ਪੁਸਤਕ ਚਰਚਾ : ਕੁਝ ਹੋਰ ਵੀ ਹੈ ਲੇਖਿਕਾ

ਪੁਸਤਕ : ਕੁਝ ਹੋਰ ਵੀ ਹੈ ਲੇਖਿਕਾ : ਡਾ.ਪਰਮਜੀਤ ਕੌਰ ਜੱਸਲ
ਸਹਿ ਲੇਖਿਕਾ : ਡਾ. ਨਯਨ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨਜ਼, ਸਮਾਣਾ
ਪੰਨੇ :108, ਮੁੱਲ :150 ਰੁਪਏ ਅਤੇ 200 ਰੁਪਏ
ਰੀਵਿਊਕਰਤਾ: ਡਾ.ਪ੍ਰਿਤਪਾਲ ਸਿੰਘ ਮਹਿਰੋਕ


ਅਲੌਕਿਕ ਬਿਰਤਾਂਤ ਸਿਰਜਦੀਆਂ ਕਹਾਣੀਆਂ :
ਕੁਝ ਹੋਰ ਵੀ ਹੈ

-ਡਾ.ਪ੍ਰਿਤਪਾਲ ਸਿੰਘ ਮਹਿਰੋਕ
ਸੰਪਰਕ : 98885-10185


'ਕੁਝ ਹੋਰ ਵੀ ਹੈ' ਕਹਾਣੀ ਸੰਗ੍ਰਹਿ ਨਾਲ ਡਾ. ਪਰਮਜੀਤ ਕੌਰ ਜੱਸਲ ਆਪਣੀ ਦੂਜੀ ਪੁਸਤਕ ਲੈ ਕੇ ਪਾਠਕਾਂ ਨੂੰ ਮੁਖ਼ਾਤਿਬ ਹੋ ਰਹੀ ਹੈ।ਇਸ
ਪੁਸਤਕ ਵਿੱਚ 20 ਕਹਾਣੀਆਂ ਸ਼ਾਮਲ ਹਨ,ਜੋ ਲੇਖਿਕਾ ਦੇ ਕਹਿਣ ਅਨੁਸਾਰ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹਨ ਤੇ ਕਿਸੇ ਨਾ ਕਿਸੇ ਰੂਪ ਵਿੱਚ ਉਨ੍ਹਾਂ ਦੇ ਪਿਤਾ ਜੀ ਨਾਲ, ਉਨ੍ਹਾਂ ਦੇ ਪਰਿਵਾਰ ਨਾਲ ਜਾਂ ਉਨ੍ਹਾਂ ਦੀ ਸਾਕੇਦਾਰੀ ਨਾਲ ਸਬੰਧਤ ਹਨ।ਲੇਖਿਕਾ ਨੇ ਇਹ ਕਹਾਣੀਆਂ ਆਪਣੇ ਪਿਤਾ ਜੀ ਕੋਲੋਂ ਕਈ ਵਾਰ ਸੁਣੀਆਂ ਤੇ ਮਾਣੀਆਂ ਸਨ।ਉਨ੍ਹਾਂ ਸੁਣੀਆਂ ਕਹਾਣੀਆਂ ਦੇ ਆਧਾਰ 'ਤੇ ਪੁਸਤਕ ਵਿਚਲੀਆਂ ਇਨ੍ਹਾਂ ਕਹਾਣੀਆਂ ਦੀ ਉਸਾਰੀ ਕੀਤੀ ਗਈ ਹੈ।
'ਕੁਝ ਹੋਰ ਵੀ ਹੈ' ਕਹਾਣੀ ਪ੍ਰਾਰੰਭ ਹੁੰਦੀ ਹੈ ਤਾਂ ਉਸਨੂੰ ਪੜ੍ਹਨ ਲਈ ਉਤਸੁਕਤਾ ਪੈਦਾ ਹੁੰਦੀ ਹੈ। ਕਹਾਣੀ ਦਾ ਬਿਰਤਾਂਤ ਉਸਰਦਾ ਹੈ।ਬਲਦੇਵ ਸਿੰਘ ਆਪਣੇ ਦੋਸਤਾਂ ਨਾਲ ਆਪਣੀ ਜ਼ਿੰਦਗੀ ਦੀ ਇਕ ਪੁਰਾਣੀ ਯਾਦ ਸਾਂਝੀ ਕਰਨ ਲੱਗਦਾ ਹੈ ਤਾਂ 'ਅੱਗੇ ਕੀ ਹੋਵੇਗਾ?' ਬਾਰੇ ਜਾਨਣ ਦੀ ਉਤਸੁਕਤਾ ਵਧਦੀ ਜਾਂਦੀ ਹੈ।ਕਹਾਣੀ ਵਿੱਚ ਲੋੜੀਂਦਾ ਵਾਤਾਵਰਨ ਉਸਾਰਨ ਦਾ ਯਤਨ ਕੀਤਾ ਜਾ ਰਿਹਾ ਹੈ।ਜਦੋਂ ਬਲਦੇਵ ਸਿੰਘ ਘਟਨਾ ਸੁਣਾ ਰਿਹਾ ਹੈ ਤਾਂ ਉਸ ਵਿੱਚ ਪਰਾਸਰੀਰਕ ਅੰਸ਼ਾਂ ਦਾ ਸਮਾਵੇਸ਼ ਹੁੰਦਾ ਜਾਂਦਾ ਹੈ।ਕਹਾਣੀ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਇਸ ਦ੍ਰਿਸ਼ਟਮਾਨ ਜਗਤ ਪਿੱਛੇ ਹੋਰ ਵੀ ਬਹੁਤ ਕੁਝ ਅਦ੍ਰਿਸ਼ਟ ਪਿਆ ਹੈ, ਜੋ ਇਸ ਸੰਸਾਰ ਨੂੰ,ਮਨੁੱਖ ਨੂੰ ਅਤੇ ਵਰਤਾਰਿਆਂ ਆਦਿ ਨੂੰ ਪ੍ਰਭਾਵਿਤ ਕਰਦਾ ਹੈ।ਕਹਾਣੀ ਦੀ ਪਲਾਟ ਸੰਰਚਨਾ (Plot construction) ਵਿੱਚ ਆਉਂਦਾ ਅਜਿਹਾ ਝਟਪਟਾ ਮੋੜ ਕਹਾਣੀ ਦੇ ਸਮੁੱਚੇ ਪ੍ਰਭਾਵ ਨੂੰ ਘਟਾ ਦਿੰਦਾ ਹੈ।ਬਲਦੇਵ ਸਿੰਘ ਜੇ ਆਪਣੀ ਜ਼ਿੰਦਗੀ ਵਿੱਚ ਵਾਪਰੀ ਕਿਸੇ ਅਜਿਹੀ ਘਟਨਾ ਨੂੰ ਸੁਣਾਉਂਦਾ,ਜਿਸਨੂੰ ਉਸਦੀ ਜ਼ਿੰਦਗੀ ਦੇ ਵਰਤਮਾਨ ਦੀ ਕਿਸੇ ਘਟਨਾ ਨਾਲ ਜੋੜ ਕੇ (co-relate ਕਰਕੇ) ਨਵੇਂ,ਰਲਦੇ-ਮਿਲਦੇ, ਬਦਲਵੇਂ ਜਾਂ ਵਿਸਤ੍ਰਿਤ ਅਰਥਾਂ ਦਾ ਸੰਚਾਰ ਕੀਤਾ ਗਿਆ ਹੁੰਦਾ ਤਾਂ ਇਹ ਕਹਾਣੀ ਹੋਰ ਬਿਹਤਰ ਬਣ ਸਕਦੀ ਸੀ।
ਪੰਜ ਸਾਲ ਦਾ ਬੱਚਾ ਆਪਣੇ ਚਾਚੇ ਨਾਲ 'ਚਿੰਤੀ' ਦੀ ਭੱਠੀ 'ਤੇ ਉਸ ਕੋਲੋਂ ਦਾਣੇ ਭੁੰਨ੍ਹਵਾਉਣ ਜਾਂਦਾ ਹੈ। ਬੱਚਾ ਦਾਣੇ ਚੱਬਦਾ ਹੈ, ਚਿੰਤੀ ਨਾਲ ਗੱਲਾਂ ਕਰਦਾ ਹੈ ਤਾਂ ਇਸ ਵਿੱਚੋਂ ਉਸਨੂੰ ਖੁਸ਼ੀ ਮਿਲਦੀ ਹੈ।ਚਿੰਤੀ ਦੇ ਘਰ ਦੀ ਸਮਾਜਕ-ਆਰਥਕ ਹਾਲਤ ਬਾਰੇ, ਲੜਕੇ ਦੇ ਚਾਚੇ ਦੇ ਅੰਗਰੇਜ਼ੀ ਫੌਜ ਵਿੱਚ ਲੈਂਸ ਨਾਇਕ ਲੱਗੇ ਹੋਣ ਬਾਰੇ,ਉਸ ਵੱਲੋਂ ਆਪਣੇ ਚਾਚੇ ਕੋਲ ਪੂਨੇ ਜਾ ਕੇ ਰਹਿਣ ਬਾਰੇ,ਉਥੇ ਰਹਿ ਕੇ ਅੱਠਵੀਂ ਜਮਾਤ ਤੱਕ ਪੜ੍ਹਨ ਬਾਰੇ ਕਹਾਣੀ ਦਾ ਬਿਰਤਾਂਤ ਉਸਰਦਾ ਹੈ। ਪੂਨੇ ਤੋਂ ਵਾਪਸ ਆਉਣ 'ਤੇ ਇਕ ਦਿਨ ਬੇਬੇ ਦੇ ਕਹਿਣ 'ਤੇ ਉਹ ਮੱਝ ਚਰਾਉਣ ਲਈ ਜਾਂਦਾ ਹੈ।ਮੱਝ ਚਰਾਉਂਦਿਆਂ ਹੋਇਆਂ ਉਸਨੂੰ ਚਿੰਤੀ ਘਾਹ ਖੋਤਦੀ ਨਜ਼ਰ ਆਉਂਦੀ ਹੈ,ਜਦ ਕਿ ਬੇਬੇ ਦੇ ਦੱਸਣ ਮੁਤਾਬਕ ਉਹ ਤਾਂ ਦੋ ਸਾਲ ਪਹਿਲਾਂ ਮਰ ਗਈ ਸੀ।