ਨਾਭਾ ’ਚ ਨਾਮਜ਼ਦਗੀ ਭਰਨ ਜਾਂਦੇ ਕਾਂਗਰਸੀ ਉਮੀਦਵਾਰ ਤੋਂ ਕਾਗਜ਼ ਖੋਹੇ

ਬਲਾਕ ਸਮਿਤੀ ਬਨੇਰਾ ਤੋਂ ਨਾਮਜ਼ਦਗੀ ਭਰਨ ਪਹੁੰਚੇ ਸਾਬਕਾ ਸਰਪੰਚ ਗੁਰਮੀਤ ਕੌਰ ਦੇ ਕਾਗਜ਼ ਕਥਿਤ ਪ੍ਰਸ਼ਾਸਨ ਦੀ ਇਮਾਰਤ ਦੇ ਅੰਦਰੋ ਖੋਹੇ ਲਏ ਗਏ। ਗੁਰਮੀਤ ਕੌਰ ਦੇ ਪਤੀ ਭੀਮ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਨਾਮਜ਼ਦਗੀ ਦਰਜ ਕਰਾਉਣ ਜਾ ਰਹੇ ਸੀ ਕਿ ਡੀਐੱਸਪੀ ਨਾਭਾ ਦੇ ਕਮਰੇ ਦੇ ਬਿਲਕੁਲ ਬਾਹਰ ਰਾਹਦਾਰੀ ਵਿੱਚੋਂ ਇੱਕ ਨੌਜਵਾਨ ਮੇਰੇ ਕੋਲੋਂ ਫਾਇਲ ਖੋਹ ਕੇ ਭੱਜ ਗਿਆ।
ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਮੀਤ ਕੌਰ ਨੇ ਦੱਸਿਆ ਕਿ ਉਹ ਜਲਦੀ ਹੀ ਕਾਗਜ਼ ਦੋਬਾਰਾ ਤਿਆਰ ਕਰਕੇ ਆਪਣੇ ਪੱਤਰ ਜਮਾ ਕਰਾਉਣਗੇ ਪਰ ਚੋਣ ਕਮਿਸ਼ਨ ਦੀ ਬਿਲਕੁਲ ਨੱਕ ਹੇਠ ਇਹ ਧੱਕੇਸ਼ਾਹੀ ਹੋ ਰਹੀ ਹੈ। ਇਸ ਮੌਕੇ ਕਾਂਗਰਸ ਸਰਕਾਰ ਚ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੇ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ ਕਿ ਇਹ ਉਮੀਦਵਾਰ ਨਾਲ ਧੱਕਾ ਨਹੀਂ ਬਲਕਿ ਵੋਟਰ ਨਾਲ ਧੱਕਾ ਹੈ ਕਿਉਂਕਿ ਸਰਕਾਰ ਆਪਣੇ ਉਮੀਦਵਾਰ ਧੱਕੇ ਨਾਲ ਲੋਕਾਂ ਉੱਪਰ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ।
ਨਾਭਾ ਡੀਐੱਸਪੀ ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਉਕਤ ਸ਼ਿਕਾਇਤ ਉਨ੍ਹਾਂ ਦੇ ਧਿਆਨ ਵਿੱਚ ਆਈ ਹੈ, ਦੋਸ਼ੀ ਦੀ ਪਛਾਣ ਕਰਕੇ ਉਸ ਖ਼ਿਲਾਫ਼ ਸਖਤ ਕਾਨੂੰਨੀ ਕਰਵਾਈ ਕੀਤੀ ਜਾਵੇਗੀ।