ਪੰਜ ਭੌਤਿਕ ਸਰੀਰ ਦਾ ਭਾਂਡਾ ਭੱਜਣ ਨਾਲ ਗੁਰੂ ਦੀ ਹੋਂਦ-ਹਸਤੀ ਖਤਮ ਨਹੀਂ ਹੁੰਦੀ

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ਦੇ ਸਿਧਾਂਤ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗ੍ਰੰਥ ਸਰੂਪ ਹੋ ਕੇ ਗੁਰਦੁਆਰਿਆਂ ਵਿੱਚ ਸੁਭਾਇਮਾਨ ਹਨ
   ਸਤਿਗੁਰੂ ਨਾਨਕ ਦੀ ਸਿੱਖੀ ਦੇ ਵਿਰਸੇ ਦਾ ਗੁਰ-ਇਤਿਹਾਸ ਰਬਾਬ ਤੋਂ ਨਗਾਰੇ ਤਕ, ਚਰਨ ਪਾਹੁਲ ਤੋਂ ਖੰਡੇ ਦੀ ਪਾਹੁਲ ਤਕ, ਨਿਰਮਲ ਪੰਥ ਤੋਂ ਖ਼ਾਲਸਾ ਪੰਥ ਅਤੇ ਖ਼ਾਲਸਾ ਪ੍ਰਗਟ ਕਰਨ ਤਕ ਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸਹਾਦਤ ਵਿੱਚੋਂ ਖ਼ਾਲਸਾ ਪ੍ਰਗਟ ਹੋਇਆ ਹੈ, ਪ੍ਰਗਟਿਓ ਖ਼ਾਲਸਾ ਪਰਮਾਤਮ ਕੀ ਮੌਜ। 
ਸਿੱਖੀ ਅਕੀਦੇ ਅਨੁਸਾਰ ਅੰਤਮ ਸੱਚ ਦੇ ਚਾਰ ਸਰੂਪ ਹਨ। (1) ਅਕਾਲ ਪੁਰਖ, (2) ਗੁਰੂ, (3) ਗੁਰਬਾਣੀ ਅਤੇ (4) ਸਾਧ ਸੰਗਤ। ਸਾਡਾ ਗੁਰੂ ਦਸ ਜਾਮੇ ਧਾਰਨ ਵਾਲ਼ਾ ਗੁਰੂ ਨਾਨਕ ਹੈ। ਅਦੁੱਤੀ ਦਸਮੇਸ਼ ਨੂੰ ਸਿੱਖ ਹਰ ਅਲੌਕਿਕ ਸਰੂਪ ਸਮੇਤ ਨਾਨਕ ਤਸਲੀਮ ਕਰਦੇ ਹਨ। ਇਸ ਬੁਨਿਆਦੀ ਅਕੀਦੇ ਨੂੰ ਸਿੱਧ ਕਰਦੀ ਹੈ ਧੁਰ ਕੀ ਬਾਣੀ। (ਸ. ਗੁਰਤੇਜ ਸਿੰਘ)
   ਸਿੱਖ ਧਰਮ ਦਾ ਇਹ ਮੁੱਢਲਾ ਵਿਸ਼ਵਾਸ ਹੈ ਕਿ ਸਾਰੇ ਦਸ ਗੁਰੂ ਸਾਹਿਬਾਨ ਵਿੱਚ ਨਿਰੰਤਰ ਇੱਕ ਹੀ ਜੋਤ ਹੈ ਅਤੇ ਜਿਹੜਾ ਵੀ ਸਿੱਖ ਜਾਂ ਗੈਰ-ਸਿੱਖ ਵਿਅਕਤੀ ਇਸ ਗੱਲ ਨੂੰ ਨਹੀਂ ਸਮਝਦਾ ਉਹ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਨਹੀਂ ਸਮਝ ਸਕਦਾ। ਨਾਨਕ ਪੰਥੀ ਸਿੱਖ ਕਹਾਉਣ ਦਾ ਓਹੀ ਵਿਅਕਤੀ ਹੱਕਦਾਰ ਹੈ, ਜਿਹੜਾ ਦਸ ਗੁਰੂ ਸਾਹਿਬਾਨ ਵਿੱਚ ਨਿਰੰਤਰ ਇੱਕ ਹੀ ਜੋਤਿ ਦੇ ਸਿਧਾਂਤ ਨੂੰ ਸਵੀਕਾਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਸੇ ਗੁਰੂ ਸਾਹਿਬਾਨ ਰਾਹੀਂ ਪ੍ਰਵਾਣਿਤ ਅਤੇ ਉਹਨਾਂ ਦੀ ਨਿਗਰਾਨੀ ਹੇਠ ਸੰਪੂਰਨ ਹੋਇਆ ਪੋਥੀ ਪਰਮੇਸਰ ਕਾ ਥਾਨ ਗੁਰੂ-ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਭਾਵੇਂ ਛੇ ਵੱਖ-ਵੱਖ ਗੁਰੂ ਸਾਹਿਬਾਨਾਂ ਦੀ ਹੈ, ਪਰ ਮੋਹਰ ਨਾਨਕ ਦੀ ਹੈ। 
ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਵਿੱਚ 59 ਸ਼ਬਦ 57 ਸਲੋਕ ਦਰਜ ਹਨ, ਹਰ ਸ਼ਬਦ ਅਤੇ ਸਲੋਕ ਵਿੱਚ ਨਾਂਅ ਨਾਨਕ ਦਾ ਹੀ ਆਉਂਦਾ ਹੈ। ਉਦਾਹਰਣ ਵਜੋਂ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਜਿਹੜੇ ਭੋਗ ਸਮੇਂ ਪੜ੍ਹੇ ਜਾਂਦੇ ਹਨ, ਪਹਿਲਾ ਸਲੋਕ ਹੈ, ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥ ਕਹੁ ਨਾਨਕ ਹਰਿ ਭਜੁ ਮਨਾ ਜਿਹ ਿਬਿਧ ਜਲ ਕਉ ਮੀਨੁ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 1426) ਦਸੇ ਗੁਰੂ ਸਾਹਿਬਾਨ ਵਿੱਚ ਨਿਰੰਤਰ ਇੱਕ ਜੋਤ ਦੇ ਸਿਧਾਂਤ ਤੇ ਗੁਰੂ ਗ੍ਰੰਥ ਸਾਹਿਬ ਮੋਹਰ ਲਾਉਂਦੇ ਹਨ :
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥
 (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 646)
    ਇਸ ਤਰ੍ਹਾਂ ਭਾਈ ਨੰਦ ਲਾਲ ਜੀ ਵੀ ਜੋਤਿ ਬਿਗਾਸ ਵਿੱਚ ਗੁਰੂ ਨਾਨਕ ਸਾਹਿਬ ਦੀ ਜੋਤਿ ਦੀ ਨਿਰੰਤਰਤਾ ਦੀ ਗਵਾਹੀ ਭਰਦੇ ਹੋਏ ਲਿਖਦੇ ਹਨ: ਹਜ਼ਾਰਾਂ ਸ਼ਹਿਨਸ਼ਾਹ ਪੇਸ਼ਸ਼ ਗੁਲਾਮ, ਹਜ਼ਾਰਾਂ ਖੁਰੋ ਮਾਹਸ਼ ਅੰਦਰ ਸਲਾਮ। ਭਾਵ ਹਜ਼ਾਰਾਂ ਸ਼ਹਿਨਸ਼ਾਹ ਗੁਰੂ ਨਾਨਕ ਸਾਹਿਬ ਦੇ ਹਜ਼ੂਰੀ ਗ਼ੁਲਾਮ ਹਨ, ਹਜ਼ਾਰਾਂ ਸੂਰਜ ਚੰਦਰਮਾ ਗੁਰੂ ਨਾਨਕ ਸਾਹਿਬ ਨੂੰ ਨਿਉਂ-ਨਿਉਂ ਸਲਾਮਾਂ ਕਰਦੇ ਹਨ। ਹਮੂ ਨਾਨਕ ਅਸਤੋ ਹਮੂ ਅੰਗਦ ਅਸਤ, ਹਮੂ ਅਮਰਦਾਸ ਅਫ਼ਜਲੋ ਅਮਜਦ ਅਸਤ ਭਾਵ ਨਾਨਕ ਵੀ ਉਹੀ ਹੈ, ਅੰਗਦ ਵੀ ਉਹੀ ਹੈ, ਬਖ਼ਸ਼ਿਸ਼ ਤੇ ਵੱਡੀ ਵਡਿਆਈ ਦਾ ਮਾਲਕ ਅਮਰਦਾਸ ਵੀ ਉਹੀ ਹੈ। ਹਮੂ ਰਾਮਦਾਸੋ ਹਮੂ ਅਰਜੁਨ ਅਸਤ, ਹਮੂ ਹਰਗੋਬਿੰਦ ਆਕਰਮੋ ਅਹਿਸਨ ਅਸਤ ਭਾਵ, ਉਹੀ ਰਾਮਦਾਸ ਅਤੇ ਉਹੀ ਅਰਜੁਨ ਹੈ ਸਭ ਤੋਂ ਵੱਡਾ ਤੇ ਚੰਗੇਰਾ ਹਰਿਗੋਬਿੰਦ ਵੀ ਉਹੀ ਹੈ। ਹਮੂ ਹਸਤ ਹਰਿਰਾਇ ਕਰਤਾ ਗੁਰੂ, ਬਦ ਆਸ਼ਕਾਰਾ ਹਮਾ ਪੁਸ਼ਤੋ ਰੂ ਭਾਵ ਉਹੀ ਹਰਿਰਾਇ ਕਰਤਾ ਗੁਰੂ ਹੈ, ਜਿਸ ਨੂੰ ਹਰ ਸ਼ੈਅ ਦੀ ਸਿੱਧ-ਪੁੱਠ ਸਾਫ ਪ੍ਰਗਟ ਹੋ ਜਾਂਦੀ ਹੈ। ਹਮੂ ਹਰਿਕਸ਼ਨ ਆਮਦਾ ਸਰ-ਬੁਲੰਦ ਅਜ਼ੋ ਹਾਸਿਲ ਉਮੀਦਿ ਹਰ ਮੁਸ਼ਤਮੰਦ ਭਾਵ ਉਹੀ ਸਿਰ ਕੱਢ ਹਰਿਕਸ਼ਨ ਹੈ ਜਿਸ ਤੋਂ ਹਰ ਹਾਜ਼ਤਮੰਦ ਦੀ ਮੁਰਾਦ ਪੂਰੀ ਹੁੰਦੀ ਹੈ। ਹਮੂ ਹਸਤ ਤੇਗ ਬਹਾਦਰ ਗੁਰੂ, ਕਿ ਗੁਰੂ ਗੋਬਿੰਦ ਸਿੰਘ ਆਮਦ ਅਜ਼ ਨੂਰਿ ਊ ਉਹੀ ਗੁਰੂ ਤੇਗ ਬਹਾਦਰ ਹੈ ਜਿਸ ਦੇ ਨੂਰ ਤੋਂ ਗੋਬਿੰਦ ਸਿੰਘ ਪ੍ਰਗਟ ਹੋਇਆ ਹੈ। ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ, ਹਮਾ ਸ਼ਬਦਿ ਊ ਜ਼ੌਹਰੋ ਮਾਨਕ ਅਸਤ। ਭਾਵ ਉਹੀ ਗੋਬਿੰਦ ਸਿੰਘ ਹੈ ਤੇ ਉਹੀ ਨਾਨਕ ਗੁਰੂ ਹੈ ਉਸ ਦੇ ਸ਼ਬਦ ਜਵਾਹਰਾਤ ਅਤੇ ਮਾਨਕ ਮੋਤੀ ਹਨ। 
ਹੁਣ ਜਦੋਂ ਆਰ.ਐੱਸ.ਐੱਸ. ਤੇ ਨਰਿੰਦਰ ਮੋਦੀ ਦੀ ਸਰਕਾਰ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਹਿੱਤ ਸਿੱਖ ਗੁਰੂ ਸਾਹਿਬਾਨ ਨੂੰ ਰਾਸ਼ਟਰਵਾਦੀ ਸਿੱਧ ਕਰਨ ਲਈ ਉਹਨਾਂ ਦੀਆਂ ਅਰਧ-ਸ਼ਤਾਬਦੀਆਂ ਅਤੇ ਸ਼ਤਾਬਦੀਆਂ ਮਨਾਉਣ ਦਾ ਢੋਂਗ ਕਰ ਰਹੀਆਂ ਹਨ ਤਾਂ ਭਾਈ ਨੰਦ ਲਾਲ ਜੀ ਦੇ ਹੇਠ ਲਿਖੇ ਤਿੰਨ ਸ਼ੇਅਰ ਬਹੁਤ ਮਹੱਤਵਪੂਰਨ ਅਰਥ ਰੱਖਦੇ ਹਨ, ਭਾਈ ਨੰਦ ਲਾਲ ਜੀ ਫਾਰਸੀ ਵਿੱਚ ਲਿਖਦੇ ਹਨ : ਹਜ਼ਾਰਾਂ ਚੂੰ ਜਮਨਾ ਹਜ਼ਾਰਾਂ ਚੂੰ ਗੰਗ, ਬਪਾ ਅੰਦਰਸ਼ ਸਰ ਨਿਹਾਦਾ ਜ਼ਿ ਨੰਗ॥ ਭਾਵ- ਹਜ਼ਾਰਾਂ ਜਮਨਾ ਹਜ਼ਾਰਾਂ ਗੰਗਾ ਵਰਗੇ ਦਰਿਆ ਸਤਿਕਾਰ ਨਾਲ਼ ਉਸ ਦੇ (ਗੁਰੂ ਨਾਨਕ ਦੇ) ਚਰਨਾਂ ਵਿੱਚ ਸੀਸ ਨਿਵਾਉਂਦੇ ਹਨ।
   ਬ-ਹਰ ਦੀਪੋ ਹਰਿ ਸੂਇ ਕੋਸ਼ਸ਼ ਬੁਲੰਦ, ਬ-ਹਰ ਮਮਿਲਕਤ ਨਾਮਿ ਉ ਅਰਜਮੰਦ ਭਾਵ ਹਰ ਦੀਪ ਵਿੱਚ ਅਤੇ ਹਰ ਦਿਸ਼ਾ ਵੱਲ ਉਸ ਦਾ ਡੰਕਾ ਵੱਜ ਰਿਹਾ ਹੈ, ਹਰ ਦੇਸ਼ ਅਤੇ ਰਾਜ ਵਿੱਚ ਉਸ ਦਾ (ਗੁਰੂ ਨਾਨਕ ਦਾ) ਨਾਮ ਸਤਿਕਾਰਿਆ ਜਾਂਦਾ ਹੈ।
   ਜਹਾਂ ਦਰ ਜਹਾਂ ਮਕਰਮਤ ਜਾਤਿ ਊ, ਜਿ ਹੱਦ ਬਰਤਰ ਆਮਦ ਕਮਲਾਤਿ ਊ ਭਾਵ ਉਸ ਦੀ ਜਾਤ ਦੀ ਬਖ਼ਸ਼ਿਸ਼ ਨਾਲ਼ ਸੰਸਾਰ ਭਰਿਆ ਪਿਆ ਹੈ, ਉਸ ਦੇ ਕਮਾਲ ਕਿਸੇ ਵੀ ਹੱਦ ਬੰਨੇ ਵਿੱਚ ਨਹੀਂ ਆ ਸਕਦੇ। ਜਹਾਂਬਾਨਿ ਮੁਲਕਿ ਫ਼ਜ਼ਾਲੋ ਕਰਾਮ, ਮੁਹਿਮਾਤਿ ਦਾਰੈਨ ਰਾ ਇੰਤਜ਼ਾਮ ਭਾਵ ਉਹ ਮਿਹਰ ਅਤੇ ਕਰਮ ਦੇ ਮੁਲਕ ਦਾ ਨਿਗਾਹਬਾਨ ਹੈ, ਉਹ ਦੋ ਜਹਾਨਾਂ ਦੇ ਕੰਮਾਂ ਦਾ ਪ੍ਰਬੰਧ ਕਰਤਾ ਹੈ। 
   ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਭਾਈ ਨੰਦ ਲਾਲ ਜੀ ਉਕਤ ਸ਼ੇਅਰਾਂ ਰਾਹੀਂ ਸਪਸ਼ਟ ਕੀਤਾ ਹੈ ਕਿ ਸਿੱਖ ਗੁਰੂ ਸਾਹਿਬਾਨਾਂ ਨੂੰ ਦੇਸ਼-ਕਾਲ ਦੀਆਂ ਹੱਦਾਂ ਵਿੱਚ ਨਹੀਂ ਰੱਖਿਆ ਜਾ ਸਕਦਾ। ਦਸਾਂ ਗੁਰੂ ਸਾਹਿਬਾਨਾਂ ਦੀ ਜੋਤਿ ਦੀ ਨਿਰੰਤਰਤਾ ਦੀ ਗਵਾਹੀ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥਾਵਲੀ ਦੀ ਪ੍ਰਸਤਾਵਨਾ ਦੇ ਪੰਨਾ 162 