ਬਰਤਾਨੀਆ ਦੇ ਪ੍ਰਧਾਨ ਮੰਤਰੀ ਵੱਲੋਂ ਹਰ ਸਾਲ ਕ੍ਰਿਸਮਸ ਮੌਕੇ ਆਪਣੇ ਗ੍ਰਹਿ ਵਿਖੇ ਕੀਤੀ ਜਾਂਦੀ ਪਾਰਟੀ ਚ ਸ਼ਾਮਿਲ ਹੋਇਆ ਪਗੜੀਧਾਰੀ ਸਿੱਖ

*ਅਕਾਲੀ ਦਲ ਬਾਦਲ ਅਤੇ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਮੁਖਤਿਆਰ ਸਿੰਘ ਝੰਡੇਰ ਨੇ ਪ੍ਰਧਾਨ ਮੰਤਰੀ ਕੀਟ ਸਟਾਰਮਰ ਨੂੰ ਦਿੱਤੀ ਕ੍ਰਿਸਮਿਸ ਅਤੇ ਨਵੇਂ ਸਾਲ ਦੀ ਮੁਬਾਰਕਬਾਦ

ਲੈਸਟਰ (ਇੰਗਲੈਂਡ) (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਵੱਲੋਂ ਹਰ ਸਾਲ ਕ੍ਰਿਸਮਸ ਮੌਕੇ ਆਪਣੇ ਗ੍ਰਹਿ ਵਿਖੇ ਕੀਤੀ ਜਾਂਦੀ ਕ੍ਰਿਸਮਸ ਟਰੀ ਪਾਰਟੀ ਵਿੱਚ ਇਸ ਵਾਰ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਪੰਜਾਬੀ ਮੁਖਤਿਆਰ ਸਿੰਘ ਝੰਡੇਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਹਨ ਅਤੇ ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਹਨ, ਨੂੰ ਇਕਲੋਤੇ ਪਗੜੀ ਧਾਰੀ ਪੰਜਾਬੀ ਵਜੋਂ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ । ਮੁਖਤਿਆਰ ਸਿੰਘ ਝੰਡੇਰ ਨੇ ਇਸ ਸਬੰਧੀ ਅਜੀਤ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਬੇਟੀ ਹਰਕਮਲ ਕੌਰ ਪਿਛਲੇ ਕੁਝ ਸਮੇਂ ਤੋਂ ਬਰਤਾਨੀਆ ਪੁਲਿਸ ਵਿੱਚ ਸੇਵਾਵਾਂ ਨਿਭਾ ਰਹੀ ਹੈ ਤੇ ਇਸ ਦੇ ਚਲਦਿਆਂ ਹੀ ਕੁਝ ਦਿਨ ਪਹਿਲਾਂ ਉਹਨਾਂ ਨੂੰ ਅਤੇ ਉਹਨਾਂ ਦੀ ਬੇਟੀ ਨੂੰ ਕ੍ਰਿਸਮਿਸ ਮੌਕੇ ਹਰ ਸਾਲ ਹੋਣ ਵਾਲੀ ਪ੍ਰਧਾਨ ਮੰਤਰੀ ਦੇ ਗ੍ਰਹਿ ਵਿਖੇ ਪਾਰਟੀ ਚ ਸ਼ਾਮਿਲ ਹੋਣ ਦਾ ਸੱਦਾ ਮਿਲਿਆ। ਜਿਸ ਤੋਂ ਬਾਅਦ ਉਹ ਆਪਣੀ ਬੇਟੀ ਸਮੇਤ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਟ ਸਟਾਰਮਰ ਦੇ ਸੱਦੇ ਤੇ ਉਨਾਂ ਦੇ ਗ੍ਰਹਿ ਵਿਖੇ ਪਾਰਟੀ ਦੇ ਸ਼ਾਮਿਲ ਹੋਣ ਲਈ ਪੁੱਜੇ, ਜਿੱਥੇ ਉਹਨਾਂ ਨੇ ਪ੍ਰਧਾਨ ਮੰਤਰੀ ਕੀਟ ਸਟਾਰਮਰ ਨੂੰ ਮਿਲ ਕੇ ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਇਸ ਪਾਰਟੀ ਚ ਕੇਵਲ ਤੇ ਕੇਵਲ ਪਗੜੀਧਾਰੀ ਪੰਜਾਬੀ ਵਜੋਂ ਸ ਮੁਖਤਿਆਰ ਸਿੰਘ ਝੰਡੇਲ ਹੀ ਸ਼ਾਮਿਲ ਹੋਏ ਸਨ,ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਟ ਸਟਾਰਮਰ ਨਾਲ ਕੁਝ ਸਮਾਂ ਮੁਲਾਕਾਤ ਕੀਤੀ ਗਈ , ਉਹਨਾਂ ਦੱਸਿਆ ਕਿ ਇਸ ਮੌਕੇ ਤੇ ਪ੍ਰਧਾਨ ਮੰਤਰੀ ਕੀਟ ਸਟਾਰਮਰ ਨੇ ਬਹੁਤ ਹੀ ਵਧੀਆ ਮਾਹੌਲ ਅਤੇ ਖੁਸ਼ੀ ਵਾਲੇ ਲਹਿਜੇ ਨਾਲ ਉਹਨਾਂ ਨਾਲ ਗੱਲਬਾਤ ਕੀਤੀ। ਸ ਮੁਖਤਿਆਰ ਸਿੰਘ ਝੰਡੇਰ ਨੇ ਦੱਸਿਆ ਕਿ ਉਹ ਦੋ ਤਿੰਨ ਦਿਨ ਪਹਿਲਾਂ ਹੀ ਕਿਸੇ ਜਰੂਰੀ ਕੰਮ ਲਈ ਪੰਜਾਬ ਗਏ ਹੋਏ ਸਨ, ਪਰੰਤੂ ਉਹਨਾਂ ਦੀ ਬੇਟੀ ਵੱਲੋਂ ਜਦ ਉਹਨਾਂ ਨੂੰ ਸੱਦਾ ਪੱਤਰ ਪ੍ਰਾਪਤ ਹੋਣ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਉਹ ਕੁਝ ਘੰਟਿਆਂ ਬਾਅਦ ਹੀ ਪੰਜਾਬ ਤੋਂ ਵਾਪਸ ਯੂ ਕੇ ਲਈ ਰਵਾਨਾ ਹੋ ਗਏ ਤੇ ਅਤੇ ਪ੍ਰਧਾਨ ਮੰਤਰੀ ਦੇ ਗ੍ਰਹਿ ਵਿਖੇ ਹੋਣ ਵਾਲੀ ਕ੍ਰਿਸਮਿਸ ਪਾਰਟੀ ਚ ਸ਼ਾਮਿਲ ਹੋਏ।