ਲੁਧਿਆਣਾ ਵਿਚ ਗ੍ਰਨੇਡ ਤੇ ਹਥਿਆਰ ਮਿਲਣ ਦਾ ਲਿੰਕ ਇਕ ਵਾਰੀ ਫਿਰ ਜੇਲ੍ਹਾਂ ਨਾਲ ਜੁੜਿਆ

ਲੁਧਿਆਣਾ : ਲੁਧਿਆਣਾ ਵਿਚ ਗ੍ਰਨੇਡ ਤੇ ਹਥਿਆਰ ਮਿਲਣ ਦਾ ਲਿੰਕ ਇਕ ਵਾਰੀ ਫਿਰ ਜੇਲ੍ਹਾਂ ਨਾਲ ਜੁੜ ਗਿਆ ਹੈ। ਇਸ ਵਾਰੀ ਪਾਕਿਸਤਾਨ ਦੀ ਏਜੰਸੀ ਆਈਐੱਸਆਈ ਨੇ ਪੰਜਾਬ, ਰਾਜਸਥਾਨ, ਦਿੱਲੀ ਤੇ ਹੋਰ ਜੇਲ੍ਹਾਂ ਵਿਚ ਬੰਦ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗਿਆਂ ਦੀ ਮਦਦ ਲਈ ਹੈ। ਹੈਂਡਲਰ ਜਸਵੀਰ ਜੱਸਾ ਚੌਧਰੀ ਨੇ ਦੋ ਜੇਲ੍ਹਾਂ ਵਿਚ ਬੰਦ ਲਾਰੈਂਸ ਗਿਰੋਹ ਦੇ 100 ਤੋਂ ਵੱਧ ਗੁਰਗਿਆਂ ਨਾਲ ਆਪਣਾ ਨੰਬਰ ਸਾਂਝਾ ਕੀਤਾ ਤੇ ਕਿਹਾ ਕਿ ਉਹ ਇਹ ਨੰਬਰ ਬਾਹਰ ਬੈਠੇ ਸਾਥੀਆਂ ਨਾਲ ਸਾਂਝਾ ਕਰਨ, ਜੋ ਕਿ ਨਸ਼ੇ ਦੇ ਆਦੀ ਹਨ ਜਾਂ ਜਿਨ੍ਹਾਂ ਨੂੰ ਪੈਸੇ ਦੀ ਲੋੜ ਹੈ, ਭਾਵੇਂ ਉਹ ਕਿਸੇ ਵੀ ਸੂਬੇ ਵਿਚ ਹੋਣ। ਇਸ ਤੋਂ ਬਾਅਦ ਜੇਲ੍ਹਾਂ ਤੋਂ ਇਹ ਨੰਬਰ ਬਾਹਰ ਪੁੱਜਾ ਤੇ 45 ਜਣੇ ਲੱਭੇ ਗਏ, ਜਿਸ ਵਿੱਚੋਂ ਪੰਜ ਜਣਿਆਂ ਨੂੰ ਚੁਣਿਆ ਗਿਆ। ਇਨ੍ਹਾਂ ਪੰਜਾਂ ਦਾ ਆਪਸ ਵਿਚ ਕੋਈ ਰਾਬਤਾ ਨਹੀਂ ਸੀ, ਬਲਕਿ ਜੱਸੇ ਨੇ ਵੀ ਇਕ-ਦੂਜੇ ਦੇ ਸਾਹਮਣੇ ਨਹੀਂ ਆਉਣ ਦਿੱਤਾ। ਪੁਲਿਸ ਸੂਤਰਾਂ ਮੁਤਾਬਕ ਜੇ ਸ਼ਮਸ਼ੇਰ ਨੂੰ ਫੜਿਆ ਨਾ ਜਾਂਦਾ ਤਾਂ ਗ੍ਰਨੇਡ ਤੋਂ ਬਾਅਦ ਪੰਜਾਬ ਵਿਚ ਦੋ ਅਸਾਲਟ ਰਾਈਫਲਾਂ ਆਉਣੀਆਂ ਸਨ ਪਰ ਲੁਧਿਆਣਾ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਇਹ ਮਾਮਲਾ ਟ੍ਰੇਸ ਕਰ ਲਿਆ। ਪੁਲਿਸ ਮੁਤਾਬਕ ਮੁਲਜ਼ਮ ਦਿਨ ਵਿਚ ਕਈ ਵਾਰ ਵ੍ਹਟਸਐਪ &rsquoਤੇ ਪਾਕਿਸਤਾਨ ਬੈਠੇ ਜੱਸੇ ਨਾਲ 5 ਤੋਂ 20 ਵਾਰੀ ਗੱਲਬਾਤ ਕਰਦੇ ਸਨ।
ਤਿੰਨ ਦਿਨ ਰੇਕੀ ਕਰਨ ਪਿੱਛੋਂ ਗ੍ਰਨੇਡ ਹਮਲੇ ਤੋਂ ਮੁਕਰਿਆ ਸ਼ਮਸ਼ੇਰ, ਫਿਰ ਬਿਹਾਰ ਦੇ ਓਝਾ ਨੂੰ ਦਿੱਤਾ ਟਾਰਗੈੱਟ : ਪੁਲਿਸ ਨੇ ਇਸ ਮਾਮਲੇ ਵਿਚ 16 ਨਵੰਬਰ ਨੂੰ ਜਦੋਂ ਸ਼ਮਸ਼ੇਰ ਬਿੱਲੇ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਦੇ ਫੋਨ ਤੋਂ ਕਈ ਵੀਡੀਓਜ਼ ਮਿਲੀਆਂ ਜਿਨ੍ਹਾਂ ਵਿਚ ਉਹ ਗ੍ਰਨੇਡ ਚੁੱਕਦਾ ਤੇ ਰੱਖਦਾ ਨਜ਼ਰੀਂ ਪੈਂਦਾ ਹੈ। ਇਸ ਦੇ ਨਾਲ ਹੀ ਯੂਟਿਊਬ ਦੇ ਵੀਡੀਓ ਲਿੰਕ ਸਨ, ਜਿਸ ਵਿਚ ਗ੍ਰਨੇਡ ਨੂੰ ਚਲਾਉਣ ਸਬੰਧੀ ਲਿੰਕ ਮੌਜੂਦ ਸਨ। ਪੁੱਛਗਿੱਛ ਦੌਰਾਨ ਸ਼ਮਸ਼ੇਰ ਨੇ ਦੱਸਿਆ ਕਿ ਉਸ ਨੂੰ ਪਾਕਿਸਤਾਨ ਵਿਚ ਬੈਠੇ ਜੱਸੇ ਚੌਧਰੀ ਦਾ ਫੋਨ ਆਇਆ ਸੀ ਤੇ ਜੱਸਾ ਕਹਿ ਰਿਹਾ ਸੀ ਕਿ ਉਹ ਗ੍ਰਨੇਡ ਲਿਆਵੇ ਤਾਂ ਜੋ ਟਾਰਗੇਟ ਮੁਤਾਬਕ ਗ੍ਰਨੇਡ ਨੂੰ ਸੁੱਟਿਆ ਜਾ ਸਕੇ। ਨਸ਼ੇ ਤੇ ਪੈਸੇ ਦੀ ਪੇਸ਼ਕਸ਼ ਸੁਣ ਕੇ ਸ਼ਮਸ਼ੇਰ ਮੰਨ ਗਿਆ ਸੀ, ਉਸ ਦੀ ਟ੍ਰੇਨਿੰਗ ਲਈ ਜੱਸਾ ਪਾਕਿਸਤਾਨ ਤੋਂ ਉਸ ਨੂੰ ਗ੍ਰਨੇਡ ਚਲਾਉਣ ਸਬੰਧੀ ਵੀਡੀਓਜ਼ ਭੇਜਣ ਲੱਗਾ। ਹਫ਼ਤੇ ਤੱਕ ਸ਼ਮਸ਼ੇਰ ਵੀਡੀਓਜ਼ ਦੇਖਦਾ ਰਿਹਾ, ਫਿਰ ਉਹ ਤਿੰਨ ਦਿਨ ਤੱਕ ਉਸ ਥਾਂ ਦੀ ਰੇਕੀ ਕਰਦਾ ਰਿਹਾ ਤੇ ਵੀਡੀਓ ਬਣਾ ਕੇ ਜੱਸੇ ਨੂੰ ਭੇਜੀ ਸੀ। ਜਿਸ ਦਿਨ ਗ੍ਰਨੇਡ ਸੁੱਟਣਾ ਸੀ, ਉਸ ਤੋਂ ਇਕ ਰਾਤ ਪਹਿਲਾਂ ਸ਼ਮਸ਼ੇਰ ਮੁੱਕਰ ਗਿਆ। ਇਸ ਤੋਂ ਬਾਅਦ ਇਹ ਕੰਮ ਬਿਹਾਰ ਦੇ ਹਰਸ਼ ਕੁਮਾਰ ਓਝਾ ਨੂੰ ਦਿੱਤਾ ਗਿਆ। ਓਝੇર્ષ ਦੇ ਖ਼ਿਲਾਫ਼ ਰੰਗਦਾਰੀ, ਹਥਿਆਰ ਕਾਨੂੰਨ ਤਹਿਤ ਕਈ ਮਾਮਲੇ ਦਰਜ ਹਨ। ਸ਼ਮਸ਼ੇਰ ਨੂੰ ਕਿਹਾ ਗਿਆ ਕਿ ਉਹ ਗ੍ਰਨੇਡ ਇਕ ਖ਼ਾਸ ਥਾਂ ਰੱਖ ਦੇਵੇ, ਜਿਸ ਨੂੰ ਹਰਿਆਣਾ ਨਿਵਾਸੀ ਅਜੈ ਆ ਕੇ ਲੈ ਜਾਵੇਗਾ ਅਤੇ ਫਿਰ ਓਝੇ ਨੂੰ ਦੇ ਦੇਵੇਗਾ। ਇਸ ਤੋਂ ਪਹਿਲਾਂ ਪੁਲਿਸ ਨੇ ਓਝਾ ਨੂੰ ਬਿਹਾਰ ਵਿਚ ਜਾ ਕੇ ਫੜ ਲਿਆ ਤੇ ਜਦੋਂ ਅਜੈ ਲੁਧਿਆਣੇ ਪੁੱਜਾ ਤਾਂ ਉਸ ਨੂੰ ਵੀ ਫੜ ਲਿਆ। ਇਸ ਪਿੱਛੋਂ ਜੱਸਾ ਚੌਧਰੀ ਨੇ ਗ੍ਰਨੇਡ ਹਮਲਾ ਕਰਨ ਲਈ ਫਾਜ਼ਿਲਕਾ ਦੇ ਪਿੰਡ ਸੇਰੇਵਾਲ ਦੇ ਨਿਵਾਸੀ ਦੀਪੂ ਤੇ ਗੰਗਾਨਗਰ ਦੇ ਪਿੰਡ ਤਾਖਰਾ ਦੇ ਨਿਵਾਸੀ ਰਾਮ ਲਾਲ ਨੂੰ ਭੇਜ ਦਿੱਤਾ, ਜੋ ਕਿ ਪਿਛਲੇ ਦੋ ਦਿਨਾਂ ਤੋਂ ਲੁਧਿਆਣਾ ਵਿਚ ਲੁਕੇ ਹੋਏ ਸਨ। ਜਦੋਂ ਉਹ ਲੁਧਿਆਣਾ ਦੇ ਲਾਡੋਵਾਲ ਇਲਾਕੇ ਤੋਂ ਗ੍ਰਨੇਡ ਚੁੱਕਣ ਆਏ ਤਾਂ ਉਥੇ ਪਹਿਲਾਂ ਤੋਂ ਮੌਜੂਦ ਪੁਲਿਸ ਨੇ ਮੁਲਜ਼ਮਾਂ ਦਾ ਪੁਲਿਸ ਨੇ ਮੁਕਾਬਲਾ ਕਰ ਦਿੱਤਾ।