ਉੱਤੇ ਇਸ ਪ੍ਰਕਾਰ ਮਿਲ਼ਦੀ ਹੈ ਕਿ ਕਵੀ ਸੰਤੋਖ ਸਿੰਘ ਜੀ ਇੱਕ ਅਕਾਲ ਪੁਰਖ ਦੇ ਉਪਾਸ਼ਕ ਸੇ, ਅਤੇ ਦਸਾਂ ਗੁਰੂ ਸਾਹਿਬਾਂ ਨੂੰ ਇੱਕ ਅਕਾਲ ਪੁਰਖ ਦਾ ਸਰੂਪ ਗੁਰੂ ਨਾਨਕ, ਗੋਬਿੰਦ ਰੂਪ ਦੇ ਅਸੂਲ ਮੂਜਬ ਮੰਨਦੇ ਸੇ:
ਬੇਦ ਬੇਦ ਨਿਰਾਕਾਰ ਜਾਂਕੋ ਕਹੈਂ ਖੇਦ ਬਿਨ,
ਸੋਊ ਹੈ ਅਕਾਰ ਗੁਰੂ ਨਾਨਕ ਅਨੰਦ ਮੈਂ॥
ਅੰਗਦ, ਅਮਰਦਾਸ, ਰਾਮ ਦਾਸ, ਅਰਜਨ,
ਸ੍ਰੀ ਹਰਿਗੋਬਿੰਦ ਭਏ ਸੋਊ ਸੁਖਕੰਦ ਮੈਂ॥
ਗੁਰੂ ਹਰਿ ਰਾਇ ਹਿਰਿਕ੍ਰਸ਼ਨ ਪਰਮ ਜੋਤਿ,
ਤੇਗ ਕੇ ਬਹਾਦਰ ਬਿਸ਼ਾਰਦ ਮੁਕੰਦ ਮੈਂ॥
ਸ੍ਰੀ ਗੋਬਿੰਦ ਸਿੰਘ ਲੋ ਪਦਾਰਥਬਿੰਦ ਸਭਿਨ ਕੇ
ਬੰਦੋ ਬ੍ਰਿੰਦ ਦੁੰਦਹਰ ਦੁੰਦ ਹਥ ਬੰਦ ਮੈਂ॥ (ਰੁ 35 ਅੰਸੂ 1)
ਕਵੀ ਸੰਤੋਖ ਸਿੰਘ ਦਸਾਂ ਗੁਰੂ ਸਾਹਿਬਾਨ ਨੂੰ ਇੱਕ ਜੋਤ ਸਮਝਦੇ ਸਨ: 
ਯਥਾ ਛਪਯ-ਨਿਰੰਕਾਰ ਅਕਾਰ ਗੁਰੂ ਨਾਨਕ ਜਗ ਹੋਯੋ। 
ਸ੍ਰੀ ਅੰਗਦ ਗੁਰ ਅਮਰ ਕਸ਼ਟ ਦਾਸਨ ਕੋ ਖੋਯੋ। 
ਰਾਮ ਦਾਸ ਗੁਨ ਰਾਸ ਗੁਰੂ ਅਰਜਨ ਸੁੱਖ ਕਰਤਾ॥ 
ਹਰਿ ਗੋਵਿੰਦ ਹਰਿ ਰਾਇ ਗੁਰੂ ਹਰਿ ਕ੍ਰਿਸ਼ਨ ਸਿਮਰਤਾ। 
ਗੁਰ ਤੇਗ ਬਹਾਦਰ ਧਰਮ ਧੁਰ ਭਏ ਗੁਬਿੰਦ ਸਿੰਘ ਖੜਗ ਧਰ। 
ਦਸ ਏਕ ਜੋਤ, ਤਨ ਭਿੰਨ ਜਿਸ ਪਦ ਬੰਦੋ ਜੁਗ ਬੰਦ ਕਰ॥ 
ਪੁਨਾ : ਇੱਕ ਜੋਤਿ ਉਦੋਤਕ ਰੂਪ ਦਸੋ ਸ਼ੁਭ, ਹੋਤਿ ਅੰਧੇਰ ਉਦਾਰਾ॥ 
(ਰਾਸ 1 ਅੰਸੂ 1 ਅੰਕ 19)
    ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰੂ ਨਾਨਕ ਦੇ ਸਿੰਘਾਸਨ ਦੇ ਨੌਵੇਂ ਬਾਦਸ਼ਾਹ ਵਜੋਂ ਸੰਬੋਧਨ ਕੀਤਾ ਹੈ। ਮਹਾਨ ਕੋਸ਼ ਵਿੱਚ ਤੇਗ ਬਹਾਦਰ ਸਤਿਗੁਰੂ ਦੇ ਸਿਰਲੇਖ ਹੇਠ ਦਰਜ ਹੈ ਕਿ : ਸਿੱਖ ਕੌਮ ਦੇ ਨੌਵੇਂ ਬਾਦਸ਼ਾਹ ਜਿਨ੍ਹਾਂ ਦਾ ਜਨਮ ਵੈਸਾਖ ਵਦੀ 5 ਸੰਮਤ 1678 (ਅਪ੍ਰੈਲ ਸੰਨ 