ਸਿੱਖ ਸੇਵਕ ਸੋਸਾਇਟੀ ਦੀ ਮਨੁੱਖਤਾ ਭਰੀ ਸੇਵਾ — 11 ਸਾਲਾ ਬੱਚੀ ਹਰਪ੍ਰੀਤ ਕੌਰ ਦੀ ਅੱਖ ਦੇ ਅਪਰੇਸ਼ਨ ਦਾ ਖ਼ਰਚਾ ਚੁੱਕਿਆ

 ਸ਼ਾਹਕੋਟ, ਪਿੰਡ ਮੰਡਾਲਾ ਛੰਨਾ: ਬੀਤੇ ਦਿਨੀ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਦੇ ਚੇਅਰਮੈਨ ਸ. ਰਾਜਿੰਦਰ ਸਿੰਘ ਪੁਰੇਵਾਲ ਯੂਕੇ ਅਤੇ ਮੁੱਖ ਸੇਵਾਦਾਰ ਸ. ਪਰਮਿੰਦਰ ਪਾਲ ਸਿੰਘ ਖਾਲਸਾ ਦੀ ਅਗਵਾਈ ਹੇਠ ਸੋਸਾਇਟੀ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ।

ਜਾਣਕਾਰੀ ਮੁਤਾਬਕ, ਪਿੰਡ ਮੰਡਾਲਾ ਛੰਨਾ (ਤਹਿਸੀਲ ਸ਼ਾਹਕੋਟ) ਦੀ 11 ਸਾਲਾ ਬੱਚੀ ਹਰਪ੍ਰੀਤ ਕੌਰ, ਪੁੱਤਰੀ ਚੰਨਾ ਸਿੰਘ, ਜੋ ਕਿ ਜਨਮ ਤੋਂ ਹੀ ਅੱਖਾਂ ਤੋਂ ਵੇਖਣ ਵਿੱਚ ਅਸਮਰੱਥ ਹੈ, ਨੂੰ ਸੋਸਾਇਟੀ ਦੇ ਸੇਵਾਦਾਰਾਂ ਵੱਲੋਂ ਬੀਤੇ ਦਿਨ ਜਲੰਧਰ ਦੇ ਪ੍ਰਸਿੱਧ ਚਿਕਿਤਸਕ ਡਾ. ਆਰ. ਪੀ. ਐਸ. ਭਾਟੀਆ (ਭਾਟੀਆ ਅੱਖਾਂ ਦਾ ਹਸਪਤਾਲ) ਵਿਚ ਲੈ ਜਾ ਕੇ ਮੈਡੀਕਲ ਜਾਂਚ ਕਰਵਾਈ ਗਈ।

ਜਾਂਚ ਦੌਰਾਨ ਡਾ. ਭਾਟੀਆ ਨੇ ਵਿਸ਼ੇਸ਼ ਮਸ਼ੀਨਾਂ ਰਾਹੀਂ ਬੱਚੀ ਦੀ ਹਾਲਤ ਬਾਰੇ ਦੱਸਦਿਆਂ ਕਿਹਾ ਕਿ ਬੱਚੀ ਦੀ ਖੱਬੀ ਅੱਖ ਜਨਮ ਤੋਂ ਹੀ ਬਣੀ ਨਹੀਂ, ਜਿਸ ਕਾਰਨ ਉਸ ਵਿੱਚ ਰੌਸ਼ਨੀ ਨਹੀਂ ਹੈ। ਜਦਕਿ ਸੱਜੀ ਅੱਖ ਵਿੱਚ ਚਿੱਟਾ ਮੋਤੀਆ ਅਤੇ ਅੱਗੇ ਵਾਲੀ ਲੇਅਰ ਦੀ ਧੁੰਦਲਾਹਟ ਕਾਰਨ ਬੱਚੀ ਨੂੰ ਬਹੁਤ ਧੁੰਦਲਾ ਦਿਖਾਈ ਦਿੰਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਅਪਰੇਸ਼ਨ ਨਾ ਕੀਤਾ ਗਿਆ ਤਾਂ ਬੱਚੀ ਦਾ ਬਾਕੀ ਰਹਿੰਦਾ ਨਜ਼ਰ ਦਾ ਸਹਾਰਾ ਵੀ ਖੋ ਸਕਦੀ ਹੈ। ਇਲਾਜ ਦੇ ਤੌਰ ਤੇ ਅਪਰੇਸ਼ਨ ਹੀ ਇੱਕ ਮਾਤਰ ਵਿਕਲਪ ਹੈ, ਜਿਸ ਦੀ ਲਾਗਤ ਕਰੀਬ 50 ਹਜ਼ਾਰ ਰੁਪਏ ਹੈ।

ਪਰਿਵਾਰ ਦੀ ਬਹੁਤ ਹੀ ਨਾਜ਼ੁਕ ਆਰਥਿਕ ਸਥਿਤੀ ਨੂੰ ਵੇਖਦਿਆਂ ਸ. ਪਰਮਿੰਦਰ ਪਾਲ ਸਿੰਘ ਖਾਲਸਾ ਨੇ ਬੱਚੀ ਦੇ ਪੂਰੇ ਅਪਰੇਸ਼ਨ ਦਾ ਖਰਚਾ ਸਿੱਖ ਸੇਵਕ ਸੋਸਾਇਟੀ ਵਲੋਂ ਚੁੱਕਣ ਦਾ ਐਲਾਨ ਕੀਤਾ, ਤਾਂ ਜੋ ਬੱਚੀ ਗੁਰੂ ਨਾਨਕ ਸਾਹਿਬ ਦੀ ਸਿਰਜੀ ਸੋਹਣੀ ਦੁਨੀਆਂ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕੇ।

ਸੋਸਾਇਟੀ ਵੱਲੋਂ ਦੱਸਿਆ ਗਿਆ ਕਿ ਬੱਚੀ ਦਾ ਅਪਰੇਸ਼ਨ ਜਲਦੀ ਹੀ ਕਰਵਾਇਆ ਜਾ ਰਿਹਾ ਹੈ ਅਤੇ ਇਹ ਕਦਮ ਮਨੁੱਖਤਾ ਅਤੇ ਸੇਵਾ ਪ੍ਰੇਮ ਦੀ ਉੱਚੀ ਮਿਸਾਲ ਹੈ।