ਕੈਲੀਫੋਰਨੀਆ ਵਿੱਚ 60 ਸਾਲਾ ਹੋਟਲ ਮਾਲਕ ਪੰਜਾਬਣ ਇਮੀਗ੍ਰੇਰਸ਼ਨ ਅਧਿਕਾਰੀਆਂ ਵੱਲੋਂ ਗ੍ਰਿਫਤਾਰ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਲਾਂਗਬੀਚ 'ਤੇ ਦਹਾਕਿਆਂ ਤੋਂ ਆਪਣੇ ਪਤੀ ਨਾਲ ਨਟਰਾਜ ਕੁਜਿਨ ਆਫ ਇੰਡੀਆ ਨਾਮੀ ਹੋਟਲ ਚਲਾ ਰਹੀ ਪੰਜਾਬਣ ਬੀਬੀ ਬੱਬਲਜੀਤ 'ਬਬਲੀ' ਕੌਰ (60) ਨੂੰ ਸੰਘੀ ਏਜੰਟਾਂ ਵੱਲੋਂ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਪ੍ਰ੍ਰ੍ਰਾਪਤ ਜਾਣਕਾਰੀ ਅਨੁਸਾਰ ਉਸ ਨੂੰ ਉਸ ਦੇ ਗਰੀਨ ਕਾਰਡ ਦਰਖਾਸਤ ਨਾਲ ਸਬੰਧਤ ਬਾਇਓਮੈਟ੍ਰਿਕ ਜਾਂਚ ਪੜਤਾਲ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਮੇ ਉਸ ਨੂੰ  ਵਿਕਟਰਵਿਲੇ ਨੇੜੇ ਐਡੀਲਾਂਟੋ ਵਿਖੇ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ (ਆਈ ਸੀ ਈ) ਡਿਟੈਨਸ਼ਨ ਸੈਂਟਰ ਵਿਖੇ ਰਖਿਆ ਗਿਆ ਹੈ। ਪਿਛਲੇ 30 ਸਾਲ ਤੋਂ ਲਾਂਗਬੀਚ ਭਾਈਚਾਰੇ ਨਾਲ ਜੁੜੀ ਰਹੀ ਬੱਬਲਜੀਤ ਕੌਰ ਦੀ ਗ੍ਰਿਫਤਾਰੀ ਕਾਰਨ ਸਥਾਨਕ ਵਾਸੀ ਪ੍ਰੇਸ਼ਾਨ ਹਨ। ਲਾਂਗ ਬੀਚ ਦੀ ਪ੍ਰਤੀਨਿੱਧਤਾ ਕਰਦੀ ਕਾਂਗਰਸਮੈਨ ਰਾਬਰਟ ਗਾਰਸੀਆ ਨੇ ਸੰਘੀ ਅਧਿਕਾਰੀਆਂ ਨਾਲ ਸੰਪਰਕ ਕਰਕੇ ਬੇਨਤੀ ਕੀਤੀ ਹੈ ਕਿ ਬੱਬਲਜੀਤ ਕੌਰ ਨੂੰ ਰਿਹਾਅ ਕੀਤਾ ਜਾਵੇ। ਗਾਰਸੀਆ ਦੇ ਦਫਤਰ ਨੇ ਕਿਹਾ ਹੈ ਕਿ ਉਹ ਮਾਮਲੇ ਉਪਰ ਨਜਰ ਰੱਖ ਰਹੇ ਹਨ। ਦੂਸਰੇ ਪਾਸੇ ਉਸ ਦਾ ਪਰਿਵਾਰ ਉਸ ਦੀ ਰਿਹਾਈ ਲਈ ਕਾਨੂੰਨੀ ਚਾਰਾਜੋਈ ਕਰ ਰਿਹਾ ਹੈ। ਬੱਬਲਜੀਤ ਕੌਰ ਦਾ ਪਰਿਵਾਰ 1990 ਵਿਆਂ ਦੇ ਅੱਧ ਵਿੱਚ ਅਮਰੀਕਾ ਆਇਆ ਸੀ। ਪਰਿਵਾਰ ਅਨੁਸਾਰ ਬੱਬਲਜੀਤ ਕੌਰ ਨੂੰ ਹੋਰ ਗ੍ਰਿਫਤਾਰ ਕੀਤੇ ਲੋਕਾਂ ਨਾਲ ਰੱਖਿਆ ਗਿਆ ਹੈ ਜਿਥੇ ਉਸ ਲਈ ਰਹਿ ਸਕਣਾ ਬਹੁਤ ਮੁਸ਼ਕਿਲ ਭਰਿਆ ਹੈ।