ਚਿੰਤੀ ਦੀ ਮੌਤ ਦੀ ਖਬਰ ਸੁਣ ਕੇ ਤੇ ਉਸਨੂੰ ਯਾਦ ਕਰਕੇ ਉਹ ਉਦਾਸ ਹੋ ਜਾਂਦਾ ਹੈ।ਉਸਨੂੰ ਮਰ ਗਈ ਚਿੰਤੀ ਦੇ ਨਜ਼ਰ ਆਉਣ ਪਿੱਛੇ ਵੀ ਪਰਾਸਰੀਰਕ ਅੰਸ਼ ਕੰਮ ਕਰ ਰਹੇ ਹਨ।ਇਸ ਨਾਲ ਕਹਾਣੀ ਬੋਝਲ ਬਣਦੀ ਹੈ। 'ਜੰਗਲਰਾਜ' ਕਹਾਣੀ ਵਿੱਚ ਸ਼ੇਰ,'ਚਿੰਤੀ' ਵਿੱਚ ਚਿੰਤੀ, 'ਮੋਰੀ ਵਾਲਾ ਪੈਸਾ' ਵਿੱਚ ਸਾਧੂ, 'ਅਣ-ਸੁਲਝਿਆ ਰਹੱਸ' ਵਿੱਚ ਪਰੇਸ਼ਾਨ ਵਿਅਕਤੀ ਰਾਹੀਂ ਵੀ ਲੇਖਿਕਾ ਨੇ ਅਪਾਰਥਵਿਕ/ਅਲੌਕਿਕ (unearthly) ਵਰਤਾਰਿਆਂ ਦੀ ਬਾਤ ਪਾਈ ਹੈ। 'ਗੁਲਾਬੀ ਰੁਮਾਲ' ਕਹਾਣੀ ਵਿੱਚ ਜਸਪਾਲ ਤੇ ਮਨਜੀਤ ਦੋਵੇਂ ਦੋਸਤ ਇਮਤਿਹਾਨਾਂ ਦੇ ਦਿਨਾਂ ਦੌਰਾਨ ਸ਼ਹਿਰ ਤੋਂ ਬਾਹਰ ਨਹਿਰ ਦੇ ਕੰਢੇ ਲੱਗੇ ਸੰਘਣੀ ਛਾਂ ਵਾਲੇ ਦਰਖਤਾਂ ਥੱਲੇ ਬੈਠ ਕੇ ਪੜ੍ਹਦੇ ਹਨ।ਨਹਿਰ ਦੇ ਦੂਜੇ ਪਾਸੇ ਸ਼ਮਸ਼ਾਨਘਾਟ ਸੀ।ਇਕ ਦਿਨ ਜਸਪਾਲ ਨੂੰ ਬੁਖਾਰ ਹੋ ਜਾਂਦਾ ਤੇ ਉਹ ਘਰੋਂ ਬਾਹਰ ਦਰਖਤਾਂ ਹੇਠ ਪੜ੍ਹਨ ਨਹੀਂ ਜਾਂਦਾ।ਜਸਪਾਲ ਦੱਸਦਾ ਹੈ ਕਿ ਇਕ ਦਿਨ ਇਕ ਦਰਖਤ ਹੇਠਾਂ ਗੁਲਾਬੀ ਰੰਗ ਦਾ ਇਕ ਰੁਮਾਲ ਡਿੱਗਦਾ ਹੈ ਤੇ ਉਪਰੋਂ 'ਰੁਮਾਲ ਫੜਾਈਂ' ਦੀ ਆਵਾਜ਼ ਆਉਂਦੀ ਹੈ।ਉਹ ਬਿਨਾਂ ਉਪਰ ਵੇਖਿਆਂ ਰੁਮਾਲ ਫੜਾ ਦਿੰਦਾ ਹੈ।ਉਸਨੂੰ ਬੁਖਾਰ ਹੋ ਜਾਂਦਾ ਹੈ ਤੇ ਉਹ ਮੁੜ ਉਥੇ ਨਹੀਂ ਜਾਂਦਾ।ਇਕ ਦਿਨ ਮਨਜੀਤ ਇਕ ਵੱਡਾ ਸਾਰਾ ਪੱਥਰ ਚੁੱਕ ਕੇ ਉਪਰ ਦਰਖਤ ਵੱਲ ਮਾਰਦਾ ਹੈ ਤਾਂ ਕੋਈ ਅਜੀਬ ਕਿਸਮ ਦਾ ਪੰਛੀ ਉਥੋਂ ਉਡਾਰੀ ਮਾਰਦਾ ਹੈ ਤੇ ਤੇਜ਼ੀ ਨਾਲ ਉਡ ਜਾਂਦਾ ਹੈ।ਜਸਪਾਲ ਦਾ ਬੁਖਾਰ ਠੀਕ ਹੋ ਜਾਂਦਾ ਹੈ।
