ਅਮਰੀਕਾ ਨੇ ਡਿਪੋਰਟ ਕੀਤੇ 18,822 ਭਾਰਤੀ

ਵਾਸ਼ਿੰਗਟਨ : ਅਮਰੀਕਾ ਤੋਂ 18,822 ਭਾਰਤੀ ਡਿਪੋਰਟ ਕੀਤੇ ਜਾ ਚੁੱਕੇ ਹਨ ਅਤੇ ਟਰੰਪ ਸਰਕਾਰ ਦੀ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੀ ਤਾਂ ਦੇਸ਼ ਨਿਕਾਲੇ ਦੇ ਸਾਰੇ ਰਿਕਾਰਡ ਟੁੱਟ ਜਾਣਗੇ। ਜੀ ਹਾਂ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵੱਲੋਂ ਸੰਸਦ ਵਿਚ ਪੇਸ਼ ਅੰਕੜਿਆਂ ਮੁਤਾਬਕ 28 ਨਵੰਬਰ ਤੱਕ ਟਰੰਪ ਸਰਕਾਰ 3,258 ਭਾਰਤੀਆਂ ਨੂੰ ਅਮਰੀਕਾ ਵਿਚੋਂ ਕੱਢ ਚੁੱਕੀ ਹੈ ਅਤੇ 2009 ਤੋਂ ਬਾਅਦ ਕਿਸੇ ਵੀ ਵਰ੍ਹੇ ਦਾ ਇਹ ਸਭ ਤੋਂ ਉਚਾ ਅੰਕੜਾ ਮੰਨਿਆ ਜਾ ਰਿਹਾ ਹੈ। ਟਰੰਪ ਸਰਕਾਰ ਵੱਲੋਂ ਅਮਰੀਕਾ ਤੋਂ ਡਿਪੋਰਟ ਭਾਰਤੀਆਂ ਵਿਚੋਂ ਸਭ ਤੋਂ ਵੱਧ ਗਿਣਤੀ ਪੰਜਾਬੀਆਂ ਅਤੇ ਹਰਿਆਣੇ ਵਾਲਿਆਂ ਦੀ ਹੈ। ਡਿਪੋਰਟ ਹੋ ਕੇ ਭਾਰਤ ਪੁੱਜੇ ਜ਼ਿਆਦਾਤਰ ਭਾਰਤੀ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਜਦਕਿ ਵੀਜ਼ਾ ਮਿਆਦ ਲੰਘਣ ਤੋਂ ਬਾਅਦ ਵਾਪਸੀ ਨਾ ਕਰਨ ਵਾਲੇ ਅਤੇ ਅਪਰਾਧਕ ਮਾਮਲਿਆਂ ਵਿਚ ਦੋਸ਼ੀ ਕਰਾਰ ਦਿਤੇ ਭਾਰਤੀ ਨਾਗਰਿਕ ਵੀ ਸ਼ਾਮਲ ਸਨ। ਮੌਜੂਦਾ ਵਰ੍ਹੇ ਦੌਰਾਨ ਡਿਪੋਰਟ ਭਾਰਤੀ ਨਾਗਰਿਕਾਂ ਵਿਚੋਂ 2,032 ਕਮਰਸ਼ੀਅਲ ਫਲਾਈਟਸ ਰਾਹੀਂ ਦਿੱਲੀ ਪੁੱਜੇ ਜਦਕਿ 1,226 ਨੂੰ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਨੇ ਚਾਰਟਰਡ ਫ਼ਲਾਈਟ ਜਾਂ ਫੌਜ ਦੇ ਜਹਾਜ਼ ਰਾਹੀਂ ਡਿਪੋਰਟ ਕੀਤਾ।