ਮਹਾਰਾਸ਼ਟਰ ਸਰਕਾਰ ਵਲੋਂ ਸਿੱਖ ਸ਼ਹਾਦਤ ਨੂੰ ਪਾਠਕ੍ਰਮ ਵਿਚ ਸ਼ਾਮਿਲ ਕਰਨ ਦਾ ਜਾਰੀ ਕੀਤਾ ਆਰਡੀਨੈਂਸ

ਮੁੰਬਈ-ਸਿੱਖ ਸ਼ਹਾਦਤ (1500-1765) ਨੂੰ ਸੂਬੇ ਦੇ ਪਾਠਕ੍ਰਮ ਵਿਚ ਸ਼ਾਮਿਲ ਕੀਤੇ ਜਾਣ ਦਾ ਆਰਡੀਨੈਂਸ ਜਾਰੀ ਹੋਣ 'ਤੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਪ੍ਰਧਾਨ ਸੰਤ ਸਮਾਜ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸਰਕਾਰ ਦਾ ਅਜਿਹਾ ਉਪਰਾਲਾ ਸਿੱਖ ਸੰਗਤਾਂ ਲਈ ਵੱਡੀ ਸੌਗਾਤ ਤੇ ਬਹੁਤ ਮਾਣ ਵਾਲੀ ਗੱਲ ਹੈ ।ਉਨ੍ਹਾਂ ਕਿਹਾ ਕਿ ਮੁੰਬਈ ਵਿਖੇ ਕਰਵਾਏ ਗਏ 350 ਸਾਲਾਂ ਸ਼ਹੀਦੀ ਸਮਾਗਮਾਂ ਦੌਰਾਨ ਮੁੱਖ ਮੰਤਰੀ ਫੜਨਵੀਸ ਨੇ ਸਿੱਖ ਭਾਈਚਾਰੇ ਲਈ ਜੋ ਐਲਾਨ ਕੀਤਾ ਸੀ, ਉਸ ਨੂੰ ਪੂਰਾ ਕਰਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਹੋਰ ਸਿੱਖ ਸ਼ਹੀਦਾਂ ਦੀ ਵਿਲੱਖਣ ਵਿਰਾਸਤ ਨੂੰ ਸਿੱਖਿਆ ਰਾਹੀਂ ਨਵੀਂ ਪੀੜ੍ਹੀ ਤੱਕ ਪੁੱਜਦਾ ਕਰਨ ਲਈ ਸਿੱਖ ਸ਼ਹਾਦਤ (1500-1765) ਨੂੰ ਆਪਣੇ ਪਾਠਕ੍ਰਮ ਵਿਚ ਸ਼ਾਮਲ ਕਰ ਲਿਆ ਗਿਆ ਹੈ ਤੇ ਹੁਣ ਇਸ ਨੂੰ ਇਕ ਅਲੱਗ 'ਤੇ ਚੋਣਵੇਂ ਵਿਸ਼ੇ ਵਜੋਂ ਮਹਾਰਾਸ਼ਟਰ ਦੇ ਸਾਰੇ ਸਕੂਲ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜਾਇਆ ਜਾ ਸਕੇਗਾ । ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਉਨ੍ਹਾਂ ਵਲੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਗੁਰੂ ਸਾਹਿਬਾਨ ਅਤੇ ਸਿੱਖ ਸ਼ਹੀਦਾਂ ਦੀਆਂ ਬੇਮਿਸਾਲ ਕੁਰਬਾਨੀਆਂ ਨੂੰ ਸਿੱਖਿਆ ਸਿਲੇਬਸ ਦਾ ਹਿੱਸਾ ਬਣਾਉਣ ਦੀ ਜੋ ਮੰਗ ਕੀਤੀ ਗਈ ਸੀ, ਉਸ ਨੂੰ ਸਵੀਕਾਰਤਾ ਮਿਲਣ ਤੋਂ ਬਾਅਦ ਮੁੰਬਈ ਯੂਨੀਵਰਸਿਟੀ ਦੇ ਵਿਦਵਾਨਾਂ ਦੀ ਮਾਹਿਰ ਟੀਮ ਦੁਆਰਾ ਬਹੁਤ ਗੰਭੀਰਤਾ ਤੇ ਘੋਖ ਪੜਤਾਲ ਨਾਲ ਤਿਆਰ ਹੋਏ ਪੂਰਨ ਵੇਰਵੇ ਨੂੰ ਓਪਨ ਇਲੈਕਟਿਵ ਵਿਸ਼ੇ ਵਜੋਂ ਪਾਠਕ੍ਰਮ 'ਚ ਸ਼ਾਮਲ ਕੀਤਾ ਗਿਆ ਹੈ