ਭਾਰਤ: ਤਿੰਨ ਮਹਾਂਸ਼ਕਤੀਆਂ ਦੀ ਸਾਂਝੀ ਮੰਡੀ, ਫਿਰ ਕੋਈ ਮਿੱਤਰ ਕੋਣ ਰਹਿ ਗਿਆ?

ਵਿਸ਼ਵ ਰਾਜਨੀਤੀ ਦੇ ਮੰਚ ਤੇ ਅੱਜ ਜਦੋਂ ਵੀ ਭਾਰਤ ਦਾ ਨਾਂ ਆਉਂਦਾ ਹੈ ਤਾਂ ਤਿੰਨ ਵੱਡੇ ਨਾਂ ਆਪਣੇ-ਆਪ ਉੱਭਰ ਕੇ ਸਾਹਮਣੇ ਆ ਜਾਂਦੇ ਹਨ - ਰੂਸ, ਅਮਰੀਕਾ ਤੇ ਚੀਨ| ਦਸੰਬਰ 2025 ਵਿੱਚ ਪੁਤਿਨ ਭਾਰਤ ਆਏ ਸਨ, ਜਨਵਰੀ-ਫਰਵਰੀ ਵਿੱਚ ਸ਼ਾਇਦ ਟਰੰਪ ਆਉਣਗੇ ਤੇ ਉਸ ਤੋਂ ਬਾਅਦ ਸ਼ੀ ਜਿਨਪਿੰਗ ਵੀ ਗਲਵੱਕੜੀਆਂ ਪਾਉਣ ਆਵੇਗਾ| ਇਹ ਕਥਾ ਬੜੀ ਖੂਬਸੂਰਤ ਲੱਗਦੀ ਹੈ - ਇੱਕ ਭਾਰਤ ਜੋ ਤਿੰਨ ਮਹਾਂਸ਼ਕਤੀਆਂ ਨਾਲ ਇੱਕੋ ਜਿਹੀ ਨੇੜਤਾ ਰੱਖਦਾ ਹੈ| ਪਰ ਸੱਚਾਈ ਇਸ ਤੋਂ ਕਿਤੇ ਵੱਖਰੀ ਤੇ ਕਰੜੀ ਹੈ| ਇਹ ਤਿੰਨੇ ਮੁਲਕ ਭਾਰਤ ਨੂੰ ਆਪਣੀ ਸਭ ਤੋਂ ਵੱਡੀ ਵਪਾਰਕ ਮੰਡੀ ਮੰਨਦੇ ਹਨ| ਭਾਰਤ ਉਨ੍ਹਾਂ ਲਈ ਉਹ ਗਾਹਕ ਹੈ ਜੋ ਮਹਿੰਗੇ ਤੇ ਘਟੀਆ ਦੋਵੇਂ ਮਾਲ ਖਰੀਦ ਲੈਂਦਾ ਹੈ, ਬਿਨਾਂ ਸੌਦੇਬਾਜ਼ੀ ਕੀਤਿਆਂ|
ਰੂਸ ਦੀ ਗੱਲ ਕਰੀਏ| ਯੂਕਰੇਨ ਜੰਗ ਤੋਂ ਬਾਅਦ ਰੂਸ ਪੱਛਮ ਵਿੱਚ ਇਕੱਲਾ ਪੈ ਗਿਆ ਸੀ| ਉਸ ਦੀ ਤੇਲ ਦੀ ਵਿਕਰੀ ਰੋਕੀ ਗਈ, ਹਥਿਆਰਾਂ ਦੀ ਮਾਰਕੀਟ ਸੁੰਗੜ ਗਈ| ਉਸ ਸਮੇਂ ਭਾਰਤ ਉਸ ਲਈ ਤਾਰਣਹਾਰ ਬਣ ਕੇ ਉਭਰਿਆ| ਅੱਜ ਰੂਸ ਦਾ 40  ਫੀਸਦੀ ਤੋਂ ਵੱਧ ਕੱਚਾ ਤੇਲ ਭਾਰਤ ਹੀ ਖਰੀਦ ਰਿਹਾ ਹੈ - ਉਹ ਵੀ ਡਿਸਕਾਊਂਟ &rsquoਤੇ| ਭਾਰਤ ਰੂਸ ਤੋਂ ਐਸ-400, ਸੁਖੋਈ ਜਹਾਜ਼, ਟੈਂਕ ਤੇ ਹੋਰ ਹਥਿਆਰ ਖਰੀਦਦਾ ਹੈ, ਭਾਵੇਂ ਉਹ ਪੱਛਮੀ ਹਥਿਆਰਾਂ ਨਾਲੋਂ ਮਹਿੰਗੇ ਤੇ ਪੁਰਾਣੇ ਹੋਣ| ਬਦਲੇ ਵਿੱਚ ਰੂਸ ਨੂੰ ਕੀ ਮਿਲਦਾ ਹੈ? ਮੁਨਾਫ਼ਾ, ਬਹੁਤ ਜ਼ਿਆਦਾ ਮੁਨਾਫ਼ਾ ਤੇ ਇੱਕ ਵੋਟ ਜੋ ਸੰਯੁਕਤ ਰਾਸ਼ਟਰ ਵਿੱਚ ਉਸ ਦੇ ਹੱਕ ਵਿੱਚ ਖੜ੍ਹੀ ਰਹਿੰਦੀ ਹੈ| ਭਾਰਤ-ਰੂਸ ਦੋਸਤੀ ਦੀ ਇਹੀ ਅਸਲ ਬੁਨਿਆਦ ਹੈ - ਇੱਕ ਪਾਸੇ ਭਾਰਤ ਜਿਸ ਨੂੰ ਹਥਿਆਰ ਤੇ ਈਂਧਨ ਚਾਹੀਦਾ ਹੈ, ਦੂਜੇ ਪਾਸੇ ਰੂਸ ਜਿਸ ਨੂੰ ਪੈਸੇ ਤੇ ਰਾਜਨੀਤਿਕ ਢਾਲ ਚਾਹੀਦੀ ਹੈ|
ਅਮਰੀਕਾ ਦੀ ਵਾਰੀ ਆਵੇ ਤਾਂ ਗੱਲ ਥੋੜ੍ਹੀ ਉਲਟ ਹੈ| ਅਮਰੀਕਾ ਭਾਰਤ ਤੋਂ ਵਧੇਰੇ ਖਰੀਦਦਾ ਹੈ ਜਿੰਨਾ ਵੇਚਦਾ ਹੈ, ਇਸ ਲਈ ਉਸ  ਨੂੰ ਵਪਾਰਕ ਘਾਟਾ ਸਹਿਣਾ ਪੈਂਦਾ ਹੈ| ਟਰੰਪ ਇਸੇ ਗੱਲ ਤੋਂ ਖਾਰ ਖਾਂਦੇ ਹਨ| ਉਹ ਭਾਰਤ &rsquoਤੇ ਟੈਰਿਫ ਦਾ ਸ਼ਿਕੰਜਾ ਕੱਸ ਰਹੇ ਹਨ | ਉਨ੍ਹਾਂ ਦੀ ਸੋਚ ਸਾਫ਼ ਹੈ - ਭਾਰਤ ਨੂੰ ਝੁਕਾ ਕੇ ਆਪਣੀਆਂ ਸ਼ਰਤਾਂ ਤੇ ਮਾਰਕੀਟ ਖੋਲ੍ਹਣੀ ਹੈ| ਭਾਰਤ ਜਿੰਨੀ ਦੇਰ ਟਾਲੇਗਾ, ਟੈਰਿਫ ਓਨਾ ਵਧੇਗਾ| ਅੰਤ ਵਿੱਚ ਮੋਦੀ ਸਰਕਾਰ ਨੂੰ ਝੁੱਕਣਾ ਪਵੇਗਾ, ਫਿਰ ਇਹ ਪ੍ਰਚਾਰ ਕੀਤਾ ਜਾਵੇਗਾ ਕਿ ਪੁਤਿਨ ਕਾਰਡ ਨਾਲ ਟਰੰਪ ਨੂੰ ਮਜਬੂਰ ਕਰ ਦਿੱਤਾ| ਅਸਲ ਵਿੱਚ ਟਰੰਪ ਤੇ ਪੁਤਿਨ ਦੀ ਪੁਰਾਣੀ ਯਾਰੀ ਹੈ - ਉਹ ਆਪਸ ਵਿੱਚ ਤਾਲਮੇਲ ਕਰਕੇ ਭਾਰਤ ਨੂੰ ਦਬਾਅ ਵਿੱਚ ਰੱਖਦੇ ਹਨ| ਯੂਕਰੇਨ ਨਾਲ ਵੀ ਅਜਿਹਾ ਵਾਪਰ ਰਿਹਾ ਹੈ|
 ਚੀਨ ਤਾਂ ਸਭ ਤੋਂ ਵੱਡਾ ਖਿਡਾਰੀ ਹੈ| ਉਹ ਸਸਤਾ ਤੇ ਘਟੀਆ ਮਾਲ ਵੇਚ ਕੇ ਸਾਲਾਨਾ 100 ਅਰਬ ਡਾਲਰ ਤੋਂ ਵੱਧ ਦਾ ਵਪਾਰਕ ਸਰਪਲਸ ਕਮਾ ਰਿਹਾ ਹੈ| ਭਾਰਤ ਦੀਆਂ ਸੜਕਾਂ &rsquoਤੇ ਚੀਨੀ ਮੋਬਾਈਲ, ਖਿਡੌਣੇ, ਕੱਪੜੇ ਤੇ ਇਲੈਕਟ੍ਰਾਨਿਕਸ ਛਾਏ ਹੋਏ ਹਨ| ਭਾਰਤ ਨੇ ਚੀਨੀ ਐਪਸ &rsquoਤੇ ਪਾਬੰਦੀ ਲਗਾਈ, ਪਰ ਮਾਲ ਆਉਣਾ ਬੰਦ ਨਹੀਂ ਹੋਇਆ - ਬੱਸ ਰਾਹ ਬਦਲ ਗਿਆ| ਚੁਣੌਤੀ ਇਹ ਹੈ ਕਿ ਭਾਰਤ ਦੀ ਜਨਤਾ ਸਸਤੇ ਮਾਲ ਦੀ ਆਦੀ ਹੋ ਚੁੱਕੀ ਹੈ| ਚੀਨ ਜਾਣਦਾ ਹੈ ਕਿ ਭਾਰਤ ਦੀ ਇਹ ਕਮਜ਼ੋਰੀ ਹੀ ਉਸ ਦੀ ਸਭ ਤੋਂ ਵੱਡੀ ਤਾਕਤ ਹੈ|
ਇਸ ਸਾਰੇ ਖੇਡ ਵਿੱਚ ਸਭ ਤੋਂ ਦੁਖਦਾਈ ਸਵਾਲ ਇਹ ਹੈ - ਕੀ ਭਾਰਤ ਦਾ ਸੱਚਮੁੱਚ ਕੋਈ ਮਿੱਤਰ ਹੈ? 1962 ਵਿੱਚ ਜਦੋਂ ਚੀਨ ਨੇ ਹਮਲਾ ਕੀਤਾ ਤਾਂ ਸੋਵੀਅਤ ਯੂਨੀਅਨ (ਅੱਜ ਦਾ ਰੂਸ) ਚੁੱਪ ਰਿਹਾ| ਮਦਦ ਬ੍ਰਿਟੇਨ ਤੇ ਅਮਰੀਕਾ ਤੋਂ ਆਈ| ਅੱਜ ਰੂਸ ਚੀਨ ਦਾ ਜੂਨੀਅਰ ਪਾਰਟਨਰ ਬਣ ਚੁੱਕਾ ਹੈ| ਜੇ ਕੱਲ੍ਹ ਚੀਨ ਨੇ ਅਰੁਣਾਚਲ ਜਾਂ ਲੱਦਾਖ &rsquoਤੇ ਵੱਡਾ ਹਮਲਾ ਕੀਤਾ ਤਾਂ ਕੀ ਪੁਤਿਨ ਭਾਰਤ ਦੀ ਮਦਦ ਲਈ ਦੌੜੇਗਾ? ਜਵਾਬ ਸਾਫ਼ ਹੈ - ਨਹੀਂ| ਉਹ ਚੀਨ ਨਾਲ ਆਪਣੇ ਸਬੰਧ ਨਹੀਂ ਖਰਾਬ ਕਰੇਗਾ| ਅਮਰੀਕਾ ਵੀ ਆਪਣੇ ਹਿੱਤਾਂ ਨੂੰ ਪਹਿਲ ਦੇਵੇਗਾ - ਜਿੰਨੀ ਕੁ ਮਦਦ ਕਰੇਗਾ, ਉਸ ਦੀ ਵੀ ਕੀਮਤ ਵਸੂਲੇਗਾ|
ਭਾਰਤ ਅੱਜ 1.4 ਅਰਬ ਦੀ ਆਬਾਦੀ ਵਾਲਾ ਸਭ ਤੋਂ ਵੱਡਾ ਖਪਤਕਾਰ ਬਾਜ਼ਾਰ ਹੈ| ਇਸ ਦੀ ਭੁੱਖ ਅਤੇ ਇਸ ਦੀ ਬੇਸਬਰੀ ਹੀ ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ| ਰੂਸ, ਅਮਰੀਕਾ ਤੇ ਚੀਨ - ਤਿੰਨੇ ਇਸ ਭੁੱਖ ਨੂੰ ਆਪੋ-ਆਪਣੇ ਢੰਗ ਨਾਲ ਵਰਤ ਰਹੇ ਹਨ| ਜਦੋਂ ਤੱਕ ਭਾਰਤ ਆਪਣੀ ਉਤਪਾਦਨ ਸਮਰੱਥਾ ਨੂੰ ਨਹੀਂ ਵਧਾਏਗਾ, ਆਪਣੀਆਂ ਜ਼ਰੂਰਤਾਂ ਆਪ ਨਹੀਂ ਪੂਰੀਆਂ ਕਰੇਗਾ, ਤਦ ਤੱਕ ਉਹ ਇਨ੍ਹਾਂ ਤਿੰਨਾਂ ਮਹਾਂਸ਼ਕਤੀਆਂ ਦੀ ਸਾਂਝੀ ਮੰਡੀ ਬਣਿਆ ਰਹੇਗਾ| ਸੱਚੀ ਸੁਤੰਤਰ ਵਿਦੇਸ਼ ਨੀਤੀ ਤੇ ਸੱਚੀ ਮਹਾਂਸ਼ਕਤੀ ਦਾ ਰੁਤਬਾ ਉਦੋਂ ਹੀ ਮਿਲੇਗਾ ਜਦੋਂ ਭਾਰਤ ਖਰੀਦਦਾਰ ਨਹੀਂ, ਵੇਚਣ ਵਾਲਾ ਬਣੇਗਾ| ਮਤਲਬ ਭਾਰਤ ਖਤਰੇ ਵਿਚ ਤਿੰਨ ਮਹਾਸ਼ਕਤੀਆਂ ਵਿਚ ਘਿਰਿਆ ਹੈ|
-ਰਜਿੰਦਰ ਸਿੰਘ ਪੁਰੇਵਾਲ