ਸਰਬਜੀਤ ਦਾ ਨਿਕਾਹ : ਦਰਅਸਲ ਲੋਕ ਚਰਚਾ ਦਾ ਵਿਸ਼ਾ ਹੈ ਹੀ ਨਹੀਂ!

ਇਕ ਸਿੱਖ ਬੀਬੀ ਸਰਬਜੀਤ ਕੌਰ ਦੇ ਪਾਕਿਸਤਾਨ ਜਾ ਕੇ ਨਿਕਾਹ ਕਰਨ ਤੋਂ ਭਾਰਤ ਦੀ ਦੁਨੀਆ ਦੁੱਖੀ ਹੋਈ ਪਈ ਹੈ| ਸਵਾਲ ਪੈਦਾ ਹੁੰਦੇ ਹਨ ਕਿ ਅਜਿਹਾ ਕਿਉਂ? ਕੀ ਉਹ ਬੀਬੀ ਪੂਰਨ ਗੁਰਸਿੱਖ ਸੀ ? ਕੀ ਉਸ ਨੇ ਆਪਣੀ ਜਿੰਦਗੀ ਪਾਕਿਸਤਾਨ ਦੇ ਸ਼ਹਿਰੀ ਨਾਲ ਬਿਤਾਉਣ ਦਾ ਫੈਸਲਾ ਕਰਕੇ ਕੋਈ ਬਹੁਤ ਬਜਰ ਗੁਨਾਹ ਕੀਤਾ ਹੈ, ਕੀ ਉਸ ਨੇ ਗੁਰੂ ਨਾਨਕ ਦੇਵ ਦੀ ਦੇ ਗੁਰਪੁਰਬ ਦਾ ਲਾਹਾ ਲੈ ਕੇ ਪਾਕਿਸਤਾਨ ਜਾਣ ਦਾ ਜੋ ਫੈਸਲਾ ਲਿਆ, ਉਹ ਧੋਖਾ ਹੈ? ਕੀ ਉਸ ਨੇ ਕਿਸੇ ਅੰਤਰਰਾਸ਼ਟਰੀ ਇਮੀਗਰੇਸ਼ਨ ਕਾਨੂੰਨ ਦੀ ਕੋਈ ਉਲੰਘਣਾ ਕੀਤੀ ਹੈ ? ਜਾਂ ਫੇਰ ਉਸਦਾ ਇਸ ਤਰਾਂ ਕਰਨਾ ਸਿੱਖ ਧਰਮ ਦੇ ਸਿਧਾਤਾਂ ਦੀ ਉਲੰਘਣਾ ਹੈ ਆਦਿ ਬਹੁਤ ਸਾਰੇ ਸਵਾਲ ਅੱਜਕਲ੍ਹ ਇਸ ਮਾਮਲੇ ਚ ਸ਼ੋਸ਼ਲ ਮੀਡੀਏ ਉੱਤੇ ਚਰਚਾ ਦਾ ਵਿਸ਼ਾ ਹਨ|
ਅਜਾਦੀ ਕੀ ਹੁੰਦੀ ਹੈ? ਨਿਜੀ ਜਿੰਦਗੀ ਕਿਸ ਨੂੰ ਕਹਿੰਦੇ ਹਨ ? ਦੁਨੀਆ ਦਾ ਕਿਹੜਾ ਅਜਿਹਾ ਧਰਮ ਹੈ ਜੋ ਕਿਸੇ ਵਿਅਕਤੀ ਦੀ ਨਿੱਜੀ ਜਿੰਦਗੀ ਦੀ ਅਜਾਦੀ ਉਤੇ ਤਾਲਾ ਲਾਉਂਦਾ ਹੈ, ਉਸ ਨੂੰ ਆਪਣੀ ਮਰਜੀ ਨਾਲ ਜੀਊਣ ਤੋਂ ਰੋਕਦਾ ਹੈ ਜਾਂ ਫਿਰ ਆਪਣੇ ਨਿੱਜੀ ਜ਼ਿੰਦਗੀ ਦੇ ਫ਼ੈਸਲੇ ਕਰਨ ਤੋਂ ਵਰਜਿਤ ਜਾਂ ਮਨਾਹੀ ਕਰਦਾ ਹੈ ? ਆਦਿ ਬਹੁਤ ਸਾਰੇ ਸਵਾਲ ਵੀ ਇਸ ਚਰਚਾ ਨਾਲ ਉਠਦੇ ਹਨ|
ਇਸ ਤਾਜੀ ਘਟਨਾ ਤੋਂ ਪਹਿਲਾਂ ਵੀ ਇਸ ਤਰਾਂ ਦੀ ਇਕ ਘਟਨਾ ਹੋ ਚੁੱਕੀ ਹੈ| ਉਸ ਵੇਲੇ ਵੀ ਬਹੁਤ ਹੋ ਹੱਲਾ ਹੋਇਆ ਸੀ, ਬੜਾ ਕੂਕ ਰੌਲਾ ਪਿਆ ਸੀ| ਇਹ ਸਭ ਕਿਓਂ ਹੁੰਦਾ ਹੈ? ਇਸ ਦਾ ਸਿੱਧਾ ਜਵਾਬ ਹੈ ਕਿ ਅਸੀਂ ਆਪਣੀ ਜਿੰਦਗੀ ਜੀਊਣ ਦੀ ਬਜਾਏ, ਆਪਣੇ ਗਿਰੇਵਾਨ ਚ ਝਾਤ ਮਾਰਨ ਦੀ ਬਜਾਏ ਜਾਂ ਫਿਰ ਆਪਣੀ ਮੰਜੀ ਹੇਠ ਸੋਟਾ ਫੇਰਨ ਦੀ ਬਜਾਏ, ਦੂਸਰੇ ਕੀ ਕਰਦੇ ਹਨ, ਉਹਨਾਂ ਉੱਤੇ ਵਧੇਰੇ ਨਜਰ ਰੱਖਣ ਦੇ ਆਦੀ ਹੋ ਗਏ ਹਾਂ, ਸਾਨੂੰ ਆਪਣੇ ਤੇ ਆਪਣੇ ਘਰ ਪਰਿਵਾਰ ਦਾ ਫਿਕਰ ਨਹੀਂ, ਸਾਡੀ ਬਿਰਤੀ, ਕੰਧ ਉੱਤੇਂ ਦੀ ਜਾਂ ਫਿਰ ਝੀਥਾਂ ਵਿਚੋਂ ਦੀ ਝਾਕ ਕੇ ਆਪਣੇ ਗੁਆਂਢੀਆਂ ਦੇ ਘਰ ਕੀ ਚੱਲ ਰਿਹਾ ਹੈ, ਉਸ ਨੂੰ ਵਾਚਣ ਤੇ ਜਾਨਣ ਵੱਲ ਵਧੇਰੇ ਕੇਂਦਰਤ ਹੋ ਚੁੱਕੀ ਹੈ| 
ਸਾਡੀ ਬਿਰਤੀ, ਕੋਣ ਕੀ ਕਰਦਾ ਹੈ, ਕਿਹੜੇ ਕੱਪੜੇ ਪਾਉਂਦਾ ਹੈ, ਕਿਵੇਂ ਤੁਰਦਾ ਹੈ, ਕਿਵੇਂ ਬੋਲਦਾ ਹੈ, ਕਿਵੇਂ ਵਿਵਹਾਰ ਕਰਦਾ ਹੈ, ਕਿਥੇ ਜਾਂਦਾ ਹੈ ਤੇ ਕੀਹਨੂੰ ਮਿਲਦਾ ਹੈ ਆਦਿ ਸਵਾਲਾਂ ਉੱਤੇ ਵਧੇਰੇ ਟਿਕ ਚੁਕੀ ਹੈ, ਅਸੀਂ ਆਪਣੀ ਇਸ ਬਿਰਤੀ ਵਿਚ ਪੱਕ ਚੁੱਕੇ ਹਾਂ, ਇਸ ਤਰਾਂ ਦੂਸਰਿਆਂ ਬਾਰੇ ਵਿਚ ਸੋਚ ਕੇ ਸਾਨੂੰ ਸੁਆਦ ਮਿਲਦਾ ਹੈ| ਅਸੀਂ ਸਵਾਲੀ ਜੁਮਲੇ ਬਣ ਚੁੱਕੇ ਹਾਂ, ਦੂਸਰਿਆਂ ਦੇ ਨੁਕਸ ਕੱਢਦੇ ਤੇ ਉਛਾਲਦੇ ਹਾਂ ਤੇ ਵਾਹ ਲਗਦੀ ਨੂੰ ਆਪਣੇ ਨੁਕਸ ਲਕੌਣੇ ਸਾਡੀ ਫਿਤਰਤ ਬਣ ਚੁੱਕੀ ਹੈ| 
ਉਂਜ ਮੈ ਅਜਿਹੇ ਲੋਕਾਂ ਨੂੰ ਇਕ ਸਵਾਲ ਪੁੱਛਦਾਂ, ਕਿ ਕਿਸੇ ਦੀ ਨਿੱਜੀ ਜਿੰਦਗੀ ਉੱਤੇ ਖਾਹ ਮ ਖਾਹ ਬਿਨਾਂ ਵਜ੍ਹਾ ਚਿੱਕੜ ਉਛਾਲ ਕੇ, ਉਸ ਦੀ ਬਦਨਾਮੀ ਕਰਕੇ ਮਿਲਦਾ ਕੀ ਹੈ| ਕੀ ਕਿੰਤੂ ਪਰੰਤੂ ਕਰਨ ਵਾਲਿਆਂ ਨੇ ਕਦੇ ਔਕੜ ਸਮੇਂ ਉਹਨਾਂ ਲੋਕਾਂ ਦੀ ਕੋਈ ਮੱਦਦ ਕੀਤੀ ਹੈ ? ਕਦੇ ਪੁੱਛਿਆ ਹੈ ਕਿ ਭਾਈ ਤੂੰ ਕਿਵੇਂ ਹੈਂ, ਕਿਸੇ ਮੱਦਦ ਦੀ ਲੋੜ ਤਾਂ ਨਹੀਂ ? ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਨੱਬੇ ਨਹੀਂ ਅਠੱਨਵੇਂ ਫੀਸਦੀ ਲੋਕਾਂ ਦਾ ਉੱਤਰ ਨਾਂਹ ਵਿਚ ਹੋਵੇਗਾ| ਹੁਣ ਜੇਕਰ ਕੋਈ ਆਪਣੇ ਹਾਲਾਤਾਂ ਦੇ ਥਪੇੜਿਆਂ ਵਿਚੋਂ ਬਾਹਰ ਨਿਕਲਣ ਲਈ ਕੋਈ ਵੱਡਾ ਫੈਸਲਾ ਲੈ ਲੈਂਦਾ ਹੈ ਤਾਂ, ਓਹੀ ਲੋਕ ਜੋ ਪਹਿਲਾਂ ਤਮਾਸ਼ਾ ਦੇਖ ਰਹੇ ਸਨ, ਫਿਰ ਆਲੋਚਨਾ ਕਰਨ ਵਾਸਤੇ ਸਭ ਤੋਂ ਅਗਲੀ ਕਤਾਰ ਵਿਚ ਆਣ ਖੜ੍ਹਦੇ ਹਨ, ਇਸ ਤਰਾਂ ਕਿਓਂ ? ਉਹਨਾਂ ਕੋਲ ਕਿਸੇ ਦੀ ਜਿੰਦਗੀ ਵਿਚ ਦਖਲ ਦੇਣ ਦਾ ਫਿਰ ਕਿਹੜਾ ਅਧਿਕਾਰ ਆ ਜਾਂਦਾ ਹੈ ?
