30 ਨਵੰਬਰ ਬਰਸੀ ਤੇ ਵਿਸ਼ੇਸ਼, ਬਾਬਾ ਗੁਰਮੁੱਖ ਸਿੰਘ ਕਾਰਸੇਵਾ ਵਾਲਿਆਂ ਨੂੰ ਯਾਦ ਕਰਦਿਆਂ

ਰੱਬੀ ਰੰਗ ਵਿੱਚ ਰੰਗ-ਰਤੜੀਆਂ ਆਤਮਾਵਾਂ ਦੇ ਜੀਵਨ ਦਾ ਅੰਤਿਮ ਨਿਸ਼ਾਨਾ ਮਨੁੱਖਤਾ ਦੇ ਪਰਉਪਕਾਰ ਲਈ ਜੀਵਨ ਬਤੀਤ ਕਰਨਾ ਹੁੰਦਾ ਹੈ । ਬਾਬਾ ਗੁਰਮੁੱਖ ਸਿੰਘ ਕਾਰਸੇਵਾ ਵਾਲਿਆਂ ਦਾ ਜੀਵਨ ਇਸ ਗੱਲ ਦੀ ਪ੍ਰਤੱਖ ਉਦਾਹਰਣ ਹੈ । ਜਿਨ੍ਹਾਂ ਕਾਰਸੇਵਾ ਦੇ ਨਾਂਅ ਉੱਪਰ ਕਦਾਚਿਤ ਵੀ ਕਿਸੇ ਸ਼ਰਧਾਲੂ ਤੋਂ ਕੁਝ ਨਹੀਂ ਸੀ ਮੰਗਿਆ, ਉਨ੍ਹਾਂ ਵੱਲੋਂ ਕਾਰਸੇਵਾ ਸੇਵਾ ਦੇ ਖੇਤਰ ਵਿੱਚ ਕੀਤੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਸ਼ਰਧਾਲੂ ਸਵੈ-ਇੱਛਾ ਨਾਲ ਹੀ ਸੇਵਾ ਵਿੱਚ ਯੋਗਦਾਨ ਪਾਉਂਦੇ ਸਨ । ਅਜੋਕੇ ਸਮੇਂ ਵਿੱਚ ਅਜਿਹੇ ਵਿਰਲੇ ਇਨਸਾਨ ਉਂਗਲਾਂ &lsquoਤੇ ਗਿਣਨ ਯੋਗ ਹੋਣਗੇ । ਇਕ ਨਿਸ਼ਠਾਵਾਨ ਕਾਰਸੇਵਕ, ਬੇਲਾਗ, ਬੇਦਾਗ, ਰੱਬੀ ਰੂਹ ਬਾਬਾ ਗੁਰਮੁੱਖ ਸਿੰਘ ਦਾ ਜਨਮ 1849 ਈ: ਵਿੱਚ ਪਟਿਆਲਾ ਰਿਆਸਤ ਦੇ ਦਿਆਲਗੜ੍ਹ ਬੂੜੀਆ ਨਾਂਅ ਦੇ ਪਿੰਡ ਵਿੱਚ ਭਾਈ ਕਰਮ ਸਿੰਘ ਦੇ ਘਰ ਮਾਤਾ ਗੁਰਦੇਈ ਦੀ ਕੁੱਖ ਤੋਂ ਹੋਇਆ । ਉਸ ਸਮੇਂ ਗੁਰੂ ਘਰਾਂ ਦੀਆਂ ਇਮਾਰਤਾਂ ਵਧੇਰੇ ਕਰਕੇ ਕੱਚੀਆਂ ਸਨ । ਸੰਗਤ ਲਈ ਸੁੱਖ ਸਹੂਲਤਾਂ ਦੀ ਘਾਟ ਵੀ ਤਕਰੀਬਨ ਹਰ ਗੁਰੂ ਘਰ ਵਿੱਚ ਹੀ ਸੀ । ਜਨਮ ਤੋਂ ਹੀ ਇਨ੍ਹਾਂ ਦੇ ਹਿਰਦੇ ਵਿੱਚ ਆਪਣੇ ਸਾਧੂ ਸੁਭਾਅ ਪਿਤਾ ਤੋਂ ਗੁਰਬਾਣੀ ਪੜ੍ਹਨ ਅਤੇ ਵਿਚਾਰਨ ਦੇ ਸੰਸਕਾਰ ਬਣਨੇ ਸ਼ੁਰੂ ਹੋ ਗਏ । ਜਵਾਨੀ ਦੇ ਦਿਨਾਂ ਵਿੱਚ ਆਪ ਨੇ ਪਟਿਆਲਾ ਰਿਆਸਤ ਦੇ ਫ਼ੀਲ ਖਾਨੇ ਦੀ ਨੌਕਰੀ ਕੀਤੀ, ਬਾਅਦ ਵਿੱਚ ਉਸ ਸਮੇਂ ਦੀ ਅੰਗ੍ਰੇਜ਼ੀ ਫੌਜ ਵਿੱਚ ਭਰਤੀ ਹੋ ਗਏ । ਪਰ ਇਨਸਾਨੀਅਤ ਦੀ ਸੇਵਾ ਤੇ ਪਰਉਪਕਾਰੀ ਸੁਭਾਅ ਕਾਰਨ ਫੌਜ ਵਿੱਚ ਮਨ ਨਾ ਲੱਗਾ । ਉਥੋਂ ਅਸਤੀਫਾ ਦੇ ਕੇ ਪਟਿਆਲਾ ਤੋਂ ਕੁਝ ਦੂਰੀ &lsquoਤੇ ਇਕ ਬੀਆਵਾਨ ਥਾਂ ਤੇ ਪ੍ਰਭੂ ਦੇ ਚਿੰਤਨ ਵਿੱਚ ਜੁੱਟ ਗਏ । 