ਨਿਊਜ਼ੀਲੈਂਡ ਤੋਂ ਆਏ ਵਫ਼ਦ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਨਮਾਨ

ਜਲੰਧਰ : ਸ਼ਹੀਦ ਭਗਤ ਸਿੰਘ ਟਰੱਸਟ ਨਿਊਜ਼ੀਲੈਂਡ ਤੋਂ ਰੁਪਿੰਦਰ ਕੌਰ ਗਿੱਲ ਅਤੇ ਉਹਨਾਂ ਦੇ ਜੀਵਨ ਸਾਥੀ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਿਖੇ ਆਪਣੇ ਪਰਿਵਾਰ ਨੂੰ ਗ਼ਦਰ ਲਹਿਰ, ਕੌਮੀ ਮੁਕਤੀ ਸੰਗਰਾਮ ਦੀ ਮਾਣਮੱਤੀ ਵਿਰਾਸਤ ਅਤੇ ਅਜੋਕੇ ਮਾਨਵੀ ਸਰੋਕਾਰਾਂ ਨਾਲ ਜੋੜਕੇ ਰੱਖਦੇ ਹਨ। ਅੱਜ ਰੁਪਿੰਦਰ ਕੌਰ ਗਿੱਲ ਉਹਨਾਂ ਦੀ ਮਾਂ ਗੁਰਮੀਤ ਕੌਰ ਰਾਜੇਆਣਾ ਮੋਗਾ ਨੇ ਮਨਦੀਪ ਮਹਿਰਮ ਅਤੇ ਮਨਪ੍ਰੀਤ ਦੀ ਪੇ੍ਰਰਨਾ ਅਤੇ ਅਗਵਾਈ ਸਦਕਾ ਨਿਊਜ਼ੀਲੈਂਡ ਤੋਂ ਵਡੇਰੇ ਪਰਿਵਾਰ ਨੂੰ ਨਾਲ ਲੈ ਕੇ ਦੇਸ਼ ਭਗਤ ਯਾਦਗਾਰ ਹਾਲ ਆਏ।
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਇਸ ਵਫ਼ਦ ਨੂੰ ਸੁਆਗਤ ਵਿੱਚ ਜੀ ਆਇਆਂ ਕਿਹਾ ਅਤੇ ਪੰਜਾਬੀ, ਅੰਗਰੇਜ਼ੀ, ਹਿੰਦੀ ਵਿੱਚ ਗ਼ਦਰੀ ਸਾਹਿਤ ਦੀਆਂ ਪੁਸਤਕਾਂ ਭੇਂਟ ਕਰਕੇ ਸਨਮਾਨਤ ਕੀਤਾ।
ਬਾਹਰੋਂ ਆਏ ਇਸ ਵਫ਼ਦ ਨੇ ਮਿਊਜ਼ੀਅਮ, ਲਾਇਬ੍ਰੇਰੀ, ਵੱਖ-ਵੱਖ ਹਾਲ, ਦੇਸ਼ ਭਗਤ ਯਾਦਗਾਰ ਹਾਲ ਅੰਦਰ ਹੁੰਦੀਆਂ ਸਰਗਰਮੀਆਂ ਅਤੇ ਸਾਹਿਤਕ/ਸਭਿਆਚਾਰਕ ਕਲਾ ਕਿਰਤਾਂ ਬਾਰੇ ਜਾਣ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਉਹਨਾਂ ਵਿਚਾਰ-ਚਰਚਾ ਕਰਦੇ ਹੋਏ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਭਗਤ ਯਾਦਗਾਰ ਹਾਲ ਮਹਾਨ ਇਨਕਲਾਬੀ ਇਤਿਹਾਸਕ ਵਿਰਸੇ ਦੀ ਮਸ਼ਾਲ ਜਗਦੀ ਰੱਖ ਰਿਹਾ ਹੈ ਅਤੇ ਸਾਡੇ ਵਰਗੇ ਪ੍ਰਦੇਸਾਂ ਅੰਦਰ ਪਰਵਾਸ ਦਾ ਦਰਦ ਹੰਢਾ ਰਹੇ ਲੋਕਾਂ ਲਈ ਪ੍ਰੇਰਨਾ ਸਰੋਤ ਹੈ। ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ਵਿੱਚ ਸ਼ਹੀਦ ਭਗਤ ਸਿੰਘ ਟਰੱਸਟ ਨਿਉੂਜ਼ੀਲੈਂਡ ਵੱਲੋਂ ਹੁੰਦੀਆਂ ਨਿਰੰਤਰ ਸਰਗਰਮੀਆਂ ਦਾ ਆਦਾਨ-ਪ੍ਰਦਾਨ ਸਾਂਝਾ ਕਰਦਿਆਂ ਸਮੂਹ ਪਰਿਵਾਰ ਨੇ ਭਵਿੱਖ਼ ਵਿੱਚ ਇਹ ਸਾਂਝ ਹੋਰ ਵੀ ਮਜ਼ਬੂਤ ਕਰਨ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਖਜ਼ਾਨਚੀ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਅਮੋਲਕ ਸਿੰਘ, ਚਰੰਜੀ ਲਾਲ ਕੰਗਣੀਵਾਲ, ਸੁਰਿੰਦਰ ਕੁਮਾਰੀ ਕੋਛੜ ਅਤੇ ਰਣਜੀਤ ਸਿੰਘ ਔਲਖ ਵੀ ਹਾਜ਼ਰ ਸਨ।