1621) ਨੂੰ ਗੁਰੂ ਹਰਿਗੋਬਿੰਦ ਸਾਹਿਬ ਦੇ ਘਰ ਮਾਤਾ ਨਾਨਕੀ ਜੀ ਤੋਂ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦਾ ਵਿਆਹ 15 ਅਸੂ ਸੰਮਤ 1689 (1632 ਈ) ਨੂੰ ਸ੍ਰੀਮਤੀ ਗੁਜਰੀ ਨਾਲ਼ ਕਰਤਾਰਪੁਰ ਵਿਖੇ ਹੋਇਆ। ਆਪ ਜੀ 24 ਚੇਤ ਸੰਮਤ 1722 (ਮਾਰਚ 1664) ਨੂੰ ਗੁਰੂ ਨਾਨਕ ਦੇ ਸਿੰਘਾਸਨ ਤੇ ਬਿਰਾਜਮਾਨ ਹੋਏ। ਸਤਲੁਜ ਦੇ ਕਿਨਾਰੇ ਪਹਾੜੀ ਰਾਜਿਆਂ ਤੋਂ ਜ਼ਮੀਨ ਖ਼ਰੀਦ ਕੇ ਅਨੰਦਪੁਰ ਨਗਰ ਵਸਾਇਆ ਜੋ ਖ਼ਾਲਸੇ ਦੀ ਵਾਸੀ ਹੈ। ਆਪ ਜੀ (ਗੁਰੂ ਤੇਗ ਬਹਾਦਰ ਸਾਹਿਬ) 10 ਵਰ੍ਹੇ 7 ਮਹੀਨੇ 18 ਦਿਨ ਗੁਰੂ ਨਾਨਕ ਸਾਹਿਬ ਦੇ ਸਿੰਘਾਸਨ &rsquoਤੇ ਬਿਰਾਜਮਾਨ ਹੋਏ। 11 ਨਵੰਬਰ 1675 ਈ: ਨੂੰ ਜਦੋਂ ਉਹਨਾਂ ਦੀ ਸ਼ਹੀਦੀ ਹੋਈ ਉਹਨਾਂ ਦੀ ਆਯੂ 54 ਵਰ੍ਹੇ 7 ਮਹੀਨੇ ਸੱਤ ਦਿਨ ਦੀ ਸੀ । -(ਹਵਾਲਾ- ਮਹਾਨ ਕੋਸ਼ ਦਾ ਚੌਥਾ ਸੰਸਕਰਣ, ਭਾਸ਼ਾ ਵਿਭਾਗ ਪੰਜਾਬ 1974 ਅਡੀਸ਼ਨ)
    ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸੈਨਾਪਤਿ (ਸੈਣਾ ਸਿੰਘ) ਨੇ ਸ੍ਰੀ ਗੁਰ ਸੋਭਾ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਵਰਣਨ ਇਹਨਾਂ ਸ਼ਬਦਾਂ ਵਿੱਚ ਕੀਤਾ ਹੈ: ਪ੍ਰਗਟ ਭਏ ਗੁਰ ਤੇਗ ਬਹਾਦਰ। ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਸਗਲ ਸ੍ਰਿਸਟ ਜਾ ਕਾ ਜਸ ਭਯੋ। ਜਿਹ ਤੇ ਸਰਬ ਧਰਮ ਬੰਚਯੋ। 
   ਇੱਥੇ ਇਹ ਵੀ ਵਰਣਨਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸੈਨਾਪਤਿ (ਸੈਣਾ ਸਿੰਘ) ਨੇ ਵੀ ਗੁਰੂ ਨਾਨਕ ਦੀ ਜੋਤਿ ਦੀ ਨਿਰੰਤਰਤਾ ਨੂੰ ਇੱਕ ਕਬਿਤ ਵਿੱਚ ਇੰਝ ਬਿਆਨਿਆ ਹੈ: ਤੁਹੀ ਗੁਰੂ ਨਾਨਕ ਤੇ ਤੁਹੀ ਗੁਰ ਅੰਗਦ ਹੈ, ਤੁਹੀ ਗੁਰੂ ਅਮਰਦਾਸ ਰਾਮਦਾਸ ਤੁਹੀ ਹੈ। ਤੁਹੀ ਗੁਰ ਅਰਜਨ ਹੈ, ਤੁਹੀ ਗੁਰੂ ਹਰਿਗੋਬਿੰਦ, ਤੁਹੀ ਗੁਰੂ ਹਰਿਰਾਇ ਹਰਿ ਕ੍ਰਿਸ਼ਨ ਤੂ ਹੀ ਹੈ। ਨਾਵੀਂ ਪਾਤਸ਼ਾਹੀ ਤੈ ਕਲਿ ਹੀ ਮੈ ਕਲਾ ਰਾਖੀ, ਤੇਗ ਹੀ ਬਹਾਦਰ ਜਗ ਚਾਦਰ ਸਭ ਤੁਹੀਂ ਹੈ। ਦਸਵਾਂ ਪਾਤਸ਼ਾਹ ਤੁਹੀਂ ਗੁਰੂ ਗੋਬਿੰਦ ਸਿੰਘ, ਜਗਤ ਕੇ ਉਧਾਰਿਬੇ ਕੋ ਆਯੋ ਪ੍ਰਭ ਤੂਹੀ ਹੈਂ।
    ਗੁਰੂ ਨਾਨਕ ਦੀ ਜੋਤਿ ਦੀ ਨਿਰੰਤਰਤਾ ਅਤੇ ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥ ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥ ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥ ਸਹਿ ਟਿਕਾ ਦਿਤੋਸੁ ਜੀਵਦੈ ॥ ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 966) ਲਈ ਗੁਰੂ ਅਰਜਨ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹਾਦਤ ਦੇਣੀ ਪਈ, ਸਿੱਖਾਂ ਨੇ ਤਨ ਆਰਿਆਂ ਨਾਲ਼ ਚਿਰਾਏ, ਦੇਗਾਂ ਵਿੱਚ ਉਬਲ਼ੇ ਅਤੇ ਇਸ ਸਿੱਖੀ ਦੀ ਖ਼ਾਤਰ ਬੰਦ-ਬੰਦ ਕਟਵਾਇਆ। 
    ਪਰ ਅੱਜ ਜਦੋਂ ਸਿੱਖੀ ਦਾ ਬੰਦ-ਬੰਦ ਕੱਟਿਆ ਜਾ ਰਿਹਾ ਹੈ ਤਾਂ ਸਿੱਖਾਂ ਦਾ ਵੱਡਾ ਹਿੱਸਾ ਹਉਂ ਅਤੇ ਨਿੱਜ ਸੁਆਰਥ ਦੇ ਹੜ ਵਿੱਚ ਰੁੜਦਾ ਜਾ ਰਿਹਾ ਹੈ ਅਤੇ ਸਿੱਖੀ ਦੇ ਬੰਦ-ਬੰਦ ਕੱਟੇ ਜਾਣ ਦਾ ਰਤਾ ਭਰ ਵੀ ਦਰਦ ਮਹਿਸੂਸ ਨਹੀਂ ਕਰ ਰਿਹਾ। ਵੇਖਣ ਤੇ ਸੁਣਨ ਵਿੱਚ ਆਉਂਦਾ ਹੈ ਕਿ ਕਈ ਸਿੱਖ ਪ੍ਰਚਾਰਕ ਤੇ ਲੇਖਕ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ੍ਰਿਸ਼ਟ ਦੀ ਚਾਦਰ&rsquo ਦੀ ਬਜਾਇ ਹਿੰਦ ਦੀ ਚਾਦਰ ਪ੍ਰਚਾਰ ਕੇ ਖ਼ੁਸ਼ ਹੁੰਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ ਦੱਸਣਾ ਉਹਨਾਂ ਦੀ ਕੁਰਬਾਨੀ ਨੂੰ ਹਿੰਦੂ ਰਾਸ਼ਟਰਵਾਦ ਦੇ ਖ਼ਾਤੇ ਵਿੱਚ ਪਾਉਣ ਦੇ ਨਾਲ਼-ਨਾਲ਼ ਇਸ ਸ਼ਹਾਦਤ ਨੂੰ ਮਨੁੱਖਤਾ ਲਈ ਸ਼ਹਾਦਤ ਦੇ ਰੁਤਬੇ ਤੋਂ ਹੇਠਾਂ ਲਿਆਉਣਾ ਹੈ। ਗੁਰੂ ਜੀ ਹਿੰਦ ਧਰਮ ਨੂੰ ਬਚਾਉਣ ਲਈ ਸ਼ਹੀਦ ਹੋਏ, ਅਸੀਂ ਇਸ ਕਥਨ ਨਾਲ਼ ਸਹਿਮਤ ਨਹੀਂ ਕਿਉਂਕਿ ਪਿਛਲੇ ਗੁਰੂ ਸਾਹਿਬਾਨ ਦੇ ਜੀਵਨ, ਗੁਰੂ ਗ੍ਰੰਥ ਸਾਹਿਬ ਅਤੇ ਸਮੁੱਚੇ ਰੂਪ ਵਿੱਚ ਗੁਰੂ ਨਾਨਕ-ਸੋਚ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ (ਹਰਿੰਦਰ ਸਿੰਘ ਮਹਿਬੂਬ, ਸਹਿਜੇ ਰਚਿਓ ਖ਼ਾਲਸਾ)।
   ਉਪਦੇਸ਼ ਪਹਿਲੇ ਜਾਮੇ ਵਿੱਚ ਹੀ ਮੁਕੰਮਲ ਸੀ, ਪਰ ਜੋਤਿ-ਜੁਗਤ ਦਾ ਸਫਰ ਦਸ ਜਾਮੇ ਧਾਰ ਕੇ ਗੁਰੂ ਗ੍ਰੰਥ ਗੁਰੂ ਪੰਥ ਪ੍ਰਕਾਸ਼ ਦੇ ਇਲਾਹੀ ਪੜਾਅ ਉਤੇ ਪਹੁੰਚਾਉਣਾ ਲਾਜ਼ਮੀ ਸੀ। ਪੰਜ ਭੌਤਿਕ ਸਰੀਰ ਦਾ ਭਾਂਡਾ ਭੱਜਣ ਨਾਲ ਗੁਰੂ ਦੀ ਹੋਂਦ-ਹਸਤੀ ਖਤਮ ਨਹੀਂ ਹੁੰਦੀ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ਦੇ ਸਿਧਾਂਤ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗ੍ਰੰਥ ਸਰੂਪ ਹੋ ਕੇ ਗੁਰਦੁਆਰਿਆਂ ਵਿੱਚ ਸੁਭਾਇਮਾਨ ਹਨ।
   ਅੱਜ ਵੀ ਅਸੀਂ ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਹੋ ਕੇ ਅਰਦਾਸ ਕਰਦੇ ਹਾਂ ਤਾਂ ਇਹੀ ਕਹਿੰਨੇ ਹਾਂ ਜੁੱਗੋ ਜੁੱਗ ਅਟੱਲ, ਚਵਰ-ਛਤਰ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ-ਦੀਦਾਰ ਦਾ ਧਿਆਨ ਧਰ ਕੇ ਖ਼ਾਲਸਾ ਜੀ! ਬੋਲੋ ਜੀ, ਵਾਹਿਗੁਰੂ।
- ਜਥੇਦਾਰ ਮਹਿੰਦਰ ਸਿੰਘ ਯੂ.ਕੇ.