ਸੜਕ ਹਾਦਸੇ ਵਿੱਚ 6 ਭਾਰਤੀਆਂ ਦੀਆਂ ਜਾਨਾਂ ਲੈਣ ਵਾਲੇ ਦੋਸ਼ੀ ਨੂੰ 65 ਸਾਲ ਕੈਦ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-2023 ਵਿੱਚ ਇਕ ਸੜਕ ਹਾਦਸੇ ਵਿੱਚ ਮਾਰੇ ਗਏ ਭਾਰਤੀ ਅਮਰੀਕੀ ਪਰਿਵਾਰ ਦੇ 6 ਜੀਆਂ ਦੇ ਮਾਮਲੇ ਵਿੱਚ ਟੈਕਸਾਸ ਦੀ ਇੱਕ ਅਦਾਲਤ ਨੇ 19 ਸਾਲਾ ਡਰਾਈਵਰ ਲਿਊਕ ਗੈਰਟ ਰੈਸਕਰ ਨੂੰ 65 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜਿਸ ਸਮੇ ਹਾਦਸਾ ਹੋਇਆ ਰੈਸਕਰ ਦੀ ਉਮਰ 17 ਸਾਲ ਸੀ। 26 ਦਸੰਬਰ 2023 ਨੂੰ ਵਾਪਰੇ ਹਾਦਸੇ ਵਿੱਚ ਰੈਸਕਰ ਨੇ ਕਲੈਬਰਨ, ਟੈਕਸਾਸ ਨੇੜੇ ਹਾਈਵੇਅ 67 ਉਪਰ ਆਪਣਾ ਪਿੱਕਅੱਪ ਟਰੱਕ ਹਾਂਡਾ ਓਡੀਸੀ ਮਿਨੀ ਵੈਨ ਵਿੱਚ ਮਾਰਿਆ ਸੀ। ਹਾਦਸੇ ਵਿੱਚ ਇਰਵਿੰਗ ਵਾਸੀ 28 ਸਾਲਾ ਰਸ਼ੀ ਬਰੀ ਤੇ ਉਸ ਦੇ 5 ਰਿਸ਼ਤੇਦਾਰ ਮਾਰੇ ਗਏ ਸਨ ਜੋ ਜਾਰਜੀਆ ਤੋਂ ਵਾਪਿਸ ਆ ਰਹੇ ਸਨ। ਇਸ ਹਾਦਸੇ ਵਿੱਚ ਇਕੋ ਇੱਕ ਲੋਕੇਸ਼ ਪੋਟਾਬਾਥੂਲਾ ਬਚਿਆ ਸੀ ਜਦ ਕਿ ਉਸ ਦੀ ਪਤਨੀ, ਦੋ ਬੱਚੇ, ਚਚੇਰਾ ਭਰਾ ਤੇ ਇੱਕ ਹੋਰ ਰਿਸ਼ਤੇਦਾਰ ਮਾਰੇ ਗਏ ਸਨ। ਲੋਕੇਸ਼ ਵੀ ਸਦਾ ਲਈ ਅਪਾਹਜ਼ ਹੋ ਗਿਆ ਹੈ।