'ਮਾਣੋ' ਕਹਾਣੀ ਵਿਚਲਾ 'ਮੈਂ' ਪਾਤਰ ਕਹਾਣੀ ਬਿਆਨ ਕਰ ਰਿਹਾ ਹੈ।ਬੂਰੀ ਮੱਝ ਦੇ ਸੂਣ ਵਾਲੇ ਸਮੇਂ ਤੋਂ ਕੁਝ ਰਾਤਾਂ ਪਹਿਲਾਂ ਮੈਂ ਪਾਤਰ ਉਸ ਕੋਲ ਸੌਣਾਂ ਸ਼ੁਰੂ ਕਰ ਦਿੰਦਾ ਹੈ।ਅਜੀਬ ਅੱਖਾਂ ਵਾਲੀ ਇਕ ਕਾਲੀ ਬਿੱਲੀ ਉਸ ਕੋਲ ਕੰਧ 'ਤੇ ਆ ਬੈਠਣ/ਸੌਣ ਲੱਗ ਜਾਂਦੀ ਹੈ।ਮੱਝ ਇਕ ਖੂਬਸੂਰਤ ਕੱਟੀ ਨੂੰ ਜਨਮ ਦਿੰਦੀ ਹੈ।ਘਰ ਖੁਸ਼ੀਆਂ ਨਾਲ ਭਰ ਜਾਂਦਾ ਹੈ।ਇਕ ਰਾਤ ਲਗਪਗ ਛੇ ਫੁੱਟ ਲੰਮਾ ਕਾਲਾ ਨਾਗ ਉਸਦੇ ਬਿਸਤਰੇ 'ਤੇ ਆ ਬੈਠਦਾ ਹੈ ਤਾਂ ਬਿੱਲੀ ਉਸਨੂੰ ਦੌੜਾ ਦਿੰਦੀ ਹੈ। ਉਹ ਫਿਰ ਮੁੜ ਮੁੜ ਮੰਜੇ ਵੱਲ ਵਧਦਾ ਆਉਂਦਾ ਹੈ ਤਾਂ ਬਿੱਲੀ ਹੀ ਉਸਨੂੰ ਦੌੜਾਉਂਦੀ ਹੈ।ਉਹ ਕਾਲੀ ਬਿੱਲੀ ਹੀ ਸੀ ਜੋ ਮੈਂ ਪਾਤਰ ਨੂੰ,ਮੱਝ ਨੂੰ ਤੇ ਕੱਟੀ ਨੂੰ ਕਾਲੇ ਨਾਗ ਤੋਂ ਬਚਾਉਂਦੀ ਹੈ।ਫਿਰ ਉਹ ਕਾਲੀ ਬਿੱਲੀ ਕਿਧਰੇ ਨਜ਼ਰ ਨਹੀਂ ਸੀ ਆਈ।ਕਿਧਰੇ ਕਿਸੇ ਕਹਾਣੀ ਵਿੱਚ ਬਾਂਦਰ ਵਜੋਂ ਵਿਚਰਦੇ ਪਾਤਰ ਕੋਲੋਂ ਵੀ ਅਲੌਕਿਕ ਕਾਰਜ ਕਰਵਾਏ ਜਾਂਦੇ ਹਨ।
'ਉਹ ਕਿੱਥੇ ਚਲੀ ਗਈ' ਕਹਾਣੀ ਵੀ ਅਠਾਰਾਂ-ਉੰਨੀੰ ਸਾਲ ਦੀ ਉਮਰ ਦੇ 'ਮੈਂ' ਪਾਤਰ ਨਾਲ ਵਾਪਰਦੀ ਹੈ।ਦੂਜੇ ਮਹਾਂਯੁੱਧ ਦੇ ਮੁੱਢਲੇ ਦਿਨਾਂ ਦੌਰਾਨ ਉਸਦਾ ਭਾਈਆ ਤੇ ਉਸਦੇ ਦੋਸਤ ਪ੍ਰੀਤੂ ਦਾ ਭਾਈਆ ਵੀ ਲਾਮ 'ਤੇ ਗਏ ਸਨ।ਪ੍ਰੀਤੂ ਦੀ ਮਾਂ ਨੇ ਉਸਦੇ ਭਾਈਏ ਦੀ ਸੁੱਖ ਸਾਂਦ ਵਾਸਤੇ ਆਪਣੇ ਘਰ ਸਾਧਾਰਨ ਪਾਠ ਰਖਵਾਇਆ ਸੀ।ਮੈਂ ਪਾਤਰ ਪਾਠ ਦੇ ਭੋਗ ਤੇ ਲੰਗਰ ਪਾਣੀ ਪਿੱਛੋਂ ਪ੍ਰੀਤੂ ਦੇ ਪਿੰਡ ਤੋਂ ਸਾਈਕਲ 'ਤੇ ਆਪਣੇ ਘਰ ਵਾਪਸ ਆ ਰਿਹਾ ਹੈ ਤਾਂ ਉਸਨੂੰ ਕੁਝ ਦੂਰੀ 'ਤੇ ਇਕ ਨਵਵਿਆਹੀ ਖੂਬਸੂਰਤ ਔਰਤ ਵਿਖਾਈ ਦਿੰਦੀ ਹੈ।ਕੁਝ ਪਲਾਂ ਵਿੱਚ ਹੀ ਉਹ ਉਸਦੀਆਂ ਨਜ਼ਰਾਂ ਤੋਂ ਓਝਲ ਹੋ ਜਾਂਦੀ ਹੈ। ਉਸਦੀ ਬੇਬੇ ਉਸਨੂੰ ਦੱਸਦੀ ਹੈ ਕਿ ਉਹ ਛਲੇਡਾ ਹੋਵੇਗਾ,ਜੋ ਔਰਤ ਦਾ ਰੂਪ ਧਾਰਨ ਕਰਕੇ ਪੁਰਸ਼ਾਂ ਨੂੰ ਭਰਮਾਉਂਦਾ ਹੈ।ਉਸਦੇ ਠੀਕ-ਠਾਕ ਘਰ ਪਹੁੰਚਣ 'ਤੇ ਬੇਬੇ ਸ਼ੁਕਰ ਮਨਾਉਂਦੀ ਹੈ।
