ਪੰਜਵੀਂ ਪੀੜ੍ਹੀ ਦਾ ਸਿੱਖ ਅਫਸਰ ਲੈਫਟੀਨੈਂਟ ਸਰਤਾਜ ਸਿੰਘ

ਪਰਿਵਾਰ ਦੀ ਫੌਜੀ ਵਿਰਾਸਤ ਨੂੰ ਅੱਗੇ ਵਧਾਇਆ
ਖਾਸ ਖਬਰ
ਦੇਹਰਾਦੂਨ ਦੀ ਇੰਡੀਅਨ ਮਿਲਟਰੀ ਅਕੈਡਮੀ (ਆਈ.ਐੱਮ.ਏ.) ਵਿੱਚ 13 ਦਸੰਬਰ 2025 ਨੂੰ ਹੋਈ ਪਾਸਿੰਗ ਆਊਟ ਪਰੇਡ ਇੱਕ ਬਹੁਤ ਵੱਡਾ ਅਤੇ ਮਾਣ ਕਰਨ ਵਾਲਾ ਮੌਕਾ ਸੀ। ਇਸ ਪਰੇਡ ਵਿੱਚ 525 ਨਵੇਂ ਅਫਸਰ ਫੌਜ ਵਿੱਚ ਸ਼ਾਮਲ ਹੋਏ। ਇਨ੍ਹਾਂ ਵਿੱਚੋਂ ਇੱਕ ਸਨ ਲੈਫਟੀਨੈਂਟ ਸਰਤਾਜ ਸਿੰਘ, ਜੋ ਪੰਜਵੀਂ ਪੀੜ੍ਹੀ ਦੇ ਸਿੱਖ ਅਫਸਰ ਹਨ ਅਤੇ ਆਪਣੇ ਪਰਿਵਾਰ ਦੀ ਲੰਮੀ ਫੌਜੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਇਸ ਤੋਂ ਇਲਾਵਾ ਦੋ ਹੋਰ ਅਫਸਰ ਲੈਫਟੀਨੈਂਟ ਹਰਮਨਮੀਤ ਸਿੰਘ ਅਤੇ ਲੈਫਟੀਨੈਂਟ ਯੁਵਰਾਜ ਸਿੰਘ ਵੀ ਚਾਰ ਪੀੜ੍ਹੀਆਂ ਦੀ ਵਿਰਾਸਤ ਨੂੰ ਜਾਰੀ ਰੱਖ ਰਹੇ ਹਨ।
ਪੰਜਵੀਂ ਪੀੜ੍ਹੀ ਦੇ ਅਫਸਰ ਲੈਫਟੀਨੈਂਟ ਸਰਤਾਜ ਸਿੰਘ ਦੀ ਕਹਾਣੀ ਬਹੁਤ ਪ੍ਰੇਰਨਾ ਦੇਣ ਵਾਲੀ ਹੈ। ਉਹ 20 ਜਾਟ ਰੈਜੀਮੈਂਟ ਵਿੱਚ ਭਰਤੀ ਹੋਏ ਹਨ, ਜੋ ਉਨ੍ਹਾਂ ਦੇ ਪਿਤਾ ਬ੍ਰਿਗੇਡੀਅਰ ਉਪਿੰਦਰ ਪਾਲ ਸਿੰਘ ਦੀ ਵੀ ਉਹੀ ਯੂਨਿਟ ਸੀ। ਸਰਤਾਜ ਸਿੰਘ ਦੀ ਵਿਰਾਸਤ 1897 ਤੋਂ ਸ਼ੁਰੂ ਹੁੰਦੀ ਹੈ, ਜਦੋਂ ਉਨ੍ਹਾਂ ਦੇ ਪਰਪ੍ਰੋੜਾ ਦਾਦਾ ਅਰਥਾਤ ਵਡੇ ਪੜਦਾਦਾ ਸਿਪਾਹੀ ਕਿਰਪਾਲ ਸਿੰਘ ਨੇ 36 ਸਿੱਖ ਰੈਜੀਮੈਂਟ ਵਿੱਚ ਅਫਗਾਨ ਮੁਹਿੰਮ ਵਿੱਚ ਹਿੱਸਾ ਲਿਆ ਸੀ।