ਮੰਨ ਲਿਆ ਕਿ ਬੀਬੀ ਸਰਬਜੀਤ ਦਾ ਇਕ ਪਾਕਿਸਤਾਨੀ ਨਾਲ ਪਿਛਲੇ 9-10 ਸਾਲ ਤੋਂ ਸ਼ੋਸ਼ਲ ਮੀਡੀਏ ਦੀ ਮਾਰਫਤ ਇਸ਼ਕ ਪੇਚਾ ਚਲਦਾ ਸੀ| ਉਹ ਬੀਬੀ ਬਾਲ ਬੱਚਿਆਂ ਵਾਲੀ ਹੈ, ਉਸ ਦਾ ਘਰ ਵਾਲਾ ਤੀਹ ਸਾਲ ਤੋਂ ਵਿਦੇਸ਼ ਵਿਚ ਰਹਿੰਦਾ, ਉਹ ਬਾਤ ਤੱਕ ਨਹੀਂ ਪੁੱਛਦਾ, ਉਮਰ ਲੰਘਦੀ ਜਾਂਦੀ ਹੈ, ਮੀਆਂ ਬੀਵੀ ਦੇ ਰਿਸ਼ਤੇ ਵਿਚ ਕੁਦਰਤ ਨੇ ਸਾਂਝ ਵਧਾਉਣ ਲਈ ਸਰੀਰਕ ਤੇ ਮਾਨਸਿਕ ਭੇਦ ਰੱਖੇ ਹਨ, ਜੇਕਰ ਦੋਹਾਂ ਵਿਚ ਇਹਨਾਂ ਭੇਦਾਂ ਦੀ ਸਾਂਝ ਨਹੀਂ ਤਾਂ ਫਿਰ ਰਿਸ਼ਤਾ ਕਾਹਦਾ? 
ਦੂਜੀ ਗੱਲ ਇਹ ਕਿ ਮੇਲਾ ਮਨ ਮਿਲਿਆਂ ਦਾ ਹੁੰਦਾ, ਜੇਕਰ ਬਾਲ ਬੱਚੇ ਪੈਦਾ ਕਰਕੇ, ਉਹਨਾਂ ਦੀ ਪਰਵਰਿਸ਼ ਕਰਕੇ, ਤੀਹ ਸਾਲ ਦੇ ਲੰਮੇ ਅਰਸੇ ਬਾਅਦ ਸਰਬਜੀਤ ਨੇ ਪਾਕਿਸਤਾਨੀ ਨਾਗਰਿਕ ਨਾਲ ਨਿਕਾਹ ਕਰਕੇ ਆਪਣੀ ਨਰਕ ਬਣ ਚੁੱਕੀ ਜਿੰਦਗੀ ਵਿਚ ਕੁੱਝ ਰੰਗ ਭਰ ਲਿਆ ਹੈ ਤਾਂ ਉਸ ਦੇ ਇਸ ਨਿੱਜੀ ਫੈਸਲੇ ਬਾਰੇ ਕਿਸੇ ਨੂੰ ਕੀ ਤਕਲੀਫ ਹੋ ਸਕਦੀ ਹੈ ਕਿ ਬਿਨਾ ਕੋਈ ਸੋਚ ਵਿਚਾਰ ਕੀਤਿਆਂ ਹੀ ਜਾਂ ਉਸ ਦੇ ਨਿੱਜੀ ਹਾਲਾਤਾਂ ਤੋਂ ਅਣਜਾਣ ਹੁੰਦਿਆਂ ਹੋਇਆਂ, ਉਸ ਨੂੰ ਬਦਚੱਲਣ, ਬਦਕਾਰ, ਵਿਭਚਾਰੀ ਤੇ ਵੇਸਵਾ ਕਹਿਣ ਲੱਗ ਪੈਣ ਜਾਂ ਫਿਰ ਧਰਮ ਦਾ ਅਪਮਾਨ ਕਰਨ ਵਾਲੀ ਔਰਤ ਕਹਿਣ ਲੱਗ ਪੈਣ ? ਇਥੇ ਇਹ ਜਿਕਰਯੋਗ ਹੈ ਕਿ ਧਰਮ ਹਰ ਵਿਅਕਤੀ ਦਾ ਨਿੱਜੀ ਵਿਸ਼ਾ ਹੈ, ਕੋਈ ਵਿਅਕਤੀ ਆਪਣੀ ਮਰਜੀ ਨਾਲ ਕਦੇ ਵੀ ਇਕ ਤੋਂ ਦੂਜੇ ਧਰਮ ਨੂੰ ਗ੍ਰਹਿਣ ਕਰ ਸਕਦਾ ਹੈ, ਮਨੁੱਖ ਦੇ ਇਸ ਅਧਿਕਾਰ ਨੂੰ ਉਸ ਦਾ ਮੌਲਿਕ ਅਧਿਕਾਰ ਵੀ ਮੰਨਿਆ ਜਾਂਦਾ ਹੈ|
ਅਗਲੀ ਗੱਲ ਇਹ ਕਿ ਜੇਕਰ ਸਰਬਜੀਤ ਪਾਕਿਸਤਾਨੀ ਨਾਲ ਨਿਕਾਹ ਕਰਾ ਤੇ ਦੋਸ਼ੀ ਹੈ ਤਾਂ ਫਿਰ ਉਹ ਸਾਰੇ ਲੋਕ ਵੀ ਦੋਸ਼ੀ ਹਨ ਜੋ ਪੱਛਮੀ ਮੁਲਕਾਂ ਵਿਚ ਜਾਣ ਵਾਸਤੇ ਜਾਂ ਪੱਕੇ ਹੋਣ ਵਾਸਤੇ ਗਲਤ ਮਲਤ ਤਰੀਕੇ ਅਪਣਾ ਕੇ ਵਿਆਹ ਕਰਾਉਂਦੇ ਹਨ|
ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ ਕਿ ਧਰਮ ਹਰ ਵਿਅਕਤੀ ਦਾ ਨਿੱਜੀ ਵਿਸ਼ਾ ਹੈ, ਵਿਆਹ ਕਰਾਉਣ ਵਾਸਤੇ ਜਾਂ ਪਹਿਲਾ ਵਿਆਹ ਤੋੜਕੇ ਦੂਸਰਾ ਕਰਾਉਣ ਵਾਸਤੇ ਮਜ੍ਰਬੀ ਜਾਂ ਨਸਲੀ ਕੱਟੜਤਾ ਜਬਰਦਸਤੀ ਲਾਗੂ ਕਰਨੀ ਮਨੁੱਖੀ ਅਧਿਕਾਰਾਂ ਦਾ ਸਿੱਧੇ ਤੌਰ ਤੇ ਹਨਨ ਹੈ|
ਸ਼ੋਸ਼ਲ ਮੀਡੀਆ ਇਕ ਵਧੀਆ ਪਲੇਟ ਫਾਰਮ ਹੈ| ਇਸ ਰਾਹੀਂ ਲੋਕਾਂ ਦਾ ਸਮਾਜਿਕ ਦਾਇਰਾ ਵੱਡਾ ਹੁੰਦਾ ਹੈ, ਮੇਲ ਮਿਲਾਪ ਵਧਦਾ ਹੈ, ਬਹੁਤ ਸਾਰੀਆਂ ਮਾਨਸਿਕ ਬਿਮਾਰੀਆਂ ਤੋਂ ਨਿਜਾਤ ਮਿਲਦੀ ਤੇ ਇਸ ਦੇ ਨਾਲ ਹੀ ਪੂਰੀ ਦੁਨੀਆ ਦੀ ਜਾਣਕਾਰੀ ਮਿੰਟਾਂ ਸਕਿੰਟਾਂ ਦੀ ਰਫਤਾਰ ਨਾਲ ਪਰਾਪਤ ਹੁੰਦੀ ਹੈ,ਪਰ ਇਸ ਦਾ ਮਤਲਬ ਇਹ ਵੀ ਕਦਾਚਿਤ ਨਹੀਂ ਕਿ ਇਸ ਪਲੇਟ ਫਾਰਮ ਉੱਤੇ ਆ ਕੇ ਬਿਨਾ ਸੋਚੇ ਸਮਝੇ ਹੀ ਬੱਕੜਵਾਹ ਕੀਤੀ ਜਾਵੇ ਜਾਂ ਫਿਰ ਜੋ ਮੁੱਦਾ ਹੈ ਹੀ ਨਹੀਂ ਉਸ ਨੂੰ ਮੁੱਦਾ ਬਣਾ ਲਿਆ ਜਾਵੇ, ਜੀਹਦੀ ਦੇਖੋ, ਉਸ ਦੀ ਇੱਜਤ ਦਾ ਫਲੂਜਾ ਕਰ ਦਿੱਤਾ ਜਾਵੇ, ਇਸ ਮੀਡੀਏ ਰਾਹੀਂ ਅਜਿਹਾ ਕਰਨਾ ਸਰਾਸਰ ਗਲਤ ਹੈ|