'ਟਿਕਟ ਮਿਲ ਗਈ' ਕਹਾਣੀ ਵਿੱਚ ਮੈਂ ਪਾਤਰ ਰੇਲਵੇ ਸਟੇਸ਼ਨ ਤੋਂ ਦਿੱਲੀ ਦੀਆਂ ਟਿਕਟਾਂ ਬੁੱਕ ਕਰਵਾ ਕੇ ਸਾਈਕਲ 'ਤੇ ਆਪਣੇ ਘਰ ਵਾਪਸ ਪਰਤ ਰਿਹਾ ਹੈ।ਅਚਾਨਕ ਉਸਨੂੰ ਇਕ ਗੈਬੀ ਆਵਾਜ਼ ਸੁਣਾਈ ਦਿੰਦੀ ਹੈ-"ਤੇਰੀ ਟਿਕਟ ਉਥੇ ਡਿੱਗ ਪਈ ਹੈ"(ਪੰਨਾ 93)।ਸਨਸਨੀ ਪੈਦਾ ਹੁੰਦੀ ਹੈ।ਮੈਂ ਪਾਤਰ ਮੁੜ ਕੇ ਉਥੇ ਵੇਖਣ ਜਾਂਦਾ ਹੈ ਤਾਂ ਉਥੋਂ ਉਸਨੂੰ ਟਿਕਟ ਮਿਲ ਜਾਂਦੀ ਹੈ।ਉਸ ਆਵਾਜ਼ ਨੂੰ ਉਹ 'ਭਲੀ ਆਤਮਾ' ਦੀ ਆਵਾਜ਼ ਕਹਿੰਦਾ ਹੈ।
'ਚੁਬਾਰਾ' ਕਹਾਣੀ ਵਿੱਚ ਮੈਂ ਪਾਤਰ ਆਪਣੀ ਚਾਚੀ ਪ੍ਰੀਤਮ ਕੌਰ ਕੋਲ ਉਸਦੀ ਧੀ ਜਸਵੰਤ ਦੇ ਰਿਸ਼ਤੇ ਦੇ ਸਬੰਧ ਵਿੱਚ ਉਸਦੇ ਪਿੰਡ ਜਾਂਦਾ ਹੈ। ਜਸਵੰਤ ਘਰ ਦੇ ਚੁਬਾਰੇ ਵਿੱਚ ਕੱਪੜੇ ਸਿਉਣ ਦਾ ਕੰਮ ਕਰਦੀ ਹੈ।ਉਸਦੀ ਚਾਚੀ ਦਾ ਜੇਠ ਕਰਤਾਰ ਸਿੰਘ ਫੌਜ ਵਿੱਚ ਸੀ।ਕਰਤਾਰ ਸਿੰਘ ਨੇ ਬੜੀਆਂ ਰੀਝਾਂ ਨਾਲ ਚੁਬਾਰਾ ਬਣਵਾਇਆ ਸੀ।ਉਸ ਵਿੱਚ ਉਸਨੇ ਕੀਮਤੀ ਪਲੰਘ ਰੱਖਿਆ ਸੀ।ਪਰ ਉਸਨੂੰ ਉਸ ਉੱਤੇ ਸੌਣ ਦਾ ਮੌਕਾ ਨਹੀਂ ਸੀ ਮਿਲ ਸਕਿਆ।ਬਰਮਾ ਦੀ ਲੜਾਈ ਲੜਦਿਆਂ ਉਹ ਸ਼ਹੀਦ ਹੋ ਗਿਆ ਸੀ। ਉਸਦੀਆਂ ਸੱਧਰਾਂ ਅਧੂਰੀਆਂ ਰਹਿ ਗਈਆਂ ਸਨ। ਉਸਦੀ ਆਤਮਾ ਭਟਕਦੀ ਫਿਰਦੀ ਹੈ ਤੇ ਲੋਕ ਵਿਸ਼ਵਾਸ ਅਨੁਸਾਰ ਉਹ ਮਨੁੱਖ ਨਾਲੋਂ ਵਧੇਰੇ ਬਲਵਾਨ,ਵਿਕਰਾਲ ਤੇ ਰਹੱਸਮਈ ਸ਼ਕਤੀਆਂ ਨਾਲ ਭਰਪੂਰ ਹੈ। ਉਸ ਪਿੱਛੋਂ ਉਸ ਪਲੰਘ ਉਪਰ ਕਦੇ ਵੀ ਕੋਈ ਨਹੀਂ ਸੀ ਸੁੱਤਾ! ਜਸਵੰਤ ਜੇ ਇਕ ਵਾਰ ਉਸ ਪਲੰਘ 'ਤੇ ਲੇਟ ਜਾਂਦੀ ਹੈ ਤਾਂ ਉਸਨੂੰ ਜਿਵੇਂ ਕੋਈ ਭੂਤ ਚੰਬੜ ਜਾਂਦਾ ਹੈ।
'ਉਹ ਕੋਈ ਹੋਰ ਸੀ' ਕਹਾਣੀ ਵਿੱਚ ਮਕਾਨ ਦੀ ਉਸਾਰੀ ਦਾ ਕੰਮ ਕਰਨ ਵਾਲੇ ਮਜਦੂਰ ਤੇ ਮਿਸਤਰੀ ਸਹਿਮ ਦੇ ਸਾਏ ਹੇਠ ਹਨ।ਮਿੰਦੀ ਮਿਸਤਰੀ ਆਪਣੇ ਮੁਹੱਲੇ ਵਿੱਚ ਇਕ ਖੂਹ ਦੀ ਗੱਲ ਸੁਣਾਉਂਦਾ ਹੈ।ਉਸਨੇ ਸਣਿਆ ਸੀ ਕਿ ਉਸ ਖੂਹ 'ਤੇ ਇਕ ਭੂਤ ਰਹਿੰਦਾ ਸੀ ਤੇ ਡਰਦਿਆਂ ਉਥੇ ਜਾਣ ਦੀ ਕੋਈ ਹਿੰਮਤ ਨਹੀਂ ਸੀ ਕਰਦਾ।