ਕੀ ਸ੍ਰੋਮਣੀ ਕਮੇਟੀ ਦਾ ਫੈਸਲਾ ਠੀਕ ਹੈ ਕਿ ਇਕੱਲੀ ਬੀਬੀ ਹੁਣ ਪਾਕਿਸਤਾਨ ਗੁਰਧਾਮ ਯਾਤਰਾ ਉਪਰ ਨਹੀਂ ਜਾ ਸਕੇਗੀ!

&ldquo ਸ੍ਰੋਮਣੀ ਕਮੇਟੀ ਦੇ ਬਿਆਨ ਕਾਰਣ ਸਿੱਖ ਬੀਬੀਆਂ ਵਿਚ ਰੋਸ
*ਕੀ ਗੁਰੂ ਦੇ ਘਰ ਜਾਣ ਲਈ ਵੀ ਔਰਤ ਨੂੰ ਮਰਦ ਦੀ ਲੋੜ ਪੈਣ ਲੱਗੀ?
*ਸਿੱਖ ਜੱਥੇ ਵਿਚ ਗਈ ਔਰਤ ਦੇ ਪਾਕਿਸਤਾਨ &lsquoਵਿਚ ਨਿਕਾਹ ਕਾਰਣ ਛਿੜਿਆ ਵਿਵਾਦ

ਨਿਊਜ ਵਿਸ਼ਲੇਸ਼ਣ

ਗੁਰਪੁਰਬ ਮੌਕੇ 4 ਨਵੰਬਰ ਨੂੰ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜੱਥੇ ਵਿੱਚੋਂ ਇੱਕ 48 ਸਾਲਾ ਸਿੱਖ ਔਰਤ ਸਰਬਜੀਤ ਕੌਰ ਵਾਪਸ ਭਾਰਤ ਨਹੀਂ ਪਰਤੀ। ਪਾਕਿਸਤਾਨੀ ਪੁਲਿਸ ਨੇ ਦੱਸਿਆ ਕਿ ਉਸ ਨੇ ਇਸਲਾਮ ਅਪਨਾਕੇ ਉੱਥੇ ਇੱਕ ਪਾਕਿਸਤਾਨੀ ਨਾਗਰਿਕ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ ਹੈ। ਇਹ ਖ਼ਬਰ ਸਾਹਮਣੇ ਆਉਂਦਿਆਂ ਹੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ &ldquoਬੀਬੀ ਦੇ ਇਸ ਤਰ੍ਹਾਂ ਗਾਇਬ ਹੋ ਜਾਣ ਨਾਲ ਪੰਜਾਬ ਦੀ ਬਹੁਤ ਬਦਨਾਮੀ ਹੋਈ ਹੈ। ਜੱਥੇ ਵਿੱਚ ਗਏ ਸਾਰੇ ਸਿੱਖ ਸ਼ਰਧਾਲੂਆਂ ਨੂੰ ਨਮੋਸ਼ੀ ਝੱਲਣੀ ਪਈ ਸੀ। ਸਾਨੂੰ ਪਤਾ ਲੱਗਾ ਹੈ ਕਿ ਉਸ ਨੇ ਨਿਕਾਹ ਕਰਵਾ ਲਿਆ, ਮਤਲਬ ਪਹਿਲਾਂ ਹੀ ਕਿਸੇ ਦੇ ਸੰਪਰਕ ਵਿੱਚ ਸੀ। ਸਾਡੀਆਂ ਏਜੰਸੀਆਂ ਕੀ ਕਰ ਰਹੀਆਂ ਸਨ? ਉਸ ਨੂੰ ਜਾਣ ਨਹੀਂ ਦੇਣਾ ਚਾਹੀਦਾ ਸੀ।&rdquo
ਉਨ੍ਹਾਂ ਅੱਗੇ ਕਿਹਾ, &ldquoਅਸੀਂ ਪਹਿਲਾਂ ਵੀ ਕੋਸ਼ਿਸ਼ ਕਰਦੇ ਹਾਂ ਕਿ ਇਕੱਲੀ ਬੀਬੀ ਨਾ ਜਾਵੇ। ਇਸ ਵਾਰ 8 ਨਾਮ ਸਨ, ਅਸੀਂ ਕਲੀਅਰ ਨਹੀਂ ਕਰ ਸਕੇ ਕਿ ਉਹ ਇਕੱਲੀ ਹੈ। ਅੱਗੇ ਤੋਂ ਹੋਰ ਸੁਚੇਤ ਰਹਾਂਗੇ ਕਿ ਕੋਈ ਵੀ ਇਕੱਲੀ ਬੀਬੀ ਨਾ ਜਾ ਸਕੇ।&rdquo