12 ਸਾਲ ਤੱਕ ਗੁਰਬਾਣੀ ਸ਼ਬਦ ਦੀ ਅਰਾਧਨਾ ਕਰਨ ਤੋਂ ਪਿੱਛੋਂ ਮਨ ਪੂਰੀ ਤਰ੍ਹਾਂ ਸਾਧਿਆ ਗਿਆ । ਆਪਣੇ ਨਾਲ ਪਿਆਰ ਕਰਨ ਵਾਲੀਆਂ ਸਿੱਖ ਸੰਗਤਾਂ ਨਾਲ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕੀਤੀ । 1903 ਈ: ਵਿੱਚ ਅੰਮ੍ਰਿਤਸਰ ਜਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਮਲਵਈ ਬੁੰਗੇ ਵਿੱਚ ਜਾ ਆਸਣ ਲਾਇਆ । ਉਥੇ ਹੀ ਸ੍ਰੀ ਦਰਬਾਰ ਸਾਹਿਬ ਦੇ ਉੱਘੇ ਕੀਰਤਨੀਏ ਭਾਈ ਸ਼ਾਮ ਸਿੰਘ ਦੀ ਸੰਗਤ ਮਿਲੀ । ਇਨ੍ਹਾਂ ਦੇ ਨਿੱਜੀ ਜੀਵਨ ਤੋਂ ਅਜਿਹੀ ਸਿੱਖਿਆ ਮਿਲੀ, ਜਿਸ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਤੋਂ ਇਲਾਵਾ ਆਪਣੇ ਜੀਵਨ ਦਾ ਨਿਸ਼ਾਨਾ ਕੇਵਲ ਗੁਰੂ ਘਰ ਦੀ ਨਿਸ਼ਕਾਮ ਸੇਵਾ ਬਣ ਗਿਆ ।
ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੀਆਂ ਪੌੜੀਆਂ ਦੀ ਸਫ਼ਾਈ ਤੋਂ ਨਿੱਤ ਦਾ ਜੀਵਨ ਆਰੰਭ ਹੁੰਦਾ ਸੀ । 1914 ਈ: ਵਿੱਚ ਕਾਰਸੇਵਾ ਨੂੰ ਆਪਣੇ ਜੀਵਨ ਦਾ ਅਹਿਮ ਅੰਗ ਸਮਝ ਕੇ ਸੇਵਾ ਆਰੰਭੀ । ਸਭ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੰਜਾਂ ਸਰੋਵਰਾਂ ਵਿੱਚੋਂ ਸੰਤੋਖਸਰ ਸਾਹਿਬ ਦੇ ਸਰੋਵਰ ਦੀ ਕਾਰਸੇਵਾ ਸ਼ੁਰੂ ਕੀਤੀ । ਫਿਰ ਲਗਾਤਾਰ ਇਹ ਸਿਲਸਿਲਾ ਚੱਲਦਾ ਰਿਹਾ । 