ਰਸਤੇ ਵਿੱਚ ਸਥਿਤ ਇਕ ਬੋਹੜ ਦੀ ਗੱਲ ਵੀ ਚੱਲਦੀ ਹੈ।ਲੋਕਾਂ ਦੇ ਕਹਿਣ ਅਨੁਸਾਰ ਉਸ ਬੋਹੜ 'ਤੇ ਵੀ ਭੂਤ ਪ੍ਰੇਤ ਰਹਿੰਦੇ ਸਨ। ਬੋਹੜ ਕੋਲ ਜਾਣ ਤੇ ਉਸ ਰਸਤਿਓਂ ਲੰਘਣ ਤੋਂ ਲੋਕ ਡਰਦੇ ਸਨ। ਇਕ ਦਿਨ ਉਸ ਬੋਹੜ ਕੋਲੋਂ ਕਿਸੇ ਦੀ ਲਾਸ਼ ਮਿਲਣ ਦੀ ਖਬਰ ਨੇ ਲੋਕਾਂ ਦੇ ਸਹਿਮ ਵਿੱਚ ਵਾਧਾ ਕਰ ਦਿੱਤਾ ਸੀ।ਇਸ ਕਹਾਣੀ ਵਿੱਚ ਬੋਹੜ,ਖੂਹ,ਜਿੰਨ,ਭੂਤ,ਪ੍ਰੇਤ,ਬਾਬਿਆਂ ਦਾ ਤਵੀਤ ਆਦਿ ਦਾ ਜ਼ਿਕਰ ਖ਼ੌਫ਼ਜ਼ਦਾ ਮਾਹੌਲ ਸਿਰਜਣ ਵਿੱਚ ਸਹਾਈ ਹੁੰਦਾ ਹੈ। ਕਹਾਣੀ ਵਿਚਲੀਆਂ ਘਟਨਾਵਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ।
'ਉਹ ਨਾਲ ਹੀ ਆ ਗਿਆ' ਕਹਾਣੀ ਕੁਝ ਸਥਾਨਾਂ 'ਤੇ ਘੁੰਮਦੀ ਹੈ। ਪੰਮੀ ਬੜੇ ਚਾਅ ਨਾਲ ਆਪਣੇ ਭਰਾ ਜਗਤਾਰ ਕੋਲ ਪਟਿਆਲਾ ਜਾਣ ਲਈ ਉਤਾਵਲੀ ਹੈ। ਉਥੇ ਪਹੁੰਚ ਕੇ ਉਹ ਬੇਹੱਦ ਬੇਚੈਨ ਹੋ ਜਾਂਦੀ ਹੈ ਕਿਉਂ ਜੋ ਉਸਦਾ ਭਰਾ ਕਿਸੇ ਕਾਰਨ ਵਸ ਪਰੇਸ਼ਾਨ ਹੈ।ਪਰੇਸ਼ਾਨੀ ਵਿੱਚ ਹੀ ਉਸਨੂੰ ਆਪਣੇ ਭਰਾ ਨਾਲ ਪਟਿਆਲਾ ਤੋਂ ਲੁਧਿਆਣਾ ਤੇ ਫਿਰ ਅਗਲੀ ਸਵੇਰ ਲੁਧਿਆਣਾ ਤੋਂ ਫਗਵਾੜਾ ਆਪਣੇ ਘਰ ਜਾਣਾ ਪੈਂਦਾ ਹੈ।ਪੰਮੀ,ਉਸਦੇ ਭਰਾ,ਭਰਜਾਈ ਤੇ ਖੁਦ ਉਸਦੀ ਪਰੇਸ਼ਾਨੀ ਤੇ ਬੇਚੈਨੀ ਦਾ ਕਾਰਨ ਘਰ ਵਿੱਚ ਕਿਸੇ 'ਪ੍ਰੇਤ ਆਤਮਾ' ਦਾ ਪ੍ਰਵੇਸ਼ ਕਰ ਜਾਣਾ ਸੀ। ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਮੱਥਾ ਟੇਕਣ ਤੇ ਇਸ਼ਨਾਨ ਕਰਨ ਨਾਲ ਪੰਮੀ ਇਸ ਪਰੇਸ਼ਾਨੀ ਤੋਂ ਰਾਹਤ ਹਾਸਲ ਕਰਦੀ ਹੈ। ਮੋਰੀ ਵਾਲਾ ਪੈਸਾ, ਰੱਬ ਦਾ ਸਾਈਕਲ, ਚੀਕੂ,ਨਾਂਗਾ ਸਾਧੂ, ਕੱਲ੍ਹ ਫੇਰ ਸਹੀ,ਢਾਹਾਂ ਵਾਲਾ ਚੋਰ, ਅਣ-ਸੁਲਝਿਆ ਰਹੱਸ,ਧੱਕਾ,ਮੇਰੇ ਨਾਲ ਚੱਲ,ਬੰਦ ਗਲੀ ਆਦਿ ਕਹਾਣੀਆਂ ਵਿੱਚ ਵੀ ਕੋਈ ਨਾ ਕੋਈ ਗੈਬੀ ਸ਼ਕਤੀ/ਪਰਾਸਰੀਰਕ ਅੰਸ਼ ਕੰਮ ਕਰਦੇ ਹਨ।
