ਸਮੁੱਚੀ ਮਾਨਵਤਾ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਹੱਕਾਂ ਦਾ ਸਨੇਹਾ ਦਿੰਦੀ ਨੌਵੇ ਪਾਤਿਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਤਿੰਨ ਗੁਰਸਿੱਖਾਂ ਦੀ ਮਹਾਨ ਸ਼ਹਾਦਤ ਦੇ 350 ਸਾਲਾਂ ਨੂੰ ਸਮਰਪਿਤ ਗੁਰਦੁਆਰਾ ਸਿੱਖ ਸੈਂਟਰ ਵਿੱਚ ਕਰਵਾਏ ਸਮਾਗਮ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਿੱਖ ਕੌਮ ਦੇ ਭਵਿੱਖ ਨੌਜਵਾਨ ਬੱਚਿਆਂ ਨੂੰ ਇਹਨਾਂ ਮਹਾਨ ਸ਼ਹਾਦਤਾਂ ਦੇ ਫਲਸਫੇ ਤੋਂ ਜਾਣੂ ਕਰਾਉਣ ਲਈ ਜਰਮਨ ਭਾਸ਼ਾ ਵਿੱਚ ਲਿਟਰੇਚਰ ਵੰਡਿਆ ਗਿਆ ।

ਫਰੈਂਕਫਰਟ : ਸਮੁੱਚੀ ਮਾਨਵਤਾ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਹੱਕਾਂ ਲਈ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀਆਂ ਮਹਾਨ ਸ਼ਹਾਦਤਾਂ ਦੇ 350 ਸਾਲਾਂ ਨੂੰ ਸਮਰਪਿਤ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿੱਚ ਮਹਾਨ ਸ਼ਹੀਦੀ ਸਮਾਗਮ ਕਰਵਾਏ ਗਏ । ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਲਖਵੀਰ ਸਿੰਘ ਭਾਈ ਚਮਕੌਰ ਸਿੰਘ ਸਭਰਾ ਦੇ ਜਥੇ ਤੇ ਬੱਚਿਆਂ ਨੇ ਇਲਾਹੀ ਗੁਰਬਾਣੀ ਦੇ ਕੀਰਤਨ ਦੁਆਰਾ ਤੇ ਭਾਈ ਤਰਸੇਮ ਸਿੰਘ ਦੇ ਜਥੇ ਕਵੀਸ਼ਰੀ ਵਾਰਾ ਰਾਹੀ ਸ਼ਰਧਾਂ ਦੇ ਫੁੱਲ ਭੇਟ ਕੀਤੇ ।
ਭਾਈ ਗੁਰਭੇਜ ਸਿੰਘ ਅਨੰਦਪੁਰੀ ਨੇ ਗੁਰਮਤਿ ਵੀਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਅਦੁੱਤੀ ਸ਼ਹਾਦਤ ਨੂੰ ਹਿੰਦ ਦੀ ਚਾਦਰ ਜਾਂ ਹਿੰਦੂਆਂ ਲਈ ਦਿੱਤੀ ਕੁਰਬਾਨੀ ਕਹਿਣਾ ਠੀਕ ਨਹੀਂ ਉਹ ਤਾਂ ਸ੍ਰਿਸ਼ਟੀ ਦੀ ਚਾਦਰ ਸਨ । ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਹਨਾਂ ਦੇ ਤਿੰਨ ਗੁਰਸਿੱਖਾਂ ਦੀ ਮਹਾਨ ਸ਼ਹਾਦਤ ਨੂੰ ਸਿਜਦਾ ਤੇ ਅਕੀਦਤ ਪੇਸ਼ ਕਰਦਿਆਂ ਹੋਇਆਂ ਕਿਹਾ ਕਿ ਇਹਨਾਂ ਮਹਾਨ ਸ਼ਹਾਦਤਾਂ ਦੇ ਫਲਸਫੇ ਨੂੰ ਸਮਝਣ ਦੀ ਲੋੜ ਹੈ । ਉਸ ਸਮੇਂ ਦੇ ਦਿੱਲੀ ਤਖ਼ਤ ਤੇ ਬੈਠੇ ਔਰੰਗਜੇਬ ਵੱਲੋਂ ਕਸ਼ਮੀਰ ਪੰਡਤਾਂ ਦਾ ਧਰਮ ਪਰਿਵਰਤਨ ਕਰਨ ਦੀ ਮੁਹਿੰਮ ਚਲਾਈ ਸੀ । ਕਸ਼ਮੀਰੀ ਪੰਡਤਾਂ ਦੇ ਵਿਦਵਾਨਾਂ ਦਾ ਧਰਮ ਪਰਿਵਰਤਨ ਤੋਂ ਬਚਣ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਰਨ ਵਿੱਚ ਆਉਣਾ, ਜਦ ਕਿ ਮਹਾਂਰਸ਼ਟਰ ਵਿੱਚ ਮਰਹੱਟਿਆਂ ਤੇ ਛੋਟੀਆਂ ਰਿਆਸਤਾ ਤੇ ਹਿੰਦੂ ਰਾਜਿਆਂ ਦਾ ਰਾਜ ਸੀ ਉਸਦਾ ਭਾਵ ਇਹੀ ਹੈ ਕਿ ਉਹਨਾਂ ਨੇ ਇਹਨਾਂ ਹਿੰਦੂ ਰਾਜਿਆਂ ਦੀ ਬਜਾਏ ਗੁਰੂ ਸਾਹਿਬ ਦੀ ਸ਼ਰਨ ਆਉਣ ਦਾ ਫੈਸਲਾ ਕੀਤਾ । ਇਸ ਦਾ ਮਤਲਬ ਇਹੀ ਹੈ ਕਿ ਕਸ਼ਮੀਰੀ ਪੰਡਤਾਂ ਨੇ ਇਹਨਾਂ ਸਭ ਰਾਜਿਆਂ ਤੋਂ ਗੁਰੂ ਸਾਹਿਬ ਜੀ ਨੂੰ ਮਹਾਨ ਤੇ ਸੁਪਰੀਮ ਸਮਝਿਆ ਸੀ ।
ਗੁਰੂ ਸਾਹਿਬ ਜੀ ਨੇ ਵੀ ਜੋ ਸ਼ਰਨ ਆਏ ਤਿਸ ਕੰਠ ਲਾਏ ਅਨੁਸਾਰ ਉਹਨਾਂ ਪੰਡਤਾਂ ਨੂੰ  ਚਿਤਾਰਿਆ ਨਹੀਂ ਕਿ ਇਹ ਖੁਦ ਵੀ ਵਰਣਨ ਵੰਡ ਜਾਤ ਪਾਤ, ਊਚ ਨੀਚ  ਦੇ ਨਾਮ ਹੇਠ ਮਨੁੱਖੀ ਹੱਕਾਂ ਦਾ ਘਾਣ ਕਰ ਰਹੇ ਸਨ । ਸੰਗਤ ਜੀ, ਅੱਜ ਵੀ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ ਸਿਰਫ ਅੱਜ ਔਰੰਗਜੇਬ ਨੇ ਭੇਸ ਵਟਾਇਆ ਹੈ । ਸਾਨੂੰ ਬਿਬੇਕ ਬੁੱਧ ਨਾਲ ਪਛਾਣ ਕਰਨ ਦੀ ਲੋੜ ਹੈ । ਔਰੰਗਜੇਬ, ਬਾਈਧਾਰ ਦੇ ਹਿੰਦੂ ਰਾਜੇ, ਲੱਖਪੱਤ, ਜਸਪੱਤ, ਗੰਗੂ, ਚੰਦੂ ਅੱਜ ਵੀ ਮੌਜੂਦ ਹਨ । ਕੀ ਅੱਜ ਦਾ ਔਰੰਗਜੇਬ ਆਪਣੀਆਂ ਫੌਜਾਂ ਦੁਆਰਾ ਉਨ੍ਹਾਂ ਹੀ ਕਸ਼ਮੀਰੀਆਂ ਤੇ ਮੁਸਲਮਾਨ ਕਮਿਊਨਟੀ ਉੱਤੇ ਪਿੱਛਲੇ ਛੇ ਸਾਲਾਂ ਤੋਂ ਜ਼ੁਲਮ ਨਹੀ ਕਰ ਰਿਹਾ ? ਖੀ ਪੰਜਾਬ ਦੀ ਤੇ ਸਿੱਖਾਂ ਦੀ ਧਾਰਮਿਕ, ਆਰਥਿਕ, ਸਮਾਜਿਕ ਤੇ ਰਾਜਸੀ ਤੌਰਤੇ ਨਸਲਕੁਸ਼ੀ ਨਹੀਂ ਕੀਤੀ ਜਾ ਰਿਹੀ ? ਸਗੋਂ ਅੱਜ ਦੀ ਹਕੂਮਤ ਸਿੱਖ ਕੌਮ ਨੂੰ ਆਪਣੇ ਵਿੱਚ ਸਮੇਟਣ ਲੱਗੀ ਹੋਈ ਹੈ ਤੇ ਸਿੱਖ ਭੇਸ ਵਾਲੇ ਅੱਜ ਪਹਾੜੀ ਬਾਈਧਾਰ ਦੇ ਰਾਜਿਆਂ, ਗੰਗੂਆਂ ਤੇ ਸੁੱਚੇ ਨੰਦ ਦਾ ਰੋਲ ਅਦਾ ਕਰ ਰਹੇ ਹਨ ।
ਉਨ੍ਹਾਂ ਕਿਹਾ ਕਿ ਸੰਗਤ ਆਪ ਜੀ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੁਰਸਿੱਖਾਂ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਿੱਖ ਨੌਜਵਾਨੀ ਨੂੰ ਇਹਨਾਂ ਮਹਾਨ ਸ਼ਹਾਦਤਾਂ ਦੇ ਫਲਸਫੇ ਤੋਂ ਜਾਣੂ ਕਰਾਉਣ ਤੇ ਪ੍ਰਚਾਰ ਹਿੱਤ ਜਰਮਨ ਭਾਸ਼ਾ ਵਿੱਚ ਇੱਕ ਛੋਟਾ ਜਿਹਾ ਕਿਤਾਬਚਾ ਜਾਰੀ ਕੀਤਾ ਗਿਆ । ਬੱਚੇ ਇਸ ਨੂੰ ਆਪਨ ਪੜ੍ਹਣ ਤੇ ਅੱਗੇ ਆਪਣੇ ਸਕੂਲਾਂ ਵਿੱਚ ਇਹਨਾਂ ਮਹਾਨ ਸ਼ਹਾਦਤਾਂ ਬਾਰੇ ਹੋਰਨਾਂ ਨੂੰ ਵੀ ਜਾਣੂ ਕਰਾਉਣ । ਇਸ ਦੇ ਨਾਲ ਹੀ ਗੁਰੂ ਸਾਹਿਬ ਜੀ ਦੀ ਗੁਰਬਾਣੀ ਨੂੰ ਸਲਾਇਡਾਂ ਰਾਹੀਂ, ਜਿਸ ਦੇ ਜਰਮਨ ਵਿੱਚ ਭਾਵ ਅਰਥ ਲਿਖੇ ਗਏ ਸਨ, ਦਿਖਾਇਆ ਗਿਆ । ਸ਼ਹੀਦੀ ਸਮਾਗਮ ਮੌਕੇ ਸਟੇਜ ਦੀ ਸੇਵਾ ਹੀਰਾ ਸਿੰਘ ਮੱਤੇਵਾਲ ਨੇ ਨਿਭਾਈ । ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਸਤਨਾਮ ਸਿੰਘ ਬਾਈਰਾਟਸ ਭਾਈ ਨਰਿੰਦਰ ਸਿੰਘ , ਹਰਤਾਜ ਸਿੰਘ ਗਾੜਾ, ਬੱਬਾ ਸਿੰਘ ਗਿੱਲ, ਦਲੇਰ ਸਿੰਘ ਮੁਲਤਾਨੀ ਹਾਜਰ ਰਹੇ ।