ਇਸ ਬਿਆਨ ਨੇ ਪੰਜਾਬ ਤੇ ਸਿੱਖ ਜਗਤ ਵਿੱਚ ਤਿੱਖੀ ਬਹਿਸ ਛੇੜ ਦਿੱਤੀ ਹੈ। ਇੱਕ ਪਾਸੇ ਸ੍ਰੋਮਣੀ ਕਮੇਟੀ. ਇਸ ਨੂੰ ਜੱਥੇ ਦੀ ਸਾਖ਼ ਅਤੇ ਸੁਰੱਖਿਆ ਦਾ ਮਸਲਾ ਦੱਸ ਰਹੀ ਹੈ, ਦੂਜੇ ਪਾਸੇ ਸਿੱਖ ਔਰਤਾਂ, ਬੁੱਧੀਜੀਵੀ ਤੇ ਸਮਾਜਿਕ ਕਾਰਕੁਨ ਇਸ ਨੂੰ ਔਰਤ ਵਿਰੋਧੀ ਤੇ ਰੂੜ੍ਹੀਵਾਦੀ ਮਾਨਸਿਕਤਾ ਦਾ ਪ੍ਰਗਟਾਵਾ ਕਹਿ ਰਹੇ ਹਨ।


ਔਰਤਾਂ ਨੇ ਕੀਤਾ ਸਖ਼ਤ ਇਤਰਾਜ਼
ਐਸ.ਜੀ.ਪੀ.ਸੀ. ਦੇ ਬਿਆਨ ਨੂੰ ਲੈ ਕੇ ਸਿੱਖ ਔਰਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਟਿਆਲਾ ਮੈਡੀਕਲ ਕਾਲਜ ਦੀ ਸਾਬਕਾ ਪ੍ਰੋਫੈਸਰ ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਇੱਕ ਔਰਤ ਨੇ ਆਪਣਾ ਨਿੱਜੀ ਗਲਤ ਫ਼ੈਸਲਾ ਲਿਆ ਤਾਂ ਸਾਰੀਆਂ ਸਿੱਖ ਔਰਤਾਂ ਨੂੰ ਸਜ਼ਾ ਕਿਉਂ? ਸਿੱਖ ਧਰਮ ਨੇ ਔਰਤ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਹੈ। ਇੱਕ ਪਾਸੇ ਅਸੀਂ ਧੀਆਂ-ਭੈਣਾਂ ਨੂੰ ਆਜ਼ਾਦ ਤੇ ਮਜਬੂਤ ਹੋਣ ਲਈ ਪ੍ਰੇਰਦੇ ਹਾਂ, ਦੂਜੇ ਪਾਸੇ ਇਹ ਫ਼ੈਸਲਾ ਇਹ ਸੁਨੇਹਾ ਦੇ ਰਿਹਾ ਹੈ ਕਿ ਔਰਤ ਇਕੱਲੀ ਸੁਰੱਖਿਅਤ ਨਹੀਂ ਰਹਿ ਸਕਦੀ। ਜਿਹੜੀ ਔਰਤ ਵਿਧਵਾ ਹੈ, ਜਾਂ ਜਿਸ ਦਾ ਪਰਿਵਾਰ ਨਹੀਂ, ਕੀ ਉਹ ਗੁਰੂ ਦਰਸ਼ਨ ਨਹੀਂ ਕਰ ਸਕਦੀ?&rdquo