ਇਸ ਤੋਂ ਬਾਅਦ ਉਨ੍ਹਾਂ ਦੇ ਪੜਦਾਦਾ ਸੁਬੇਦਾਰ ਅਜਮੇਰ ਸਿੰਘ ਨੇ ਦੂਜੀ ਵਿਸ਼ਵ ਜੰਗ ਵਿੱਚ ਬੀਰ ਹਕੀਮ ਦੀ ਲੜਾਈ ਵਿੱਚ ਬਹਾਦਰੀ ਵਿਖਾਈ ਅਤੇ ਬ੍ਰਿਟਿਸ਼ ਇੰਡੀਆ ਦਾ ਦੁਰਲੱਭ ਆਰਡਰ ਆਫ਼ ਬ੍ਰਿਟਿਸ਼ ਇੰਡੀਆ ਮੈਡਲ ਜਿੱਤਿਆ। ਉਨ੍ਹਾਂ ਦੇ ਦਾਦਾ ਬ੍ਰਿਗੇਡੀਅਰ ਹਰਵੰਤ ਸਿੰਘ ਨੇ 1965 ਅਤੇ 1971 ਦੀਆਂ ਭਾਰਤ-ਪਾਕਿ ਜੰਗਾਂ ਵਿੱਚ ਨਵੇਂ ਅਧਿਆਏ ਸਿਰਜੇ। ਉਨ੍ਹਾਂ ਦੇ ਚਾਚਾ ਕਰਨਲ ਹਰਵਿੰਦਰ ਪਾਲ ਸਿੰਘ ਨੇ 1999 ਦੀ ਕਾਰਗਿਲ ਜੰਗ ਵਿੱਚ ਸਿਆਚਿਨ ਵਿੱਚ ਪਰਿਵਾਰ ਦੀ ਪਰੰਪਰਾ ਨੂੰ ਕਾਇਮ ਰੱਖਿਆ।
ਸਰਤਾਜ ਸਿੰਘ ਦੇ ਮਾਤਾ ਪੱਖ ਤੋਂ ਵੀ ਫੌਜੀ ਵਿਰਾਸਤ ਬਹੁਤ ਮਜ਼ਬੂਤ ਹੈ। ਕੈਪਟਨ ਹਰਭਗਤ ਸਿੰਘ, ਕੈਪਟਨ ਗੁਰਮੇਲ ਸਿੰਘ (ਰਿਟਾਇਰਡ), ਕਰਨਲ ਗੁਰਸੇਵਕ ਸਿੰਘ (ਰਿਟਾਇਰਡ) ਅਤੇ ਕਰਨਲ ਇੰਦਰਜੀਤ ਸਿੰਘ ਵਰਗੇ ਅਫਸਰਾਂ ਨੇ ਪਹਿਲੀ ਵਿਸ਼ਵ ਜੰਗ, ਦੂਜੀ ਵਿਸ਼ਵ ਜੰਗ ਅਤੇ 1971 ਦੀ ਜੰਗ ਵਿੱਚ ਸੇਵਾ ਕੀਤੀ। ਇਸ ਤਰ੍ਹਾਂ ਦੇ ਮਾਹੌਲ ਵਿੱਚ ਵੱਡਾ ਹੋਣ ਕਾਰਨ ਸਰਤਾਜ ਨੇ ਸੇਵਾ, ਅਨੁਸ਼ਾਸਨ ਅਤੇ ਦੇਸ਼ ਭਗਤੀ ਨੂੰ ਜੀਵਨ ਦਾ ਹਿੱਸਾ ਬਣਾ ਲਿਆ। ਆਈ.ਐੱਮ.ਏ. ਨੇ ਕਿਹਾ ਹੈ ਕਿ ਸਰਤਾਜ ਲਈ ਭਰਤੀ ਸਿਰਫ਼ ਨਿੱਜੀ ਮੀਲ ਪੱਥਰ ਨਹੀਂ, ਬਲਕਿ ਵਿਰਾਸਤ ਨੂੰ ਅਗੇ ਵਧਾਉਣ ਦਾ ਇਤਿਹਾਸ ਹੈ। ਇਹ ਨੌਜਵਾਨਾਂ ਨੂੰ ਸਿਖਾਉਂਦਾ ਹੈ ਕਿ ਅਸਲ ਇੱਜ਼ਤ ਨਾਂ ਨਾਲ ਨਹੀਂ ਮਿਲਦੀ, ਬਲਕਿ ਪੁਰਖਿਆਂ ਦੀਆਂ ਕਦਰਾਂ ਕੀਮਤਾਂ ਨੂੰ ਅੱਗੇ ਵਧਾ ਕੇ ਮਿਲਦੀ ਹੈ।
ਮਾਣ ਕਰਨ ਵਾਲੀ ਪਾਸਿੰਗ ਆਊਟ ਪਰੇਡ ਵਿੱਚ ਨਵੇਂ ਅਫਸਰਾਂ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ ।
ਇਸੇ ਪਰੇਡ ਵਿੱਚ ਲੈਫਟੀਨੈਂਟ ਹਰਮਨਮੀਤ ਸਿੰਘ ਰੀਨ ਨੇ ਵੀ ਚਾਰ ਪੀੜ੍ਹੀਆਂ ਦੀ ਵਿਰਾਸਤ ਨੂੰ ਅੱਗੇ ਵਧਾਇਆ। ਉਹ ਮਰਾਠਾ ਲਾਈਟ ਇਨਫੈਂਟਰੀ ਵਿੱਚ ਭਰਤੀ ਹੋਏ ਹਨ, ਜੋ ਉਨ੍ਹਾਂ ਦੇ ਪਿਤਾ ਕਰਨਲ ਹਰਮੀਤ ਸਿੰਘ ਦੀ ਵੀ ਯੂਨਿਟ ਹੈ। ਹਰਮਨਮੀਤ ਦੇ ਪੜਦਾਦਾ ਸਿੱਖ ਰੈਜੀਮੈਂਟ ਵਿੱਚ ਸਨ। ਉਨ੍ਹਾਂ ਦੇ ਦਾਦਾ ਸਿਗਨਲਜ਼ ਵਿੱਚ ਅਤੇ ਦੋ ਚਾਚਾ 1965 ਦੀ ਜੰਗ ਵਿੱਚ ਆਰਟਿਲਰੀ ਰੈਜੀਮੈਂਟ ਵਿੱਚ ਲੜੇ। ਇੱਕ ਚਾਚਾ ਕੈਪਟਨ ਉਜਾਗਰ ਸਿੰਘ ਨੂੰ ਗੱਲੈਂਟਰੀ ਲਈ ਸੈਨਾ ਮੈਡਲ ਮਿਲਿਆ ਸੀ।
ਹਰਮਨਮੀਤ ਨੇ ਮਿਲਟਰੀ ਕਾਲਜ ਆਫ਼ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਵਿੱਚ ਸਿਲਵਰ ਮੈਡਲ ਜਿੱਤਿਆ। ਉਹ ਅਕਾਦਮਿਕ ਵਿੱਚ ਵਧੀਆ ਰਿਹਾ ਅਤੇ ਬੇਅਨੈੱਟ ਪਿੰਨ ਅਤੇ ਸਿਕਸ ਸਟਾਰ ਟਾਰਚ ਵਰਗੇ ਅਵਾਰਡ ਜਿੱਤੇ। ਸਪੋਰਟਸ ਵਿੱਚ ਵੀ ਉਸ ਨੇ ਸਕੁਐਸ਼ ਵਿੱਚ ਹਾਫ ਬਲੂ ਅਤੇ ਟੈਨਿਸ ਵਿੱਚ ਮੈਰਿਟ ਕਾਰਡ ਹਾਸਲ ਕੀਤਾ। ਉਸ ਦੀ ਮਾਤਾ ਹਰਵੀਨ ਕੌਰ ਰੀਨ 26 ਸਾਲਾਂ ਤੋਂ ਅਧਿਆਪਕਾ ਹਨ ਅਤੇ ਪਰਿਵਾਰ ਦਾ ਮਜ਼ਬੂਤ ਸਹਾਰਾ ਰਹੀਆਂ ਹਨ।
ਤੀਜੇ ਅਫਸਰ ਲੈਫਟੀਨੈਂਟ ਯੁਵਰਾਜ ਸਿੰਘ ਨੁਘਾਲ ਚੌਥੀ ਪੀੜ੍ਹੀ ਦੇ ਵਾਰਿਸ ਹਨ। ਉਨ੍ਹਾਂ ਦੇ ਪਿਤਾ 7 ਮੈਕੇਨਾਈਜ਼ਡ ਇਨਫੈਂਟਰੀ ਵਿੱਚ ਭਰਤੀ ਹੋਏ ਸਨ। ਦਾਦਾ 16 ਗ੍ਰੇਨੇਡੀਅਰਜ਼ ਵਿੱਚ ਅਤੇ ਪੜਦਾਦਾ ਆਜ਼ਾਦੀ ਤੋਂ ਪਹਿਲਾਂ 7 ਜਾਟ ਵਿੱਚ ਸੇਵਾ ਕਰ ਚੁੱਕੇ ਸਨ। ਯੁਵਰਾਜ ਲਈ ਫੌਜ ਵਿਚ ਭਰਤੀ ਵਿਰਾਸਤ ਦਾ ਨਵਾਂ ਅਧਿਆਏ ਹੈ,।
ਇਹ ਤਿੰਨੇ ਅਫਸਰ ਨੌਜਵਾਨਾਂ ਲਈ ਮਿਸਾਲ ਹਨ ਕਿ ਪਰਿਵਾਰ ਦੀ ਵਿਰਾਸਤ ਨੂੰ ਕਿਵੇਂ ਜਾਰੀ ਰੱਖਿਆ ਜਾਂਦਾ ਹੈ