ਕੰਗਨਾ ਰਣੌਤ ਮਾਣਹਾਨੀ ਕੇਸ, ਬਠਿੰਡਾ ਕੋਰਟ ‘ਚ ਹੋਈ ਸੁਣਵਾਈ, ਬੇਬੇ ਮਹਿੰਦਰ ਕੌਰ ਪਹੁੰਚੀ ਅਦਾਲਤ

ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨਾਲ ਸਬੰਧਤ ਮਾਣਹਾਨੀ ਦੇ ਮਾਮਲੇ ਦੀ ਸੁਣਵਾਈ ਵੀਰਵਾਰ ਨੂੰ ਪੰਜਾਬ ਦੀ ਬਠਿੰਡਾ ਅਦਾਲਤ ਵਿੱਚ ਹੋਈ, ਪਰ ਅਦਾਕਾਰਾ ਪੇਸ਼ ਨਹੀਂ ਹੋਈ। ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕੰਗਨਾ ਦੇ ਵਕੀਲ ਨੇ ਪੇਸ਼ ਹੋਣ ਤੋਂ ਛੋਟ ਦੀ ਬੇਨਤੀ ਕੀਤੀ।

ਇਹ ਮਾਮਲਾ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਬਜ਼ੁਰਗ ਮਹਿਲਾ ਕਿਸਾਨ ਬਠਿੰਡਾ ਨਿਵਾਸੀ ਮਹਿੰਦਰ ਕੌਰ ਵਿਰੁੱਧ ਕੀਤੀਆਂ ਟਿੱਪਣੀਆਂ ਨਾਲ ਸਬੰਧਤ ਹੈ। ਵੀਰਵਾਰ ਨੂੰ ਬਜ਼ੁਰਗ ਮਹਿੰਦਰ ਕੌਰ ਅਤੇ ਇੱਕ ਹੋਰ ਗਵਾਹ ਗੁਰਪ੍ਰੀਤ ਸਿੰਘ, ਬਠਿੰਡਾ ਅਦਾਲਤ ਵਿੱਚ ਪੇਸ਼ ਹੋਏ। ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ।

ਅਦਾਲਤ ਤੋਂ ਬਾਹਰ ਆ ਕੇ ਬਜ਼ੁਰਗ ਮਹਿੰਦਰ ਕੌਰ ਨੇ ਕਿਹਾ ਕਿ ਉਹ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਕੋਈ ਮੁਆਫ਼ੀ ਨਹੀਂ ਦਿੱਤੀ ਜਾਵੇਗੀ। ਉਹ ਅਖੀਰ ਤੱਕ ਕੇਸ ਲੜੇਗੀ। ਬਜ਼ੁਰਗ ਔਰਤ ਆਪਣੇ ਪਤੀ ਅਤੇ ਵਕੀਲ ਨਾਲ ਵ੍ਹੀਲਚੇਅਰ &lsquoਤੇ ਅਦਾਲਤ ਵਿੱਚ ਪਹੁੰਚੀ। ਬੇਬੇ ਮਹਿੰਦਰ ਕੌਰ ਨੇ ਕਿਹਾ ਕਿ ਭਵਿੱਖ ਵਿੱਚ ਕੋਈ ਵੀ ਅਜਿਹੀਆਂ ਟਿੱਪਣੀਆਂ ਨਹੀਂ ਕਰੇਗਾ ਅਤੇ ਉਹ ਇਨਸਾਫ਼ ਮਿਲਣ ਤੱਕ ਕਾਨੂੰਨੀ ਲੜਾਈ ਲੜਦੀ ਰਹੇਗੀ।

ਅਦਾਲਤ ਵਿੱਚ ਬਜ਼ੁਰਗ ਮਹਿੰਦਰ ਕੌਰ ਤੋਂ ਵੀ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ। ਉਸ ਦੇ ਗਵਾਹ, ਗੁਰਪ੍ਰੀਤ ਸਿੰਘ ਤੋਂ ਟਵਿੱਟਰ (ਐਕਸ) ਬਾਰੇ ਵੀ ਸਵਾਲ ਪੁੱਛੇ ਗਏ। ਵਕੀਲ ਮੁਤਾਬਕ ਮਾਮਲੇ ਦੀ ਅਗਲੀ ਸੁਣਵਾਈ 15 ਦਸੰਬਰ ਨੂੰ ਹੋਵੇਗੀ।