ਰੂਹਾਂ ਨੂੰ ਮਹਿਸੂਸ ਹੋਣ ਵਾਲੀਆਂ ਘਟਨਾਵਾਂ, ਕਦੇ ਛਲੇਡੇ,ਕਦੇ ਭੂਤ-ਪ੍ਰੇਤ,ਕਦੇ ਦਰਵੇਸ਼,ਕਦੇ ਫਰਿਸ਼ਤੇ,ਕਦੇ ਭਟਕਦੀ ਆਤਮਾ,ਕਦੇ ਭਲੀ ਆਤਮਾ, ਕਦੇ ਕਾਲੀ ਬਿੱਲੀ,ਕਦੇ ਬਾਂਦਰ, ਕਦੇ ਤੇਜ਼ ਉਡਣ ਵਾਲੇ ਅਜੀਬ ਕਿਸਮ ਦੇ ਪੰਛੀ ਆਦਿ ਪਾਤਰ ਜਾਂ ਉਨ੍ਹਾਂ ਨਾਲ ਜੁੜੀਆਂ ਘਟਨਾਵਾਂ ਇਨ੍ਹਾਂ ਕਹਾਣੀਆਂ ਨੂੰ ਯਥਾਰਥ ਤੋਂ ਦੂਰ ਲੈ ਜਾਂਦੀਆਂ ਹਨ। ਇਹ ਕਹਾਣੀਆਂ ਰਹੱਸਵਾਦੀ ਜਗਤ ਦੀਆਂ ਗੱਲਾਂ ਕਰਦੀਆਂ ਹਨ। ਅਦ੍ਰਿਸ਼ਟ ਅਮਾਨਵੀ ਪਾਤਰ ਕਾਰਜਸ਼ੀਲ ਰਹਿੰਦੇ ਹਨ। ਪੰਜਾਬੀ ਦੀਆਂ ਲੋਕ ਕਥਾਵਾਂ ਦੀ ਇਕ ਵੰਨਗੀ ਪ੍ਰੇਤ ਕਥਾਵਾਂ ਵਜੋਂ ਜਾਣੀ ਜਾਂਦੀ ਹੈ। ਇਸ ਪੁਸਤਕ ਵਿਚਲੀਆਂ ਬਹੁਤੀਆਂ ਕਹਾਣੀਆਂ ਲੋਕ ਕਥਾਵਾਂ ਦੀ ਉਸ ਵੰਨਗੀ ਨਾਲ ਰਲਦੀਆਂ-ਮਿਲਦੀਆਂ ਹਨ।
ਤਰਕਸ਼ੀਲ ਸੋਚ ਤੇ ਵਿਗਿਆਨਕ ਨਜ਼ਰੀਏ ਵਾਲੇ ਪਾਠਕ ਇਨ੍ਹਾਂ ਕਹਾਣੀਆਂ ਵਿੱਚ ਪਰਾਸਰੀਰਕ ਅੰਸ਼ਾਂ ਦੀ ਦਖਲਅੰਦਾਜ਼ੀ ਕਾਰਨ ਆਉਂਦੇ ਮੋੜ 'ਤੇ ਕਿੰਤੂ ਪਰੰਤੂ ਕਰਨਗੇ।ਕਹਾਣੀਆਂ ਵਿੱਚ ਰਹੱਸਮਈ ਸ਼ਕਤੀਆਂ ਬਲਵਾਨ ਹਨ।ਚਿੰਤਨਸ਼ੀਲ ਪਾਠਕ ਇਹ ਵੀ ਜਾਨਣਾ ਚਾਹੇਗਾ ਕਿ ਕਹਾਣੀਕਾਰ ਆਖਰ ਸੁਨੇਹਾ ਕੀ ਦੇਣਾ ਚਾਹੁੰਦੀ ਹੈ ? ਕੀ ਪਾਠਕ ਭੂਤਾਂ,ਚੁੜੇਲਾਂ, ਛਲੇਡਿਆਂ,ਪ੍ਰੇਤ ਰੂਹਾਂ, ਭਲੀਆਂ ਆਤਮਾਵਾਂ,ਪ੍ਰੇਤ ਆਤਮਾਵਾਂ, ਇੱਲ-ਬਲਾਵਾਂ,ਜਾਦੂ-ਟੂਣਿਆਂ ਆਦਿ ਦੀਆਂ ਸ਼ਕਤੀਆਂ/ਕਰੋਪੀਆਂ ਦੇ ਜਾਲ ਵਿੱਚ ਉਲਝਿਆ ਰਹੇ ? ਅਜੋਕਾ ਮਨੁੱਖ ਅਨੇਕ ਸਮਾਜਕ, ਆਰਥਿਕ, ਸੱਭਿਆਚਾਰਕ, ਨੈਤਿਕ, ਮਨੋਵਿਗਿਆਨਕ ਸਮੱਸਿਆਵਾਂ ਤੇ ਹੋਰ ਉਲਝਣਾਂ ਦੇ ਸਨਮੁੱਖ ਖੜਾ ਹੈ।ਇਹ ਮਨੁੱਖ ਦੀਆਂ ਚਿੰਤਾਵਾਂ ਵਿੱਚ ਵਾਧਾ ਕਰਨ ਵਾਲੇ ਤੇ ਮਹੱਤਵਪੂਰਨ ਸਵਾਲ ਹਨ।ਕਈ ਹੋਰ ਸਮੱਸਿਆਵਾਂ ਵੀ ਹਨ,ਜਿਨ੍ਹਾਂ ਵਿੱਚ ਉਲਝਿਆ ਮਨੁੱਖ ਪਰੇਸ਼ਾਨ ਹੈ।ਉਨ੍ਹਾਂ ਵਿੱਚੋਂ ਕਿਸੇ ਸਮੱਸਿਆ ਨੂੰ ਛੂਹ ਕੇ ਵੀ ਕਹਾਣੀ ਦੀ ਰਚਨਾ ਕੀਤੀ ਜਾ ਸਕਦੀ ਸੀ।
