ਜਬਰਜਨਾਹ ਤੇ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਨੂੰ ਲਾਇਆ ਜ਼ਹਿਰ ਦਾ ਟੀਕਾ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਟੈਨੇਸੀ ਰਾਜ ਵਿੱਚ ਇੱਕ ਨੌਜਵਾਨ ਕਾਲਜ ਵਿਦਿਆਰਥਣ ਨਾਲ ਜਬਰਜਨਾਹ ਕਰਨ ਤੇ ਉਸ ਦੀ ਬੁਰੀ ਤਰਾਂ ਹੱਤਿਆ ਕਰ ਦੇਣ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਪ੍ਰਾਪਤ 64 ਸਾਲਾ ਦੋਸ਼ੀ ਵੇਨੇ ਨਿਕੋਲਸ ਨੂੰ ਜ਼ਹਿਰ ਦਾ ਟੀਕਾ ਲਾ ਦਿੱਤਾ ਗਿਆ। ਇਹ ਘਟਨਾ 1988 ਵਿੱਚ ਹੋਈ ਸੀ। ਦੋਸ਼ੀ ਨੇ 20 ਸਾਲਾ ਕਾਰੇਨ ਪੁਲੀ ਨਾਲ ਪਹਿਲਾਂ ਜਬਰਜਨਾਹ ਕੀਤਾ ਤੇ ਬਾਅਦ ਵਿੱਚ ਡਾਂਗ ਨਾਲ ਉਸ ਦੀ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ। ਨਿਕੋਲਸ ਨੇ ਆਪਣੇ ਆਖਰੀ ਸ਼ਬਦਾਂ ਵਿੱਚ ਕਿਹਾ ਮੈਨੂੰ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਅਫਸੋਸ ਹੈ, ਮੇਰਾ ਪਰਿਵਾਰ ਜਾਣਦਾ ਹੈ, ਮੈ ਉਸ ਨੂੰ ਪਿਆਰ ਕਰਦਾ ਹਾਂ, ਮੈਨੂੰ ਪਤਾ ਹੈ ਮੈ ਕਿਥੇ ਜਾ ਰਿਹਾ ਹਾਂ, ਮੈ ਘਰ ਜਾਣ ਲਈ ਤਿਆਰ ਹਾਂ। ਸੁਪਰੀਮ ਕੋਰਟ ਵੱਲੋਂ ਉਸ ਦੀ ਅੰਤਿਮ ਅਪੀਲ ਰੱਦ ਕਰ ਦੇਣ ਦੇ ਕੁਝ ਹੀ ਸਮੇ ਬਾਅਦ ਉਸ ਨੂੰ ਜ਼ਹਿਰ ਦਾ ਟੀਕਾ ਲਾ ਦਿੱਤਾ ਗਿਆ ਤੇ 10.39 ਵਜੇ ਸਵੇਰੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।