕਾਰਵਾਈ ਨਾ ਸਿਰਫ਼ ਟਰੰਪ ਪ੍ਰਸ਼ਾਸਨ ਦੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦਾ ਨਤੀਜਾ ਹੈ, ਸਗੋਂ ਭਾਰਤੀ ਅਪਰਾਧੀ ਗਿਰੋਹਾਂ ਵਿਰੁੱਧ ਅੰਤਰਰਾਸ਼ਟਰੀ ਸਹਿਯੋਗ ਦੀ ਮਿਸਾਲ ਵੀ ਹੈ| 18 ਨਵੰਬਰ 2025 ਨੂੰ ਉਡਾਣ ਭਰੀ ਇਸ ਫਲਾਈਟ ਵਿੱਚ ਗੈਂਗਸਟਰ ਅਨਮੋਲ ਬਿਸ਼ਨੋਈ ਅਤੇ ਪੰਜਾਬ ਦੇ ਦੋ ਲੋੜੀਂਦੇ ਵਿਅਕਤੀਆਂ ਸਮੇਤ 197 ਗੈਰ-ਕਾਨੂੰਨੀ ਪ੍ਰਵਾਸੀ ਸ਼ਾਮਲ ਸਨ| ਇਹ ਲੋਕ ਦਿੱਲੀ ਦੇ ਆਈਜੀਆਈ ਏਅਰਪੋਰਟ ਤੇ ਸਵੇਰੇ 10 ਵਜੇ ਪਹੁੰਚੇ, ਜਿੱਥੇ ਐੱਨਆਈਏ ਅਤੇ ਪੁਲਿਸ ਨੇ ਅਨਮੋਲ ਨੂੰ ਗ੍ਰਿਫ਼ਤਾਰ ਕਰ ਲਿਆ| ਇਹ ਵਾਪਸੀ ਟਰੰਪ ਦੇ ਚੋਣ ਵਾਅਦੇ ਦਾ ਹਿੱਸਾ ਹੈ, ਜਿਸ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਟਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ| ਜਨਵਰੀ ਤੋਂ ਮਈ 2025 ਤੱਕ ਹੀ ਸੈਂਕੜੇ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਸੀ, ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਨੌਜਵਾਨ ਸਨ, ਜੋ ਡੰਕੀ ਰੂਟ-ਯਾਨੀ ਕੈਨੇਡਾ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਏ ਸਨ|
ਹੁਣ ਸਵਾਲ ਉੱਠਦਾ ਹੈ ਕਿ ਅਨਮੋਲ ਬਿਸ਼ਨੋਈ ਵਰਗੇ ਅਪਰਾਧੀ ਤੇ ਪਹਿਲਾਂ ਕਿਉਂ ਨਹੀਂ ਕਾਰਵਾਈ ਹੋਈ? ਲੌਰੈਂਸ ਬਿਸ਼ਨੋਈ ਗਿਰੋਹ ਦਾ ਇਹ ਮੁੱਖ ਮੈਂਬਰ ਅਪ੍ਰੈਲ 2022 ਵਿੱਚ ਨਕਲੀ ਪਾਸਪੋਰਟ ਨਾਲ ਭਾਰਤ ਤੋਂ ਭੱਜ ਗਿਆ ਸੀ, ਅਤੇ ਨਵੰਬਰ 2024 ਵਿੱਚ ਅਮਰੀਕਾ ਵਿੱਚ ਗ੍ਰਿਫ਼ਤਾਰ ਹੋਇਆ| ਉਹ ਬਾਬਾ ਸਿਦ©ਦੀ ਦੀ ਹੱਤਿਆ, ਸਲਮਾਨ ਖਾਨ ਖਿਲਾਫ਼ ਧਮਕੀਆਂ ਅਤੇ ਸਿੱਧੂ ਮੂਸੇਵਾਲਾ ਕੇਸ ਵਿੱਚ ਸ਼ਾਮਲ ਹੈ| ਪਰ ਵੱਡਾ ਸਵਾਲ ਕੈਨੇਡਾ ਵਿੱਚ ਸਿੱਖ ਕਤਲਾਂ ਨਾਲ ਜੁੜਿਆ ਹੈ| ਬਿਸ਼ਨੋਈ ਗਿਰੋਹ ਨੂੰ ਸਤੰਬਰ 2025 ਵਿੱਚ ਕੈਨੇਡਾ ਨੇ ਅੱਤਵਾਦੀ ਸੰਸਥਾ ਘੋਸ਼ਿਤ ਕੀਤਾ ਸੀ, ਕਿਉਂਕਿ ਇਹ ਗਿਰੋਹ ਹੱਤਿਆਵਾਂ, ਲੁੱਟ ਅਤੇ ਅੱਗਜਨੀ ਰਾਹੀਂ ਭਦਹਿਸ਼ਤ ਫੈਲਾਉਂਦਾ ਹੈ| ਖਾਸ ਕਰਕੇ ਭਾਈ ਹਰਦੀਪ ਸਿੰਘ ਨਿੱਝਰ ਵਰਗੇ ਸਿੱਖ ਨੇਤਾ ਨੂੰ ਟਾਰਗੇਟ ਕਰਨ ਵਾਲੇ ਅਪਰਾਧਾਂ ਵਿੱਚ ਇਸਦਾ ਹੱਥ ਹੈ| ਅਮਰੀਕਾ ਵਿੱਚ ਵੀ ਖਾਲਿਸਤਾਨੀ ਉਸਦੇ ਨਿਸ਼ਾਨੇ &rsquoਤੇ ਸਨ, ਪਰ ਅਨਮੋਲ ਨੇ ਰਾਜਨੀਤਕ ਅਸਾਈਲਮ ਦੀ ਅਰਜ਼ੀ ਦੇ ਕੇ ਡਿਪੋਰਟੇਸ਼ਨ ਰੋਕਣ ਦੀ ਕੋਸ਼ਿਸ਼ ਕੀਤੀ| ਪਰ ਅਸਫਲ ਰਿਹਾ |
ਭਾਰਤ-ਅਮਰੀਕਾ ਸਹਿਯੋਗ ਵਧਣ ਨਾਲ ਗੈਂਗਸਟਰਾਂ ਉਪਰ ਅਜਿਹੀਆਂ ਕਾਰਵਾਈਆਂ ਤੇਜ਼ ਹੋਣਗੀਆਂ| ਪਰ ਭਾਰਤ ਸਰਕਾਰ ਨੂੰ ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਿੱਖਿਆ ਦੇ ਮੌਕੇ ਵਧਾਉਣੇ ਚਾਹੀਦੇ ਹਨ| ਅਨਮੋਲ ਵਰਗੇ ਅਪਰਾਧੀਆਂ ਦੀ ਵਾਪਸੀ ਨਾਲ ਨਿਆਂ ਨੂੰ ਮਜ਼ਬੂਤੀ ਮਿਲੇਗੀ, ਪਰ ਇਹ ਲੜਾਈ ਅਜੇ ਲੰਮੀ ਹੈ| 
-ਰਜਿੰਦਰ ਸਿੰਘ ਪੁਰੇਵਾਲ