1923 ਤੋਂ 1928 ਤੱਕ ਆਪ ਨੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੇ ਸਰੋਵਰ ਦੀ ਸਫ਼ਾਈ, ਪੌੜੀਆਂ ਬਨਾਉਣ ਅਤੇ ਪਵਿੱਤਰ ਸਰੋਵਰ ਲਈ ਨਿਰੰਤਰ ਜਲ ਦੀ ਤਾਜ਼ਾ ਸਪਲਾਈ ਲਈ ਹੰਸਲੀ ਦੀ ਸੇਵਾ ਆਰੰਭੀ । ਇਸ ਸ਼ਲਾਘਾਯੋਗ ਕਾਰਜ ਦੀ ਹਰ ਪਾਸੇ ਖੂਬ ਪ੍ਰਸ਼ੰਸਾ ਹੋਈ । ਇਸ ਤੋਂ ਪਿੱਛੋਂ ਇਨ੍ਹਾਂ ਉਦਾਸੀ ਮਹਾਂਪੁਰਸ਼ ਸੰਤ ਪ੍ਰੀਤਮ ਦਾਸ ਅਤੇ ਸੰਤ ਸੰਤੋਖ ਦਾਸ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਅੰਮ੍ਰਿਤ ਸਰੋਵਰ ਲਈ ਜਲ ਪਹੁੰਚਾਉਣ ਵਾਲੀ ਹੰਸਲੀ ਦਾ ਨਵ-ਨਿਰਮਾਣ ਕਰਵਾਇਆ । ਅੰਮ੍ਰਿਤਸਰ ਤੋਂ ਬਾਅਦ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਗੁਰਧਾਮ ਦਾ ਨਵ-ਨਿਰਮਾਣ ਕਰਵਾਇਆ, ਫਿਰ ਸ੍ਰੀ ਖਡੂਰ ਸਾਹਿਬ ਦੇ ਗੁਰਦੁਆਰਾ ਤਪਿਆਣਾ ਸਾਹਿਬ ਦੀ ਇਮਾਰਤ ਦੀ ਨਵ-ਉਸਾਰੀ ਕਰਵਾਈ, ਨਾਲ ਹੀ ਪਵਿੱਤਰ ਸਰੋਵਰ ਵੀ ਤਿਆਰ ਕਰਵਾਇਆ । ਇਸ ਤੋਂ ਬਾਅਦ ਬਾਬਾ ਬਕਾਲਾ ਸਾਹਿਬ ਦੇ ਪਵਿੱਤਰ ਸਰੋਵਰ ਦੀਆਂ ਪੌੜੀਆਂ ਤੋਂ ਇਲਾਵਾ ਪਰਿਕਰਮਾ ਨੂੰ ਵੀ ਪੱਕੇ ਫਰਸ਼ ਵਿੱਚ ਬਦਲਿਆ । ਇਹ ਸਾਰੇ ਕਾਰਜ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੀ ਹੋਏ । ਉਦੋਂ ਤੱਕ ਆਵਾਜਾਈ, ਸੜਕਾਂ, ਮੋਟਰ-ਗੱਡੀਆਂ ਦੀਆਂ ਸਹੂਲਤਾਂ ਵੀ ਨਾ-ਮਾਤਰ ਹੀ ਹੁੰਦੀਆਂ ਸਨ । ਸੰਗਤ ਵਿੱਚੋਂ ਮਾਇਕ ਸਹਾਇਤਾ ਵੀ ਬਹੁਤ ਘੱਟ ਆਉਂਦੀ ਸੀ ।
ਆਜ਼ਾਦੀ ਮਿਲਣ ਤੋਂ ਥੋੜ੍ਹਾ ਸਮਾਂ ਪਹਿਲਾਂ ਆਪ ਨੇ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਬਾਲ-ਲੀਲਾ ਅਤੇ ਗੁਰਦੁਆਰਾ ਕਿਆਰਾ ਸਾਹਿਬ ਦੀਆਂ ਇਮਾਰਤਾਂ ਦੀ ਨਵਉਸਾਰੀ ਕਰਵਾਈ । 1947 ਈ: ਵਿੱਚ ਜਦੋਂ ਆਪ ਗੁਰੂ ਨਾਨਕ ਸਾਹਿਬ ਦੇ ਜਨਮ-ਅਸਥਾਨ ਦੀ ਨਵੀਂ ਇਮਾਰਤ ਦੀ ਤਿਆਰੀ ਦੀ ਯੋਜਨਾ ਉਲੀਕ ਰਹੇ ਸਨ ਤਾਂ ਬਦਕਿਸਮਤੀ ਨਾਲ ਪੰਜਾਬ ਦੋ ਟੋਟਿਆਂ ਵਿੱਚ ਵੰਡਿਆ ਗਿਆ । ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਜਨਮ ਅਸਥਾਨ ਦੀ ਇਮਾਰਤ ਦੀ ਸੇਵਾ ਦੇ ਨਵ-ਨਿਰਮਾਣ ਦੀ ਸੇਵਾ ਨਾ ਕਰਵਾਉਣ ਦੀ ਹਿਰਦੇ ਵੇਦਕ ਘਟਨਾ ਦਾ ਦੁੱਖ, ਦੇਸ਼ ਦੀ ਵੰਡ ਦਾ ਦੁੱਖ, ਭਰੇ-ਭਕੁੰਨੇ ਘਰਾਂ ਨੂੰ ਛੱਡ ਕੇ ਸ਼ਰਨਾਰਥੀ ਬਣ ਜਾਣ ਦੀਆਂ ਅਸਹਿ ਘਟਨਾਵਾਂ ਨੇ ਬਾਬਾ ਜੀ ਦੇ ਦਇਆ, ਨਿਮਰਤਾ ਅਤੇ ਪਰਉਪਕਾਰੀ ਮਨ &lsquoਤੇ ਡੂੰਘੀ ਸੱਟ ਮਾਰੀ ।
ਜਦੋਂ ਆਪ ਦੇਸ਼ ਦੀ ਵੰਡ ਤੋਂ ਬਾਅਦ ਅੰਮ੍ਰਿਤਸਰ ਦੀ ਪਵਿੱਤਰ ਧਰਤੀ &lsquoਤੇ ਪੁੱਜੇ ਤਾਂ ਸ਼ਰਨਾਰਥੀਆਂ ਦਾ ਹੜ੍ਹ ਵੇਖ ਕੇ ਦਇਆ ਨਾਲ ਭਰਿਆ ਮਨ ਪਸੀਜਿਆ ਗਿਆ, ਭੁੱਖੇ ਭਾਣੇ ਸ਼ਰਨਾਰਥੀਆਂ ਲਈ ਲੰਗਰ ਦੀ ਸੇਵਾ ਆਰੰਭ ਕਰ ਦਿੱਤੀ । ਨਾਲ ਹੀ ਸੋਚ ਰਹੇ ਸਨ ਧੰਨ ਗੁਰੂ ਰਾਮਦਾਸ ਜੀ ਦੇ ਇਸ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਨੂੰ ਹੋਰ ਖੁੱਲ੍ਹਾ ਕੀਤਾ ਜਾਵੇ । 30 ਨਵੰਬਰ, 1947 ਨੂੰ ਪੰਜਾਬ ਦੇ ਹੋਏ ਦੋ ਟੋਟਿਆਂ ਦੇ ਗ਼ਮ ਅਤੇ ਵਿਛੜੇ ਗੁਰਧਾਮਾਂ ਦੇ ਨਾ ਸਹਾਰੇ ਜਾ ਸਕਣ ਦੇ ਦੁੱਖ ਦੀ ਚੀਸ ਦੌਰਾਨ ਉਨ੍ਹਾਂ ਨੂੰ ਸਦੀਵੀ ਬੁਲਾਵਾ ਆ ਗਿਆ । ਉਨ੍ਹਾਂ ਦਾ ਸਸਕਾਰ ਅਪਰਬਾਰੀ ਦੁਆਬ ਨਹਿਰ ਦੇ ਕਿਨਾਰੇ ਉਥੇ ਹੀ ਕੀਤਾ ਗਿਆ, ਜਿਥੇ ਉਹ ਆਪਣੀ ਕੁਟੀਆ ਵਿੱਚ ਬਿਰਾਜਦੇ ਸਨ । ਆਪ ਸੱਚਮੁੱਚ ਹੀ ਸੇਵਾ ਦੀ ਮੂਰਤੀ ਬਣ ਕੇ ਜੀਵੇ । ਅੱਜ ਤਕਰੀਬਨ ਹਰੇਕ ਕਾਰ ਸੇਵਕ ਉਨ੍ਹਾਂ ਨੂੰ ਆਪਣਾ ਪ੍ਰੇਰਨਾ-ਸਰੋਤ ਮੰਨਦਾ ਹੈ । ਅਨੇਕਾਂ ਕਾਰਸੇਵਾ ਕਰਨ ਵਾਲੀਆਂ ਹਸਤੀਆਂ ਅੱਜ ਉਨ੍ਹਾਂ ਦੀ ਵਿਦਾਈ ਵਾਲੇ ਦਿਨ ਉਨ੍ਹਾਂ ਦੀ ਯਾਦ ਵਿੱਚ ਜੁੜ ਰਹੀਆਂ ਹਨ । 
-ਭਗਵਾਨ ਸਿੰਘ ਜੌਹਲ