ਕਹਾਣੀ ਦਾ ਮੁੱਖ ਤੱਤ ਕਥਾਨਕ ਹੁੰਦਾ ਹੈ। ਕਥਾਨਕ ਨੇ ਕਹਾਣੀ ਦਾ ਆਧਾਰ ਬਣਨਾ ਹੁੰਦਾ ਹੈ ਤੇ ਇਸ ਨਾਲ ਹੀ ਕਹਾਣੀ ਆਪਣੀ ਹੋਂਦ ਗ੍ਰਹਿਣ ਕਰਦੀ ਹੈ। ਇਸ ਪੁਸਤਕ ਵਿਚਲੀਆਂ ਕਹਾਣੀਆਂ ਉਸਰਦੀਆਂ ਹੀ ਗ਼ੈਬੀ ਘਟਨਾਵਾਂ/ਪਾਤਰਾਂ ਦੇ ਆਧਾਰ 'ਤੇ ਹਨ।ਇੰਜ, ਇਹ ਕਹਾਣੀਆਂ ਯਥਾਰਥ ਚਿਤਰਣ ਦੀ ਲੀਹ ਤੋਂ ਲਹਿ ਜਾਂਦੀਆਂ ਹਨ।
ਕਹਾਣੀਕਾਰ ਆਪਣੀ ਦ੍ਰਿਸ਼ਟੀ ਅਨੁਸਾਰ ਘਟਨਾਵਾਂ ਨੂੰ ਚੁਣਦੀ ਤੇ ਵਿਉਂਤਦੀ ਹੈ।ਕਿਸੇ ਘਟਨਾ ਦੇ ਵਾਪਰਨ ਨੇ ਕਥਾਨਕ ਦੀ ਕੜੀ ਬਣਨਾ ਹੁੰਦਾ ਹੈ। ਕਹਾਣੀਆਂ ਵਿੱਚ ਕਾਲਪਨਿਕ ਘਟਨਾਵਾਂ/ਪਾਤਰ ਜੋੜ ਕੇ ਕਥਾਨਕ ਦੀ ਉਸਾਰੀ ਕੀਤੀ ਗਈ ਹੈ,ਜੋ ਕਹਾਣੀਆਂ ਦੇ ਪਾਤਰਾਂ ਨੂੰ ਭਟਕਾਉੰਦੀ ਹੈ। ਅਲੌਕਿਕ ਬਿਰਤਾਂਤ ਸਿਰਜਦੀਆਂ ਇਨ੍ਹਾਂ ਕਹਾਣੀਆਂ ਦਾ ਸੰਸਾਰ ਅਦਭੁੱਤ ਤੇ ਵਿਲੱਖਣ ਹੈ।ਇਨ੍ਹਾਂ ਕਹਾਣੀਆਂ ਦੇ ਬਿਰਤਾਂਤ ਵਿੱਚ ਰੌਚਿਕਤਾ, ਉਤਸੁਕਤਾ,ਗਤੀ ਤੇ ਨਾਟਕੀਅਤਾ ਬਣੀ ਰਹਿੰਦੀ ਹੈ।ਲੇਖਿਕਾ ਗਤੀ ਦਾ ਨਿਭਾਓ ਬਣਾਈ ਰੱਖਦੀ ਹੈ। ਕਿਧਰੇ ਕਿਧਰੇ ਘਟਨਾਵਾਂ ਤੇ ਪਾਤਰਾਂ ਦਰਮਿਆਨ ਤਣਾਓ ਵਾਲੀਆਂ ਸਥਿਤੀਆਂ ਵੀ ਪੈਦਾ ਹੁੰਦੀਆਂ ਹਨ। ਲਗਪਗ ਹਰੇਕ ਕਹਾਣੀ ਵਿੱਚ ਅਲੌਕਿਕ ਪਾਤਰਾਂ ਦੀ ਦਖਲਅੰਦਾਜ਼ੀ ਨਾਲ ਹੀ ਕਹਾਣੀ ਨੇਪਰੇ ਚੜ੍ਹਦੀ ਹੈ। ਪੁਸਤਕ ਵਿਚਲੀਆਂ ਕੁਝ ਕਹਾਣੀਆਂ ਦਾ ਸੁਭਾਅ ਵਿਆਖਿਆ ਮੂਲਕ ਹੈ ਫਿਰ ਵੀ ਉਨ੍ਹਾਂ ਦੇ ਬਿਰਤਾਂਤ ਦੀ ਉਸਾਰੀ ਠੀਕ ਨਿਭਦੀ ਹੈ। ਇਨ੍ਹਾਂ ਕਹਾਣੀਆਂ ਦੇ ਸੱਭਿਆਚਾਰਕ ਪਰਿਪੇਖ ਨੂੰ ਸਮਝਣ ਦੀ ਲੋੜ ਹੈ। ਇਸ ਪੁਸਤਕ ਦੀ ਰਚਨਾ ਕਰਨ ਲਈ ਮੈਂ ਡਾ.ਪਰਮਜੀਤ ਕੌਰ ਜੱਸਲ ਨੂੰ ਦਿਲੀ ਮੁਬਾਰਕਬਾਦ ਭੇਂਟ ਕਰਦਾ ਹਾਂ। ਇਸ ਕਿਤਾਬ ਦੀ ਆਮਦ ਦੇ ਮੌਕੇ 'ਤੇ ਮੈਂ ਇਸਦਾ ਨਿੱਘਾ ਸਵਾਗਤ ਕਰਨ ਦੀ ਖੁਸ਼ੀ ਅਨੁਭਵ ਕਰ ਰਿਹਾ ਹਾਂ।