ਸ੍ਰੋਮਣੀ ਕਮੇਟੀ ਦੀ ਮੈਂਬਰ ਕਿਰਨਜੋਤ ਕੌਰ ਨੇ ਕਿਹਾ ਕਿ ਸਿੱਖ ਧਰਮ ਵਿੱਚ ਔਰਤ-ਮਰਦ ਨੂੰ ਪੂਰੀ ਬਰਾਬਰੀ ਹੈ। ਇੱਕ ਔਰਤ ਨੇ ਗਲਤੀ ਕੀਤੀ ਤਾਂ ਸਾਰੀਆਂ ਬੀਬੀਆਂ ਨੂੰ ਬਰਾਂਡ ਕਰ ਦੇਣਾ ਬਿਲਕੁਲ ਗਲਤ ਹੈ। ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੋਈਆਂ ਹਨ, ਪਰ ਉਦੋਂ ਵੀ ਇਕੱਲੀਆਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ । ਇਹ ਰੂੜ੍ਹੀਵਾਦੀ ਮਾਨਸਿਕਤਾ ਦਾ ਨਤੀਜਾ ਹੈ, ਸਿੱਖ ਮਾਨਸਿਕਤਾ ਦਾ ਨਹੀਂ।&rdquo
ਪਾਕਿਸਤਾਨ ਦੀ ਯਾਤਰਾ ਕਰ ਚੁੱਕੀਆਂ ਕਈ ਔਰਤਾਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ,
&ldquoਜੇ ਔਰਤ ਤੇ ਪਾਬੰਦੀ ਲੱਗ ਰਹੀ ਹੈ ਤਾਂ ਪੁਰਸ਼ਾਂ ਨਾਲ ਵੀ ਅਜਿਹਾ ਵਰਤਾਰਾ ਹੋਵੇ ਤਾਂ ਉਨ੍ਹਾਂ ਤੇ ਵੀ ਪਾਬੰਦੀ ਲੱਗੇ। ਸਿਰਫ਼ ਔਰਤਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਹੈ?&rdquo
ਪਹਿਲਾਂ ਵੀ ਹੋਏ ਨੇ ਅਜਿਹੇ ਮਾਮਲੇ
ਸਾਲ ੨੦੧੮ ਵਿੱਚ ਵੀ ਕਿਰਨ ਬਾਲਾ ਨਾਮ ਦੀ ਔਰਤ ਜੱਥੇ ਨਾਲ ਪਾਕਿਸਤਾਨ ਗਈ ਤੇ ਉੱਥੇ ਇਸਲਾਮ ਅਪਨਾ ਕੇ ਨਿਕਾਹ ਕਰ ਲਿਆ ਸੀ। ਉਸੇ ਸਾਲ ਇੱਕ ਪੰਜਾਬੀ ਨੌਜਵਾਨ ਵੀ ਜੱਥੇ ਨਾਲ ਗਿਆ ਤੇ ਲਾਪਤਾ ਹੋ ਗਿਆ ਸੀ, ਪਰ ਉਹ ਵਾਪਸ ਆ ਗਿਆ। ਉਦੋਂ ਵੀ ਇਕੱਲੀਆਂ ਔਰਤਾਂ ਨੂੰ ਨਾ ਭੇਜਣ ਦੀਆਂ ਗੱਲਾਂ ਚੱਲੀਆਂ ਸਨ, ਪਰ ਉਸ ਵੇਲੇ ਪੁਰਸ਼ਾਂ ਤੇ ਅਜਿਹੀ ਕੋਈ ਪਾਬੰਦੀ ਨਹੀਂ ਸੀ ਲਗਾਈ ਗਈ।

ਅਕਾਲ ਤਖ਼ਤ ਜਥੇਦਾਰ ਦਾ ਸਟੈਂਡ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਪੱਸ਼ਟ ਕਿਹਾ ਕਿ ਇਸ ਮਸਲੇ ਨੂੰ ਜੱਥੇ ਨਾਲ ਨਾ ਜੋੜਿਆ ਜਾਵੇ। ਉਨ੍ਹਾਂ ਕਿਹਾ,ਪਾਕਿਸਤਾਨ ਨੂੰ ਉਸ ਬੀਬੀ ਨੂੰ ਵਾਪਸ ਭੇਜਣਾ ਚਾਹੀਦਾ ਸੀ ਤਾਂ ਜੋ ਜੱਥਿਆਂ ਤੇ ਅਸਰ ਨਾ ਪਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਨਕੁਆਇਰੀ ਕਿਉਂ ਨਹੀਂ ਕੀਤੀ? ਵਾਘਾ ਤੋਂ ੫੦ ਤੋਂ ਵੱਧ ਯਾਤਰੀਆਂ ਨੂੰ ਗਲਤ ਇਨਕੁਆਇਰੀ ਕਾਰਨ ਵਾਪਸ ਮੋੜਿਆ ਗਿਆ ਸੀ, ਫਿਰ ਸਰਬਜੀਤ ਕੌਰ ਕਿਵੇਂ ਗਈ?&rdquo

ਸਮਾਜਿਕ ਕਾਰਕੁਨਾਂ ਤੇ ਬੁੱਧੀਜੀਵੀਆਂ ਦੀ ਰਾਏ
ਵਿਦਵਾਨ ਗੰਗਵੀਰ ਰਠੌਰ ਨੇ ਇਸ ਮਸਲੇ ਨੂੰ ਸਿੱਖਾਂ ਦੀ ਆਜ਼ਾਦੀ ਤੇ ਪਛਾਣ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਔਰਤ ਦਾ ਮਸਲਾ ਨਹੀਂ। ਇਹ ਦੋਹਾਂ ਮੁਲਕਾਂ ਦੀ ਸਟੇਟ ਪਾਲਿਸੀ ਦਾ ਹਿੱਸਾ ਹੈ ਜੋ ਸਿੱਖਾਂ ਨੂੰ ਭਾਈ ਨਹੀਂ, ਚਾਰਾ ਸਮਝਦੀ ਹੈ। ਪਾਕਿਸਤਾਨ ਗ਼ੈਰ-ਮੁਸਲਿਮ ਨੂੰ ਮੁਸਲਿਮ ਬਣਾਉਣ ਨੂੰ ਯੋਗ ਤੇ ਧਰਮ ਸਮਝਦਾ ਹੈ ਤੇ ਬਿਪਰਨੀ ਨਸਲਵਾਦੀ ਸਿਸਟਮ ਆਪਣੇ ਏਜੰਟਾਂ ਰਾਹੀਂ ਸਿੱਖਾਂ ਨੂੰ ਸ਼ੋਸ਼ਲ ਮੀਡੀਆ ਉਪਰ ਜ਼ਲੀਲ ਕਰਵਾ ਰਿਹਾ ਹੈ। ਜੱਥੇ ਵਿੱਚ ਗਿਆ ਵਿਅਕਤੀ ਉਸੇ ਰੂਪ ਵਿੱਚ ਵਾਪਸ ਆਉਣਾ ਚਾਹੀਦਾ ਹੈ, ਇਹ ਪ੍ਰੋਟੋਕਾਲ ਦੀ ਗੱਲ ਹੈ।&rdquo
ਉਨ੍ਹਾਂ ਅੱਗੇ ਕਿਹਾ ਕਿ ਜੇ ਪਾਕਿਸਤਾਨ ਸਿੱਖ ਕੁੜੀ ਨੂੰ ਮੁਸਲਿਮ ਹੋਣ ਦਾ ਹੱਕ ਦਿੰਦਾ ਹੈ ਤਾਂ ਮੁਸਲਿਮ ਕੁੜੀ ਨੂੰ ਸਿੱਖ ਹੋਣ ਦਾ ਵੀ ਹੱਕ ਦੇਣਾ ਚਾਹੀਦਾ ਹੈ, ਨਹੀਂ ਤਾਂ ਇਹ ਝੂਠਾ ਭਾਈਚਾਰਾ ਹੈ।
ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਹਨ ਕਿ ਸ੍ਰੋਮਣੀ ਕਮੇਟੀ. ਆਪਣੇ ਬਿਆਨ ਤੋਂ ਪਿੱਛੇ ਹਟਦੀ ਹੈ ਜਾਂ ਅਜਿਹਾ ਕੋਈ ਫ਼ੈਸਲਾ ਲੈਂਦੀ ਹੈ ਜੋ ਸਿੱਖ ਧਰਮ ਦੀ ਬਰਾਬਰੀ ਵਾਲੀ ਸੋਚ ਨੂੰ ਮਜ਼ਬੂਤ ਕਰੇ, ਨਾ ਕਿ ਕਮਜ਼ੋਰ