ਮਰਦਾਂ ਦੀਆਂ ਖੁਦਕੁਸ਼ੀਆਂ ਖਿਲਾਫ ਜਾਗਰੂਕਤਾ ਲਈ ਮਹੀਨੇ 'ਚ 710 ਕਿਲੋਮੀਟਰ ਤੁਰਿਆ ਗੁਰਮੀਤ ਸਿੰਘ ਸਿੱਧੂ

 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨੀਆ ਦੀ ਧਰਤੀ &lsquoਤੇ ਨਵੰਬਰ ਮਹੀਨੇ ਨੂੰ ਮੋਵੈਂਬਰ ਜਾਣੀ ਕਿ ਮੁੱਛਾਂ ਰੱਖਣ ਜਾਂ ਵਧਾਉਣ ਕਰਕੇ ਵੀ ਜਾਣਿਆ ਜਾਂਦਾ ਹੈ। ਪਰ ਬਹੁਤ ਥੋੜੇ ਲੋਕ ਜਾਣਦੇ ਹੋਣਗੇ ਕਿ ਇਸ ਪਿੱਛੇ ਮਰਦਾਂ ਦੀ ਮਾਨਸਿਕ ਸਿਹਤ ਦਾ ਨਰੋਆਪਣ ਦੇਖਣ ਦੀ ਚਾਹਤ ਵੀ ਛੁਪੀ ਹੋਈ ਹੈ। ਜਿਕਰਯੋਗ ਹੈ ਕਿ ਮਰਦ ਤੇ ਔਰਤ ਜ਼ਿੰਦਗੀ ਦੀ ਗੱਡੀ ਦੇ ਦੋ ਪਹੀਏ ਮੰਨੇ ਜਾਂਦੇ ਹਨ। ਮਰਦ ਆਪਣਾ ਪਰਿਵਾਰ ਪਾਲਣ, ਚਲਾਉਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਦਾ ਹੈ। ਪਰ ਬਹੁਤ ਵਾਰ ਚੁੱਪ ਰਹਿੰਦਾ ਹੈ। ਚੁੱਪ ਰਹਿ ਕੇ ਆਪਣੇ ਦੁੱਖ, ਤਕਲੀਫਾਂ ਨੂੰ ਅੰਦਰੋਂ ਅੰਦਰ ਪੀਂਦੇ ਰਹਿਣਾ ਬਹੁਤ ਸਾਰੀਆਂ ਮਾਨਸਿਕ ਸਮੱਸਿਆਵਾਂ ਦਾ ਕਾਰਨ ਬਣ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਮਰਦਾਂ ਦੀ ਆਤਮ ਹੱਤਿਆ ਕਰਨ ਦੀ ਦਰ ਦਿਨੋ ਦਿਨ ਵੱਧਦੀ ਜਾ ਰਹੀ ਹੈ। ਅੰਕੜੇ ਦੱਸਦੇ ਹਨ ਕਿ ਹਰ ਘੰਟੇ ਵਿੱਚ 60 ਮਰਦ ਖੁਦਕੁਸ਼ੀ ਕਰਦੇ ਹਨ। ਆਪਣਾ ਦੁੱਖ ਦੂਜੇ ਨਾਲ ਸਾਂਝਾ ਕਰੋ, ਮੁਸ਼ਕਿਲਾਂ ਕੋਲੋਂ ਹਾਰ ਕੇ ਜ਼ਿੰਦਗੀ ਨੂੰ ਅਲਵਿਦਾ ਨਾ ਕਹੋ ਦਾ ਸੁਨੇਹਾ ਦੇਣ ਲਈ ਗਰੇਵਜੈਂਡ ਦੇ ਗੁਰਮੀਤ ਸਿੰਘ ਸਿੱਧੂ ਨੇ 600 ਕਿਲੋਮੀਟਰ ਪੈਦਲ ਤੁਰਨ ਦਾ ਟੀਚਾ ਮਿਥਿਆ ਸੀ। ਪਰ ਉਹਨਾਂ ਨੇ 710 ਕਿਲੋਮੀਟਰ ਤੁਰਨ ਉਪਰੰਤ ਸਮਾਪਤੀ ਕੀਤੀ। ਪੇਸ਼ੇ ਵਜੋਂ ਅਧਿਆਪਕ ਗੁਰਮੀਤ ਸਿੰਘ ਸਿੱਧੂ ਨੇ ਆਪਣੇ ਸਕੂਲ ਜਾਣ ਤੋਂ ਪਹਿਲਾਂ ਜਾਂ ਸਕੂਲੋਂ ਵਾਪਸ ਆ ਕੇ ਆਪਣਾ ਸੁਖ ਆਰਾਮ ਤਿਆਗ ਕੇ ਇਸ ਨਿਵੇਕਲੇ ਕਾਰਜ ਲੇਖੇ ਸਮਾਂ ਲਾਇਆ। ਉਹਨਾਂ ਦਾ ਕਹਿਣਾ ਹੈ ਕਿ ਉਹ ਉਹਨਾਂ ਮਰਦਾਂ ਦੀ ਆਵਾਜ਼ ਬਣਨਾ ਲੋਚਦੇ ਹਨ ਜੋ ਇਹ ਸਮਝਦੇ ਹਨ ਕਿ ਉਹ ਬੋਲ ਨਹੀਂ ਸਕਦੇ। ਮਰਦਾਂ ਦੀ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਲਿਆਉਣੀ ਉਹਨਾਂ ਦਾ ਮੁੱਖ ਮੰਤਵ ਹੈ। ਉਹਨਾਂ ਇਸ ਕਾਰਜ ਵਿੱਚ ਸ਼ਾਮਿਲ ਹੋਏ ਵਿਦਿਆਰਥੀਆਂ, ਸਹਿਕਰਮੀਆਂ ਤੇ ਭਾਈਚਾਰੇ ਦੇ ਲੋਕਾਂ ਦਾ ਹਾਰਦਿਕ ਧੰਨਵਾਦ ਕੀਤਾ।