ਯੂ.ਕੇ. ਵਿਚ ਅਚਨਚੇਤ ਲਾਪਤਾ ਹੋਇਆ ਭਾਰਤੀ ਨੌਜਵਾਨ

ਲੰਡਨ : ਯੂ.ਕੇ. ਦੀ ਭੀੜ-ਭਾੜ ਵਾਲੀ ਸੜਕ ਤੋਂ ਲੰਘ ਰਿਹਾ ਆਰਿਅਨ ਸ਼ਰਮਾ ਅਜਿਹਾ ਗਾਇਬ ਹੋਇਆ ਕਿ 11 ਦਿਨ ਬਾਅਦ ਵੀ ਉਸ ਦੀ ਕੋਈ ਉਘ ਸੁੱਘ ਨਹੀਂ ਮਿਲ ਸਕੀ। 20 ਸਾਲ ਦੇ ਆਰਿਅਨ ਸ਼ਰਮਾ ਨੂੰ ਆਖਰੀ ਵਾਰ ਲੈਸਟਰਸ਼ਾਇਰ ਦੇ ਲਫ਼ਬ੍ਰਾਅ ਇਲਾਕੇ ਵਿਚ ਦੇਖਿਆ ਗਿਆ। 23 ਨਵੰਬਰ ਨੂੰ ਤਕਰੀਬਨ 9.30 ਵਜੇ ਉਹ ਆਪਣੇ ਘਰੋਂ ਬਾਹਰ ਆਇਆ ਅਤੇ ਸਟੈਨਫਰਡ ਵੱਲ ਪੈਦਲ ਹੀ ਰਵਾਨਾ ਹੋ ਗਿਆ। ਤਕਰੀਬਨ ਤਿੰਨ ਘੰਟੇ ਬਾਅਦ ਆਰਿਅਨ ਇਕ ਸੀ.ਸੀ.ਟੀ.ਵੀ. ਕੈਮਰੇ ਵਿਚ ਸੜਕ ਤੋਂ ਲੰਘਦਾ ਨਜ਼ਰ ਆਉਂਦਾ ਹੈ ਪਰ ਇਸ ਤੋਂ ਬਾਅਦ ਕਿਸੇ ਵੀ ਸਰਵੇਲੈਂਸ ਕੈਮਰਾ ਵਿਚ ਉਸ ਦੀ ਤਸਵੀਰ ਰਿਕਾਰਡ ਨਾ ਹੋ ਸਕੀ। ਲੈਸਟਰਸ਼ਾਇਰ ਪੁਲਿਸ ਵੱਲੋਂ ਆਰਿਨ ਦੀ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿਚ ਉਹ ਲਫ਼ਬ੍ਰਾਅ ਟਾਊਨ ਸੈਂਟਰ ਦੀ ਇਕ ਸੜਕ ਤੋਂ ਲੰਘਦਾ ਦੇਖਿਆ ਜਾ ਸਕਦਾ ਹੈ। ਡਿਟੈਕਟਿਵ ਇੰਸਪੈਕਟਰ ਜੌਨਾਥਨ ਡਿਕਨਜ਼ ਨੇ ਦੱਸਿਆ ਕਿ ਆਰਿਅਨ ਦੇ ਘਰੋਂ ਬਾਹਰ ਆਉਣ ਤੋਂ ਲੈ ਕੇ ਟਾਊਨ ਸੈਂਟਰ ਇਲਾਕੇ ਤੱਕ ਤਿੰਨ ਘੰਟੇ ਦੀਆਂ ਸਰਗਰਮੀਆਂ ਨੂੰ ਡੂੰਘਾਈ ਨਾਲ ਘੋਖਿਆ ਜਾ ਰਿਹਾ ਹੈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸਾਂਝੀ ਕੀਤੀ ਜਾਵੇ। ਆਰਿਅਨ ਦੇ ਕਜ਼ਨ ਜੱਗੀ ਸਾਹਨੀ ਨੇ ਦੁਖੀ ਪਰਵਾਰ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ। ਪਰਵਾਰ ਦਾ ਹਰ ਜੀਅ ਆਰਿਅਨ ਦੀ ਸੁਰੱਖਿਅਤ ਵਾਪਸੀ ਚਾਹੁੰਦਾ ਹੈ। ਉਹ ਕਿਸੇ ਦਾ ਵੱਡਾ ਭਰਾ ਹੈ ਅਤੇ ਸਾਡੇ ਪਰਵਾਰ ਦੇ ਪੰਜ ਮੁੰਡਿਆਂ ਵਿਚੋਂ ਇਕ ਹੈ।