ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਵਾਪਸੀ ਦੀਆਂ ਅਫਵਾਹਾਂ ਜਾਂ ਸਚਾਈ

ਰੰਧਾਵਾ ਨੇ ਕੈਪਟਨ ਦੀ ਕਿਉਂ ਕੀਤੀ ਤਾਰੀਫ਼ ?
 ਪਰਨੀਤ ਕੌਰ ਨੇ ਕਿਉਂ ਕਿਹਾ ਕਿ ਕੈਪਟਨ ਕਾਂਗਰਸ ਵਿਚ ਨਹੀਂ ਜਾਣਗੇ
ਚੰਡੀਗੜ੍ਹ &ndash ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਨਾਲ ਜੁੜੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ ਹੈ। ਗੁਰਦਾਸਪੁਰ ਤੋਂ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੈਪਟਨ ਦੀ ਖੁੱਲ੍ਹ ਕੇ ਤਾਰੀਫ਼ ਕਰਨ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਚਰਚਾ ਛਿੜ ਗਈ ਹੈ ਕਿ ਕੀ ਕੈਪਟਨ ਭਾਰਤੀ ਜਨਤਾ ਪਾਰਟੀ (ਭਾਜਪਾ) ਛੱਡ ਕੇ ਮੁੜ ਕਾਂਗਰਸ ਵਿੱਚ ਵਾਪਸ ਆ ਰਹੇ ਹਨ? ਹਾਲਾਂਕਿ ਕੈਪਟਨ ਦੀ ਪਤਨੀ ਤੇ ਭਾਜਪਾ ਨੇਤਾ ਪਰਨੀਤ ਕੌਰ ਨੇ ਇਨ੍ਹਾਂ ਕਿਆਸਅਰਾਈਆਂ ਨੂੰ ਸਿੱਧੇ ਤੌਰ ਤੇ ਰੱਦ ਕਰ ਦਿੱਤਾ ਹੈ, ਪਰ ਪੰਜਾਬ ਦੀ ਰਾਜਨੀਤੀ ਵਿੱਚ ਇਹ ਮਾਮਲਾ ਗਰਮਾ ਗਿਆ ਹੈ।
ਇਹ ਪੂਰਾ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਭਾਜਪਾ ਦੀ ਕੰਮਕਾਜੀ ਸ਼ੈਲੀ ਤੇ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਭਾਜਪਾ ਨੇ ਉਨ੍ਹਾਂ ਨੂੰ ਕਦੇ ਪੁੱਛਿਆ ਵੀ ਨਹੀਂ। ਸਾਰੇ ਫ਼ੈਸਲੇ ਦਿੱਲੀ ਤੋਂ ਹੀ ਲਏ ਜਾਂਦੇ ਹਨ, ਜਦਕਿ ਕਾਂਗਰਸ ਵਿੱਚ ਲੰਬੀ ਚਰਚਾ ਤੋਂ ਬਾਅਦ ਫ਼ੈਸਲੇ ਹੁੰਦੇ ਸਨ। ਇਸ ਬਿਆਨ ਨੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ, ਕਿਉਂਕਿ ਕੈਪਟਨ 2021 ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ।
