ਅਮਰੀਕਾ ਵਿਚ ‘ਆਈਸ’ ਦੇ ਨਾਕੇ ਦੌਰਾਨ 76 ਟਰੱਕ ਡਰਾਈਵਰ ਗ੍ਰਿਫ਼ਤਾਰ

 ਅਮਰੀਕਾ ਵਿਚ ਟਰੱਕ ਡਰਾਈਵਰਾਂ ਵਿਰੁੱਧ ਚੱਲ ਰਹੀ ਕਾਰਵਾਈ ਦੌਰਾਨ ਆਈਸ ਵਾਲਿਆਂ ਨੇ ਮੁੜ ਓਕਲਾਹੋਮਾ ਸੂਬੇ ਵਿਚ ਨਾਕਾ ਲਾਉਂਦਿਆਂ 160 ਤੋਂ ਵੱਧ ਟਰੱਕ ਡਰਾਈਵਰਾਂ ਦੀ ਪੁਣ-ਛਾਣ ਕੀਤੀ ਅਤੇ 76 ਜਣਿਆਂ ਨੂੰ ਇੰਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਕਾਬੂ ਕਰ ਕੇ ਡਿਟੈਨਸ਼ਨ ਸੈਂਟਰ ਭੇਜ ਦਿਤਾ ਜਿਨ੍ਹਾਂ ਵਿਚੋਂ ਘੱਟੋ ਘੱਟ 12 ਪੰਜਾਬੀ ਦੱਸੇ ਜਾ ਰਹੇ ਹਨ। ਅਪ੍ਰੇਸ਼ਨ ਗਾਰਡੀਅਨ ਅਧੀਨ ਕੀਤੀ ਗਈ ਕਾਰਵਾਈ ਵਿਚ ਓਕਲਾਹੋਮਾ ਹਾਈਵੇਅ ਪੈਟਰੋਲ ਦੇ ਅਫ਼ਸਰਾਂ ਨੇ ਪੂਰਾ ਸਾਥ ਦਿਤਾ ਅਤੇ ਅੰਗਰੇਜ਼ੀ ਨਾ ਆਉਂਦੀ ਹੋਣ ਕਰ ਕੇ 7 ਜਣਿਆਂ ਦੇ ਟਰੱਕ ਜ਼ਬਤ ਕੀਤੇ ਗਏ। ਇਸ ਤੋਂ ਇਲਾਵਾ ਟੈਕਸਸ ਸੂਬੇ ਦੀ ਸਰਹੱਦ ਨੇੜੇ ਇਕ ਟਰੱਕ ਵਿਚੋਂ 80 ਕਿਲੋ ਭੰਗ ਬਰਾਮਦ ਹੋਣ ਦੀ ਰਿਪੋਰਟ ਹੈ ਅਤੇ ਟਰੱਕ ਡਰਾਈਵਰ ਵਿਰੁੱਧ ਅਪਰਾਧਕ ਦੋਸ਼ ਵੱਖਰੇ ਤੌਰ &rsquoਤੇ ਆਇਦ ਕੀਤੇ ਗਏ। ਦੂਜੇ ਪਾਸੇ ਅੰਗਰੇਜ਼ੀ ਨਾ ਆਉਂਦੀ ਹੋਣ ਕਾਰਨ ਟਰੱਕ ਡਰਾਈਵਿੰਗ ਤੋਂ ਵਿਹਲੇ ਕੀਤੇ ਪ੍ਰਵਾਸੀਆਂ ਦੀ ਗਿਣਤੀ 10 ਹਜ਼ਾਰ ਤੋਂ ਟੱਪ ਚੁੱਕੀ ਹੈ ਅਤੇ ਵੱਖ ਵੱਖ ਰਾਜਾਂ ਵਿਚ ਲੱਗ ਰਹੇ ਨਾਕੇ ਮੁਸ਼ਕਲਾਂ ਪੈਦਾ ਕਰ ਰਹੇ ਹਨ। ਪਿਛਲੇ ਦਿਨੀਂ ਇੰਡਿਆਨਾ ਸੂਬੇ ਦੀਆਂ ਸੜਕਾਂ ਤੋਂ 146 ਟਰੱਕ ਡਰਾਈਵਰਾਂ ਸਣੇ 223 ਪ੍ਰਵਾਸੀਆਂ ਨੂੰ ਕਾਬੂ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਡਰਾਈਵਰਾਂ ਦੇ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਕੈਲੇਫੋਰਨੀਆ, ਨਿਊ ਯਾਰਕ ਅਤੇ ਇਲੀਨੌਇ ਨਾਲ ਸਬੰਧਤ ਦੱਸੇ ਗਏ।