ਸਿਨਸਿਨੈਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਵਰੇ੍ਹ ਨੂੰ ਸਮਰਪਿਤ 23ਵਾਂ ਸਲਾਨਾ ਕੀਰਤਨ ਸਮਾਗਮ ਕਰਵਾਇਆ ਗਿਆ -ਅਮਰੀਕਾ ਅਤੇ ਕੈਨੇਡਾ ਤੋਂ ਸਿੱਖ ਸੰਗਤ ਨੇ ਕੀਤੀ ਸ਼ਮੂਲੀਅਤ

ਸਿਨਸਿਨੈਟੀ, ਅਮਰੀਕਾ (ਸਮੀਪ ਸਿੰਘ ਗੁਮਟਾਲਾ): ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨੈਟੀ ਦੇ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨੈਟੀ ਗੁਰਦੁਆਰਾ ਸਾਹਿਬ ਵਿਖੇ 23ਵਾਂ ਸਲਾਨਾ ਤਿੰਨ ਦਿਨਾਂ ਕੀਰਤਨ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਵਰ੍ਹੇ ਦਾ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਅਤੇ ਭਾਈ ਸਤੀ ਦਾਸ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕੀਤਾ ਗਿਆ।
ਹਰ ਸਾਲ ਵਾਂਗ, ਇਸ ਵਾਰ ਵੀ ਟੋਰਾਂਟੋ, ਮਿਸ਼ੀਗਨ ਅਤੇ ਅਮਰੀਕਾ ਤੇ ਕੈਨੇਡਾ ਦੇ ਹੋਰਨਾਂ ਸ਼ਹਿਰਾਂ ਤੋਂ ਗੁਰਸਿੱਖ ਪਰਿਵਾਰ ਅਨੰਦਮਈ ਕੀਰਤਨ ਸਰਵਣ ਕਰਨ ਅਤੇ ਸੰਗਤ ਕਰਨ ਲਈ ਕਈ ਘੰਟਿਆਂ ਦੀ ਯਾਤਰਾ ਕਰਕੇ ਪਹੁੰਚੇ। ਸਿਨਸਿਨੈਟੀ ਅਤੇ ਨਾਲ ਲੱਗਦੇ ਸ਼ਹਿਰ ਡੇਟਨ ਦੀ ਸੰਗਤ ਇਸ ਸਾਲਾਨਾ ਸਮਾਗਮ ਦੀ ਬੇਸਬਰੀ ਨਾਲ ਉਡੀਕ ਕਰਦੀ ਹੈ।
ਇਸ ਸਮਾਗਮ ਦੀ ਵਿਲੱਖਣਤਾ ਇਹ ਰਹੀ ਕਿ ਇਸ ਵਿੱਚ ਬੱਚਿਆਂ ਤੋਂ ਲੈ ਕੇ ਵਡੇਰੀ ਉਮਰ ਦੀ ਸੰਗਤ ਨੇ ਰਲ ਕੇ ਸੰਗਤੀ ਰੂਪ ਵਿੱਚ ਤਕਰੀਬਨ 20 ਘੰਟੇ ਕੀਰਤਨ ਦੀ ਸੇਵਾ ਨਿਭਾਈ। ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਕੀਰਤਨੀਆਂ ਵੱਲੋਂ ਵਿਸ਼ੇਸ਼ ਤੌਰ 'ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਅਤੇ &ldquoਸਲੋਕ ਮਹਲਾ ੯&rdquo ਦਾ ਕੀਰਤਨ ਗਾਇਨ ਕੀਤਾ ਗਿਆ, ਜਿਸਨੇ ਸਾਰਾ ਮਾਹੌਲ ਵੈਰਾਗਮਈ ਬਣਾ ਦਿੱਤਾ। ਗੁਰੂ ਗ੍ਰੰਥ ਸਾਹਿਬ &lsquoਚ ਗੁਰੂ ਸਾਹਿਬ ਦੇ 59 ਸ਼ਬਦ ਅਤੇ 57 ਸਲੋਕ, 15 ਰਾਗਾਂ &lsquoਚ ਦਰਜ ਹਨ। 
ਕੀਰਤਨ ਸਮਾਗਮ ਦੌਰਾਨ ਸਾਰੇ ਨਾਮ ਦੇ ਪ੍ਰੇਮ ਵਿੱਚ ਰੰਗੇ ਹੋਏ ਸਨ ਅਤੇ ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਸੰਗਤ ਵਿਚ ਬੈਠੇ ਕਿਸੇ ਨੂੰ ਘਰ ਜਾਣ ਜਾਂ ਸੌਣ ਦੀ ਕੋਈ ਇੱਛਾ ਨਹੀਂ ਸੀ। ਗੁਰੂ ਕੇ ਲੰਗਰਾਂ ਵਿੱਚ ਸੇਵਾ ਨਿਰੰਤਰ ਚੱਲਦੀ ਰਹੀ ਅਤੇ ਨਾਮ ਦੀ ਗੂੰਜ ਮਹਿਸੂਸ ਹੁੰਦੀ ਰਹੀ।