ਇਸੇ ਦੌਰਾਨ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਇੰਟਰਵਿਊ ਵਿੱਚ ਕੈਪਟਨ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਰੰਧਾਵਾ ਨੇ ਕਿਹਾ ਕਿ ਕੈਪਟਨ ਜ਼ੁਬਾਨ ਦੇ ਪੱਕੇ ਹਨ ਤੇ ਜਿਸ ਦੇ ਨਾਲ ਖੜ੍ਹੇ ਹੋਣ ਤਾਂ ਪੂਰੇ ਖੜ੍ਹੇ ਹੁੰਦੇ ਹਨ। ਉਨ੍ਹਾਂ ਨੂੰ ਬਿਹਤਰ ਸਿਆਸਤਦਾਨ ਕਰਾਰ ਦਿੱਤਾ। ਇਹ ਬਿਆਨ ਇਸ ਲਈ ਵੀ ਮਹੱਤਵਪੂਰਨ ਹੈ ਕਿ ਰੰਧਾਵਾ ਕੈਪਟਨ ਦੇ ਨੇੜਲੇ ਸਾਥੀ ਰਹੇ ਹਨ, ਪਰ 2021 ਵਿੱਚ ਕੈਪਟਨ ਵਿਰੋਧੀ ਬਗਾਵਤ ਵਿੱਚ ਵੀ ਅੱਗੇ ਸਨ। ਉਸ ਸਮੇਂ ਮਾਝਾ ਬ੍ਰਿਗੇਡ ਵਿੱਚ ਰੰਧਾਵਾ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ, ਪਰ ਕੈਪਟਨ ਤੋਂ ਜਵਾਬ ਨਾ ਮਿਲਣ ਕਾਰਨ ਦੋਵਾਂ ਵਿੱਚ ਮਤਭੇਦ ਵਧ ਗਏ ਸਨ।
ਰੰਧਾਵਾ ਦੇ ਇਸ ਬਿਆਨ ਨੇ ਸਿਆਸੀ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਕਿ ਕੀ ਇਹ ਕਾਂਗਰਸ ਵਾਪਸੀ ਦਾ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਹੈ? ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੈਪਟਨ ਭਾਜਪਾ ਵਿੱਚ ਖੁਸ਼ ਨਹੀਂ ਦਿਸ ਰਹੇ। ਉਨ੍ਹਾਂ ਨੂੰ ਪਾਰਟੀ ਵਿੱਚ ਵੱਡੀ ਜ਼ਿੰਮੇਵਾਰੀ ਨਹੀਂ ਮਿਲੀ ਤੇ ਪੰਜਾਬ ਵਿੱਚ ਭਾਜਪਾ ਦੀ ਸਥਿਤੀ ਵੀ ਮਜ਼ਬੂਤ ਨਹੀਂ। 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤੇ ਭਾਜਪਾ ਨੂੰ ਅਕਾਲੀ ਦਲ ਨਾਲ ਗਠਜੋੜ ਦੀ ਲੋੜ ਹੈ, ਪਰ ਕੈਪਟਨ ਨੇ ਖੁੱਲ੍ਹ ਕੇ ਅਕਾਲੀਆਂ ਦੀ ਪ੍ਰਸ਼ੰਸਾ ਕੀਤੀ ਹੈ।
ਦੂਜੇ ਪਾਸੇ ਕੈਪਟਨ ਦੀ ਪਤਨੀ ਪਰਨੀਤ ਕੌਰ ਨੇ ਕਿਹਾ ਕਿ ਕਾਂਗਰਸ ਨਾਲ ਕੋਈ ਗੱਲਬਾਤ ਨਹੀਂ ਚੱਲ ਰਹੀ। ਕੈਪਟਨ ਭਾਜਪਾ ਵਿੱਚ ਹਨ ਤੇ ਰਹਿਣਗੇ। ਪੂਰੇ ਪਰਿਵਾਰ ਨੇ ਸੋਚ ਸਮਝ ਕੇ ਭਾਜਪਾ ਜੁਆਇਨ ਕੀਤੀ ਸੀ ।
ਦੂਜੇ ਪਾਸੇ ਆਪ ਨੇ ਇਸ ਮੌਕੇ ਨੂੰ ਭੁਨਾਉਣ ਦੀ ਕੋਸ਼ਿਸ਼ ਕੀਤੀ। ਆਪ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਰੰਧਾਵਾ ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਪੁੱਛਿਆ ਕਿ ਕੀ ਰੰਧਾਵਾ 2017 ਦੀਆਂ ਚੋਣਾਂ ਭੁੱਲ ਗਏ ਹਨ ਜਦੋਂ ਕੈਪਟਨ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਨਸ਼ੇ ਖਤਮ ਕਰਨ, ਘਰ-ਘਰ ਨੌਕਰੀ ਤੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਵਾਅਦੇ ਕੀਤੇ ਸਨ? ਇਹ ਸਾਰੇ ਵਾਅਦੇ ਹਵਾ ਵਿੱਚ ਉੱਡ ਗਏ। ਪੰਨੂ ਨੇ ਕੈਪਟਨ ਦੇ ਪਾਰਟੀਆਂ ਬਦਲਣ ਦੇ ਇਤਿਹਾਸ ਤੇ ਵੀ ਰੌਸ਼ਨੀ ਪਾਈ &ndash 1984 ਵਿੱਚ ਅਕਾਲੀ ਦਲ, ਫਿਰ ਕਾਂਗਰਸ, 2012 ਵਿੱਚ ਨਵੀਂ ਪਾਰਟੀ ਰਜਿਸਟਰ ਕਰਨ ਦੀ ਕੋਸ਼ਿਸ਼ ਤੇ ਹੁਣ ਭਾਜਪਾ। ਉਨ੍ਹਾਂ ਕਿਹਾ ਕਿ ਅਜਿਹਾ ਵਿਅਕਤੀ ਜ਼ੁਬਾਨ ਦਾ ਪੱਕਾ ਕਿਵੇਂ ਹੋ ਸਕਦਾ ਹੈ? ਪੰਨੂ ਨੇ ਇਹ ਵੀ ਕਿਹਾ ਕਿ ਕੈਪਟਨ ਹੁਣ ਸੁਖਬੀਰ ਬਾਦਲ ਨੂੰ ਵੀ ਚੰਗਾ ਆਦਮੀ ਕਹਿ ਰਹੇ ਹਨ, ਜੋ ਹੈਰਾਨੀ ਵਾਲੀ ਗੱਲ ਹੈ। ਪੰਜਾਬ ਦੇ ਲੋਕ ਇਸ ਮੌਕਾਪ੍ਰਸਤੀ ਨੂੰ ਸਮਝਦੇ ਹਨ।
ਪੰਜਾਬ ਦੀ ਰਾਜਨੀਤੀ ਤੇ ਨਜ਼ਰ ਰੱਖਣ ਵਾਲੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੈਪਟਨ ਦੀ ਕਾਂਗਰਸ ਵਾਪਸੀ ਇੰਨੀ ਆਸਾਨ ਨਹੀਂ। ਇੱਕ ਪਾਸੇ ਉਨ੍ਹਾਂ ਦੇ ਬੇਟੇ ਰਣਿੰਦਰ ਸਿੰਘ ਤੇ ਈਡੀ ਜਾਂਚ ਲਟਕ ਰਹੀ ਹੈ, ਜੋ ਕਾਂਗਰਸ ਵਾਪਸੀ ਨਾਲ ਤੇਜ਼ ਹੋ ਸਕਦੀ ਹੈ। ਦੂਜੇ ਪਾਸੇ ਕਾਂਗਰਸ ਹਾਈਕਮਾਂਡ ਲਈ ਵੀ ਕੈਪਟਨ ਨੂੰ ਮੁੜ ਵੱਡਾ ਚਿਹਰਾ ਬਣਾਉਣਾ ਔਖਾ ਹੋਵੇਗਾ, ਕਿਉਂਕਿ ਪਾਰਟੀ ਵਿੱਚ ਨਵੀਂ ਲੀਡਰਸ਼ਿਪ ਉੱਭਰ ਰਹੀ ਹੈ।
ਫਿਰ ਵੀ ਇਹ ਚਰਚਾ 2027 ਦੀਆਂ ਚੋਣਾਂ ਲਈ ਮਹੱਤਵਪੂਰਨ ਹੈ। । ਕਾਂਗਰਸ ਲਈ ਕੈਪਟਨ ਵਰਗਾ ਵੱਡਾ ਚਿਹਰਾ ਵਾਪਸ ਆਉਣ ਨਾਲ ਫਾਇਦਾ ਹੋ ਸਕਦਾ ਹੈ, ਪਰ ਪਾਰਟੀ ਅੰਦਰੂਨੀ ਖਿੱਚੋਤਾਣ ਵੀ ਵਧ ਸਕਦੀ ਹੈ। ਆਪ ਇਸ ਨੂੰ ਮੌਕੇ ਵਜੋਂ ਵੇਖ ਰਹੀ ਹੈ ਤੇ ਵਿਰੋਧੀਆਂ ਨੂੰ ਪਛਾੜਨ ਦੀ ਕੋਸ਼ਿਸ਼ ਕਰ ਰਹੀ ਹੈ।
ਕੁੱਲ ਮਿਲਾ ਕੇ, ਕੈਪਟਨ ਅਮਰਿੰਦਰ ਸਿੰਘ ਦਾ ਰਾਜਨੀਤਕ ਭਵਿੱਖ ਅਜੇ ਵੀ ਅਨਿਸ਼ਚਿਤ ਹੈ। ਉਹ 83 ਸਾਲ ਦੀ ਉਮਰ ਵਿੱਚ ਵੀ ਸਰਗਰਮ ਹਨ, ਪਰ ਸਿਹਤ ਤੇ ਪਾਰਟੀ ਅੰਦਰੂਨੀ ਸਥਿਤੀ ਉਨ੍ਹਾਂ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਕੀ ਕੈਪਟਨ ਮੁੜ ਕਾਂਗਰਸ ਵਿੱਚ ਵਾਪਸ ਆਉਣਗੇ ਜਾਂ ਭਾਜਪਾ ਵਿੱਚ ਹੀ ਰਹਿਣਗੇ? ਇਸ ਦਾ ਜਵਾਬ ਸਮਾਂ ਹੀ ਦੇਵੇਗਾ।