ਪੰਜਾਬੀ ਭਾਸ਼ਾ ਨੂੰ ਵਿੱਦਿਆ ਮਾਧਿਅਮ ਅਤੇ ਹੋਰ ਖੇਤਰਾਂ ਵਿੱਚ ਲਾਗੂ ਕਰਨ ਸਬੰਧੀ ਵਿਚਾਰ ਗੋਸ਼ਟੀ - ਉੱਘੇ ਵਿਦਵਾਨ ਦੇਸ਼ ਵਿਦੇਸ਼ ਚੋਂ ਪੁੱਜੇ

ਲੁਧਿਆਣਾ- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਭਾਸ਼ਾ ਸਾਹਿਤ ਸੱਭਿਆਚਾਰਕ ਮਾਮਲੇ ਡਾਇਰੈਕਟੋਰੇਟ ਮਾਮਲੇ ਵੱਲੋਂ ਪੰਜਾਬੀ ਭਾਸ਼ਾ ਦੇ ਵਿਗਿਆਨ ਅਤੇ ਹੋਰ ਵਿਸ਼ਿਆਂ ਵਿੱਚ ਮਾਧਿਅਮ ਵਜੋਂ ਪ੍ਰਗਤੀ ਅਤੇ ਸਮੱਸਿਆਵਾਂ ਵਿਸ਼ੇ ਤੇ 4 ਦਸੰਬਰ, 2025 ਨੂੰ ਉਚੇਚੀ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਕੋਆਰਡੀਨੇਟਰ ਸ੍ਰ. ਜਸਪਾਲ ਸਿੰਘ (ਰਿਟਾ. ਏ.ਜੀ.ਐਮ., ਪੀ.ਐਸ.ਬੀ.) ਹੋਰਾਂ ਦਸਿਆ ਕਿ ਇੰਗਲੈਂਡ ਤੋਂ ਉਚੇਚੇ ਤੌਰ ਤੇ ਪੁੱਜੇ ਡਾ. ਬਲਦੇਵ ਸਿੰਘ ਕੰਦੋਲਾ ਤੇ ਸ੍ਰ. ਸ਼ਿੰਦਰਪਾਲ ਸਿੰਘ ਮਾਹਲ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਸਬੰਧੀ ਕੀਤੇ ਜਾ ਰਹੇ ਨਿਰੰਤਰ ਯਤਨਾਂ ਦਾ ਵਿਸਤ੍ਰਿਤ ਵਰਨਣ ਕੀਤਾ। ਡਾ. ਕੰਦੋਲਾ ਹੋਰਾਂ ਆਪਣੇ ਏਅਰੋ ਡਾਇਨਾਮਿਕਸ ਦੇ ਪੀ.ਐਚ.ਡੀ. ਦੇ ਕਾਰਜ ਦੇ ਅਧਾਰ ਤੇ ਪੰਜਾਬੀ ਵਿੱਚ ਉੱਚ ਵਿੱਦਿਆ ਦੇ ਪਾਠਕਰਮ ਅਤੇ ਸ਼ਬਦ ਕੋਸ਼ ਤਿਆਰ ਕੀਤੇ ਹਨ। ਉਹਨਾਂ ਦੱਸਿਆ ਕਿ ਵਿਗਿਆਨ ਕੀ ਹੈ? ਅਤੇ ਵਿਗਿਆਨ ਤਰਕ ਸਿਰਲੇਖ ਵਾਲੀਆਂ ਦੋ ਪੁਸਤਕਾਂ ਦਾ ਪ੍ਰਕਾਸ਼ਨ ਕਰਕੇ ਪੰਜਾਬੀ ਭਾਸ਼ਾ ਵਿੱਚ ਪ੍ਰਗਤੀਵਾਦ ਦੀ ਸੋਚ ਸਾਹਮਣੇ ਲਿਆਂਦੀ ਹੈ। ਡਾ. ਕੰਦੋਲਾ ਨੇ ਆਪਣੇ ਅਨੁਭਵਾਂ ਦਾ ਵਿਸਤ੍ਰਿਤ ਵਰਣਨ ਕਰਦਿਆਂ ਪੰਜਾਬ ਦੇ ਬਹੁਤ ਖੇਤਰਾਂ ਵਿੱਚ ਪੰਜਾਬੀ ਲਾਗੂ ਨਾ ਹੋਣ ਤੇ ਚਿੰਤਾ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਪੰਜਾਬੀ ਵਿੱਚ ਪਾਠਕਰਮ ਤਿਆਰ ਕਰਨ ਵੱਲ ਅਤੇ ਸਰਕਾਰੀ ਤੇ ਅਦਾਲਤਾਂ ਵਿੱਚ ਪੰਜਾਬੀ ਲਾਗੂ ਕਰਨ ਲਈ ਉੱਦਮ ਕਰਨ ਦੀ ਲੋੜ ਹੈ। ਉਨ੍ਹਾ ਸਕੂਲਾਂ ਵਿਚ ਪੰਜਾਬੀ ਲਾਗੂ ਕਰਨ ਅਤੇ ਮੁੱਢ ਤੋਂ ਪੰਜਾਬੀ ਮਾਧਿਅਮ ਰੱਖਣ ਤੇ ਜ਼ੋਰ ਦਿੱਤਾ। ਉੱਘੇ ਕੰਪਿਊਟਰ ਲੇਖਕ ਡਾ. ਸੀ. ਪੀ. ਕੰਬੋਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਯੂਨੀਵਰਸਿਟੀ ਰਾਹੀਂ ਅਤੇ ਆਪਣੇ ਵੱਲੋਂ ਕੀਤੇ ਜਾ ਰਹੇ ਪੰਜਾਬੀ ਕੰਪਿਊਟਰੀਕਰਨ ਕਾਰਜਾਂ ਦਾ ਵਰਨਣ ਕੀਤਾ। ਉਹਨਾਂ ਨੇ ਦੱਸਿਆ ਕਿ ਕੰਪਿਊਟਰ ਦੇ ਪੰਜਾਬੀ ਵਿੱਚ ਯੂਨੀਕੋਡ ਅਤੇ ਦਰਜਨ ਦੇ ਕਰੀਬ ਕੋਰਸ ਕਰਕੇ ਬਹੁਤ ਵਿਦਿਆਰਥੀ, ਪ੍ਰਕਾਸ਼ਨ, ਯੂ ਟਿਉਬਰ, ਬਲੋਗਰ ਆਦਿ ਦੇ ਕੰਮ ਵਿੱਚ ਲੱਗੇ ਹਨ। ਡਾਕਟਰ ਕੰਬੋਜ ਦੀਆਂ ਪ੍ਰਕਾਸ਼ਨਾਵਾਂ ਅਤੇ ਅਮਲੀ ਰੂਪ ਵਿੱਚ ਕੰਪਿਊਟਰੀਕਰਨ ਦੇ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਹੋਈ। ਲੰਡਨ ਤੋਂ ਸ੍ਰ. ਸ਼ਿੰਦਰਪਾਲ ਸਿੰਘ ਮਾਹਲ ਹੋਰਾਂ ਦੱਸਿਆ ਕਿ ਉਹ ਚਾਰ ਦਹਾਕੇ ਤੋਂ ਲੰਡਨ ਵਿੱਚ ਰਹਿ ਰਹੇ ਹਨ ਅਤੇ ਪੰਜਾਬੀ ਭਾਸ਼ਾ ਬਾਰੇ ਉਹਨਾਂ ਦਾ ਸਮਰਪਣ ਲੋਕਾਂ ਵਿੱਚ ਹੈਰਾਨੀ ਪੈਦਾ ਕਰਦਾ ਹੈ। ਉਹਨਾਂ ਨੇ ਭਾਸ਼ਾ ਵਿਭਾਗ, ਪੰਜਾਬੀ ਸਾਹਿਤ ਅਕੈਡਮੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਪੀ.ਏ.ਯੂ., ਪੰਜਾਬ ਕਲਾ ਪ੍ਰੀਸ਼ਦ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਕੀਤੇ ਕਾਰਜਾਂ, ਗੋਸ਼ਟੀਆਂ ਤੇ ਵਿਚਾਰਾਂ ਦਾ ਵਿਸਤ੍ਰਿਤ ਵਰਨਣ ਕੀਤਾ। ਉਹਨਾਂ ਪੰਜਾਬੀ ਦਾ ਪਹਿਲਾ ਕੀਅ-ਬੋਰਡ ਵੀ ਪੇਸ਼ ਕੀਤਾ ਜਿਸ ਦੀ ਸਿਖਲਾਈ ਥਾਂ ਪੁਰ ਥਾਂ ਉਹਨਾਂ ਦੀ ਟੀਮ ਵੱਲੋਂ ਦਿੱਤੀ ਜਾਂਦੀ ਹੈ। ਕੀਅ ਬੋਰਡ ਬਿਨਾ ਪੰਜਾਬੀ ਭਾਸ਼ਾ ਦਾ ਪੂਰਨ ਵਿਕਾਸ ਸੰਭਵ ਨਹੀਂ!
ਪ੍ਰਸਿੱਧ ਨਾਵਲਕਾਰ ਅਤੇ ਕਾਨੂੰਨੀ ਮਾਹਰ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੇ ਸੰਚਾਲਕ ਮਿੱਤਰ ਸੈਨ ਮੀਤ ਹੋਰਾਂ ਦੱਸਿਆ ਕਿ ਕਿਵੇਂ ਪਿਛਲੇ ਸਮੇਂ ਵਿੱਚ ਸਟੱਡੀ ਸਰਕਲ ਵਲੋਂ ਕਰਵਾਈਆਂ ਤਿੰਨ ਕੌਮਾਂਤਰੀ ਪੰਜਾਬੀ ਭਾਸ਼ਾਵਾਂ ਕਾਨਫਰੰਸਾਂ ਵਿੱਚ ਪਾਸ ਹੋਏ ਮਤਿਆਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣ ਲਈ ਯਤਨ ਹੋਏ ਅਤੇ ਸਕੂਲਾਂ ਵਿੱਚ ਪੰਜਾਬੀ ਲਾਗੂ ਕਰਵਾਉਣ ਵਿੱਚ ਬਹੁਤ ਹੱਦ ਤੱਕ ਸਫਲਤਾ ਵੀ ਮਿਲੀ। ਸਰਕਾਰਾਂ ਵੱਲੋਂ ਅਦਾਲਤਾਂ ਵਿੱਚ ਪੰਜਾਬੀ ਵਿੱਚ ਫੈਸਲੇ ਜਾਰੀ ਕਰਨ ਲਈ ਸਟੈਨੋਗ੍ਰਾਫਰ ਦੀ ਭਰਤੀ ਵਿੱਚ ਦੇਰੀ ਹੁੰਦੀ ਜਾ ਰਹੀ ਹੈ।ਉਨ੍ਹਾ ਦੱਸਿਆ ਕਿ ਸਰਕਾਰ ਦੇ ਸਿੱਖਿਆ ਸਕੱਤਰ ਨਾਲ ਮੀਟਿੰਗ ਵਿੱਚ ਕਿਵੇਂ ਯੂਨੀਕੋਡ ਨੂੰ ਲਾਗੂ ਕਰਨ ਵਿੱਚ ਸਫਲਤਾ ਮਿਲੀ। ਉਨ੍ਹਾ ਚਿੰਤਾ ਪ੍ਰਗਟਾਈ ਕਿ ਪੰਜਾਬੀ ਵਿੱਚ ਕਾਨੂੰਨੀ ਪੜਾਈ ਦੀਆਂ ਪਾਠ ਪੁਸਤਕਾਂ ਹੀ ਤਿਆਰ ਨਹੀਂ ਹਨ।