ਸਰਬਜੀਤ ਨੇ ਸਿੱਖ ਜਥੇ ਰਾਹੀਂ ਪਾਕਿਸਤਾਨ ਜਾ ਕੇ ਉਥੋਂ ਦੇ ਇਕ ਸ਼ਹਿਰੀ ਨਾਲ ਨਿਕਾਹ ਕਰਾਇਆ, ਇਹ ਇਕ ਖਬਰ ਤਾਂ ਜਰੂਰ ਹੈ ਤੇ ਇਸ ਨੂੰ ਖਬਰ ਤੱਕ ਹੀ ਸੀਮਿਤ ਰੱਖਿਆ ਜਾਣਾ ਚਾਹੀਦਾ ਹੈ, ਪਰ ਗੱਲ ਉਦੋਂ ਖਰਾਬ ਹੁੰਦੀ ਹੈ ਜਦੋਂ ਇਸ ਤਰਾਂ ਦੀ ਖਬਰ ਵਿਚੋਂ ਟੀ ਆਰ ਪੀ ਲੱਭੀ ਜਾਣ ਲਗਦੀ ਹੈ ਤੇ ਇਸ ਮਕਸਦ ਲਈ ਖਬਰ ਨੂੰ ਮਸਾਲਾ ਲਾ ਕੇ ਪੇਸ਼ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ| ਕਿਸੇ ਦੀ ਨਿੱਜੀ ਜਿੰਦਗੀ ਬਾਰੇ ਮੀਡੀਏ ਵਿਚ ਜਾਭਾਂ ਦੇ ਭੇੜ ਜਾਂ ਫਜੂਲ ਦੀਆਂ ਬਹਿਸਾਂ ਸ਼ੁਰੂ ਹੋ ਜਾਂਦੀਆਂ ਹਨ|
ਜੇਕਰ ਸਰਬਜੀਤ ਨੇ ਦੋਹਾਂ ਮੁਲਕਾਂ ਦੇ ਕਾਨੂੰਨਾਂ ਦੀ ਕੋਈ ਉਲੰਘਣਾ ਕੀਤੀ ਹੈ ਤਾਂ ਇਹ ਸਭ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਦੇਖਣਗੀਆਂ, ਸਾਨੂੰ ਤੁਹਾਨੂੰ ਇਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ, ਬਲਕਿ ਸਾਨੂੰ ਆਪਣੀ ਜਿੰਦਗੀ ਵਿਚ ਕੀ ਕੁੱਝ ਚੱਲ ਰਿਹਾ ਹੈ, ਉਸ ਉਤੇ ਆਪਣਾ ਧਿਆਨ ਕੇਂਦਰਤ ਕਰਨ ਦੀ ਲੋੜ ਹੈ, ਉਸ ਬਾਰੇ ਚਿੰਤਾ ਕਰਨ ਦੀ ਲੋੜ ਹੈ| ਸੋ ਸਰਬਜੀਤ ਨੇ ਗਲਤ ਕੀਤਾ ਜਾਂ ਠੀਕ, ਇਹ ਸਾਡੀ ਸੋਚ ਦਾ ਵਿਸ਼ਾ ਹੀ ਨਹੀਂ, ਇਹਦੇ ਬਾਰੇ ਸਰਬਜੀਤ ਜਾਣੇ ਜਾਂ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਜਾਨਣ| ਅਸੀਂ ਇਸ ਤਰਾਂ ਦੇ ਵਿਵਾਦ ਖੜ੍ਹੇ ਕਰਕੇ ਆਪਣੀ ਅਕਲ ਦਾ ਦੀਵਾਲਾ ਕਿਓਂ ਕੱਢੀਏ ਅਤੇ ਆਪਣੇ ਸਮਾਜ ਦੋ ਲੋਕਾਂ ਦੀ ਜਿੰਦਗੀ ਨਰਕ ਕਿਓਂ ਬਣਾਈਏ, ਆਪਣੀ ਦਿਮਾਗੀ ਐਨਰਜੀ ਡਰੇਨ ਕਿਓਂ ਕਰੀਏ ? ਇਹ ਇਸ ਸਮੇਂ ਆਪਾਂ ਸਭਨਾਂ ਵਾਸਤੇ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ|
ਸਰਬਜੀਤ ਨੇ ਸਹੀ ਕੀਤਾ ਹੈ ਜਾਂ ਗਲਤ, ਮੇਰਾ ਇਸ ਨਾਲ ਕੋਈ ਸਰੋਕਾਰ ਨਹੀਂ ਹੈ| ਏਨਾ ਜਰੂਰ ਕਹਾਂਗਾ ਕਿ ਜੋ ਵੀ ਫੈਸਲਾ ਉਸ ਨੇ ਆਪਣੀ ਜਿੰਦਗੀ ਦੇ ਭਵਿੱਖ ਵਾਸਤੇ ਲਿਆ ਹੈ, ਉਸ ਦੇ ਵਾਸਤੇ ਉਹ ਖੁਦ ਜਿੰਮੇਵਾਰ ਹੈ, ਨਾ ਤਾਂ ਉਸ ਨੇ ਇਹ ਫੈਸਲਾ ਸਾਥੋਂ ਪੁੱਛਕੇ ਲਿਆ ਹੈ ਤੇ ਨਾ ਹੀ ਸਾਨੂੰ ਇਸ ਬਾਰੇ ਕੋਈ ਕਿੰਤੂ ਪਰੰਤੂ ਕਰਨ ਦੀ ਲੋੜ ਤੇ ਅਧਿਕਾਰ ਹੈ| ਕੇਈ ਇਰ ਵਿਆਹ ਕਰਾਂਉਦਾ ਹੈ ਜਾਂ ਦਸ, ਇਹ ਉਹਦੀ ਮਰਜੀ, ਕੋਈ ਪਾਕਿਸਤਾਨ ਜਾ ਕੇ ਕਰਾਵੇ ਜਾਂ ਦੁਨੀਆ ਦੇ ਕਿਸੇ ਹੋਰ ਮੁਲਕ ਵਿਚ, ਇਹ ਉਹਦੀ ਮਰਜ਼ੀ, ਕਿਸ ਨੇ ਕਿਹੜਾ ਧਰਮ ਮੰਨਣਾ ਹੈ ਜਾਂ ਨਹੀਂ, ਇਸ ਉਤੇ ਕਿਸੇ ਦਾ ਕੋਈ ਕੁੰਡਾ ਨਹੀਂ, ਸੋਚਣ ਵਾਲੀ ਵੱਡੀ ਗੱਲ ਇਹ ਹੈ ਕਿ ਅਸੀਂ ਖੁਦ ਕਿਥੇ ਖੜ੍ਹੇ ਹਾਂ, ਸਾਡੀ ਆਪਣੀ ਸੋਚ ਦਾ ਮਿਆਰ ਕੀ ਹੈ ? ਕੀ ਅਸੀਂ ਕਦੇ ਸੋਚਿਆ ਹੈ ਕਿ ਜਿਸ ਸੰਭੋਗ ਕਿਰਿਆ ਨੂੰ ਅਸੀਂ ਦਿਨ ਦੇ ਉਜਾਲੇ ਵਿਚ ਅਸੱਭਿਅਕ ਤੇ ਗੰਦੀ ਹਰਕਤ ਕਹਿੰਦੇ ਹਾਂ, ਓਹੀ ਕਿਰਿਆ ਸਾਡੇ ਵਾਸਤੇ ਰਾਤ ਦੇ ਹਨੇਰੇ ਚ ਸਹੀ ਹੁੰਦੀ ਹੈ, ਆਨੰਦਦਾਇਕ ਹੁੰਦੀ ਹੈ ਜਦ ਕਿ ਪੱਛਮੀ ਮੁਲਕਾਂ ਦੇ ਲੋਕਾਂ ਵਾਸਤੇ, ਇਹ ਸਭ ਕੁਦਰਤੀ ਵਰਤਾਰਾ ਹੈ| ਇਸ ਵਿਚ ਅਸੱਭਿਅਕ ਜਾਂ ਅਸ਼ਲੀਲਤਾ ਕਿਧਰੇ ਵੀ ਨਹੀਂ| ਫਰਕ ਸਿਰਫ ਸੋਚ ਦਾ ਹੈ, ਸਾਡੇ ਸਮਾਜ ਵਿਚ ਦੂਹਰੇ ਮਾਪਡੰਡ ਹਨ ਤੇ ਅਸੀਂ ਭਾਰਤੀ ਲੋਕ ਸੋਚ ਪੱਖੋਂ ਅਜੇ ਵੀ ਬਹੁਤ ਪੱਛੜੇ ਹੋਏ ਹਾਂ| ਏਹੀ ਕਾਰਨ ਹੈ ਕਿ ਅੱਜ ਇੱਕੀਵੀਂ ਸਦੀ ਦੇ ਯੁੱਗ ਵਿਚ ਵੀ ਇਥੇ ਬਾਤ ਦਾ ਬਤੰਗੜ ਬਣਾਉਣਾ ਆਮ ਜਿਹੀ ਗੱਲ ਹੈ|
ਮੁਕਦੀ ਗੱਲ ਇਹ ਕਿ ਹਰ ਰੋਈ ਆਪਣੇ ਢੰਗ ਨਾਲ ਸੋਚਦਾ ਹੈ, ਆਪਣੇ ਨਿੱਜੀ ਫਾਇਦੇ ਬਾਰੇ ਸੋਚਦਾ ਹੈ, ਅਸੀਂ ਆਪਣੇ ਚੰਗੇ ਜਾਂ ਮੰਦੇ ਕਰਮਾਂ ਵਾਸਤੇ ਆਪ ਜਿੰਮੇਵਾਰ ਹਾਂ| ਸੋ ਸਰਬਜੀਤ ਦੇ ਬਾਰੇ ਬਹੁਤ ਸੋਚਣ ਦੀ ਲੋੜ ਨਹੀਂ, ਜਿੰਦਗੀ ਕਰਮਾਂ ਸੰਦੜਾ ਖੇਤ ਹੈ, ਜੋ ਬੀਜਾਂਗੇ ਓਹੀ ਵੱਢਾਂਗੇ| ਸਾਨੂੰ ਆਪਣੇ ਕਰਮਾਂ ਉਤੇ ਧਿਆਨ ਮਾਰਨ ਦੀ ਲੋੜ ਹੈ| ਅਸੀਂ ਆਪਣੀ ਸੋਚ ਅਤੇ ਭਾਵਨਾਵਾਂ ਦੂਸਰਿਆਂ ਉੱਤੇ ਨਹੀਂ ਥੋਪ ਸਕਦੇ, ਜਦੋਂ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕਰਾਂਗੇ, ਦੁਖੀ ਹੋਵਾਂਗੇ| ਏਹੀ ਕਾਰਨ ਹੈ ਕਿ ਸਰਬਜੀਤ ਦੇ ਨਿਕਾਹ ਦੇ ਮੁੱਦੇ ਨੂੰ ਕੇਂਦਰ ਮੰਨਕੇ ਸਾਡੇ ਵਿਚੋਂ ਬਹੁਤੇ ਲੋਕ ਦੁਖੀ ਤੇ ਪਰੇਸ਼ਾਨ ਹਨ ਜਦ ਕਿ ਅਸਲ ਵਿਚ ਅਜਿਹੀ ਕੋਈ ਗੱਲ ਹੈ ਹੀ ਨਹੀਂ, ਸਿਵਾਏ ਇਕ ਖਬਰ ਤੋਂ| ਇਸ ਕਰਕੇ ਮੇਰੀ ਜਾਚੇ ਸਰਬਜੀਤ ਉਰਫ ਨੂਹਾਂ ਦੇ ਨਿਕਾਹ ਦਾ ਮਸਲਾ ਉਸ ਦਾ ਨਿੱਜੀ ਹੈ| ਇਹ ਮਸਲਾ ਕਿਸੇ ਵੀ ਤਰਾਂ ਲੋਕ ਚਰਚਾ ਦਾ ਵਿਸ਼ਾ ਨਹੀਂ ਹੈ|
ਸ਼ਿੰਗਾਰਾ ਸਿੰਘ ਢਿੱਲੋਂ