ਨਰਸਰੀ ਦੀ ਲਾਪਰਵਾਹੀ ਨੇ ਨਿਗਲ ਲਈ ਮਾਸੂਮ ਧੀ ਦੀ ਜਾਨ

9 ਮਹੀਨੇ ਦੀ ਬੱਚੀ ਦੀ ਮੌਤ ਮਗ

ਰੋਂ ਕੋਰੋਨਰ ਵੱਲੋਂ ਨਰਸਰੀ ਦੇ ਸਾਰੇ ਪ੍ਰਬੰਧ ਖੰਗਾਲਣ ਦੇ ਹੁਕਮ


ਲੈਸਟਰ (ਇੰਗਲੈਂਡ),  (ਸੁਖਜਿੰਦਰ ਸਿੰਘ ਢੱਡੇ)-: ਬਰਤਾਨੀਆ ਦੀ ਇੱਕ ਬੱਚਿਆਂ ਦੀ ਨਰਸਰੀ ਵਿੱਚ ਹੋਈ ਦਰਦਨਾਕ ਘਟਨਾ ਨੇ ਪੂਰੇ ਦੇਸ਼ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਸਿਰਫ਼ 9 ਮਹੀਨੇ ਦੀ ਨਿੱਕੀ ਜਿਹੀ ਮਾਸੂਮ ਧੀ ਦੀ ਮੌਤ ਮਗਰੋਂ ਨਰਸਰੀ ਪ੍ਰਬੰਧ, ਸਟਾਫ਼ ਦੀ ਨਿਗਰਾਨੀ ਅਤੇ ਸਿਸਟਮ ਉੱਤੇ ਵੱਡੇ ਸਵਾਲ ਖੜੇ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਮਾਸੂਮ ਬੱਚੀ ਨੂੰ ਮਾਪਿਆਂ ਵੱਲੋਂ ਰੋਜ਼ ਦੀ ਤਰ੍ਹਾਂ ਨਰਸਰੀ ਛੱਡਿਆ ਗਿਆ ਸੀ। ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਹ ਉਸਦੀ ਜ਼ਿੰਦਗੀ ਦੀ ਆਖ਼ਰੀ ਸਵੇਰ ਸਾਬਤ ਹੋਵੇਗੀ। ਨਰਸਰੀ ਅੰਦਰ ਸਟਾਫ਼ ਦੀ ਅਣਗਹਿਲੀ ਅਤੇ ਢਿੱਲੇ ਪ੍ਰਬੰਧਾਂ ਕਾਰਨ ਇਹ ਭਿਆਨਕ ਘਟਨਾ ਵਾਪਰੀ। ਮਾਮਲੇ ਵਿੱਚ ਨਰਸਰੀ ਦੀ ਇੱਕ ਮਹਿਲਾ ਕਰਮਚਾਰੀ ਨੂੰ ਦੋਸ਼ੀ ਮੰਨਿਆ ਗਿਆ ਹੈ। ਜਾਂਚ ਦੌਰਾਨ ਉਸਨੇ ਕਬੂਲਿਆ ਕਿ ਉਹ ਅਕਸਰ ਬੱਚਿਆਂ ਨਾਲ ਰੁੱਖਾ ਅਤੇ ਗਲਤ ਸਲੂਕ ਕਰਦੀ ਰਹੀ। ਇਸ ਖੁਲਾਸੇ ਨੇ ਨਰਸਰੀ ਦੇ ਅੰਦਰੂਨੀ ਮਾਹੌਲ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਖੜ੍ਹਾ ਕੀਤਾ ਹੈ।ਬੱਚੀ ਦੀ ਮੌਤ ਮਗਰੋਂ ਕੋਰੋਨਰ ਨੇ ਨਰਸਰੀ ਦੇ ਕੰਮਕਾਜ, ਕਰਮਚਾਰੀਆਂ ਦੀ ਡਿਊਟੀ ਪ੍ਰਣਾਲੀ ਅਤੇ ਬੱਚਿਆਂ ਦੀ ਸੁਰੱਖਿਆ ਨਾਲ ਜੁੜੇ ਪ੍ਰਬੰਧਾਂ ਦੀ ਪੂਰੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਕੋਰੋਨਰ ਇਹ ਵੀ ਪਤਾ ਲਗਾਏਗਾ ਕਿ ਕੀ ਪਹਿਲਾਂ ਤੋਂ ਨਰਸਰੀ ਖ਼ਿਲਾਫ਼ ਕੋਈ ਸ਼ਿਕਾਇਤ ਦਰਜ ਹੋਈ ਸੀ ਜਾਂ ਨਹੀਂ।ਅਧਿਕਾਰੀਆਂ ਮੁਤਾਬਕ, ਇਸ ਮਾਮਲੇ ਦੀ ਪੂਰੀ ਸਰਕਾਰੀ ਇਨਕੁਐਸਟ ਅਗਲੇ ਸਾਲ ਕਰਵਾਈ ਜਾਵੇਗੀ। ਇਸ ਦੌਰਾਨ ਨਰਸਰੀ ਦੇ ਰਿਕਾਰਡ, ਕਰਮਚਾਰੀਆਂ ਦੀ ਟ੍ਰੇਨਿੰਗ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾਵੇਗੀ।ਇਸ ਦਰਦਨਾਕ ਘਟਨਾ ਤੋਂ ਬਾਅਦ ਇਲਾਕੇ ਦੇ ਮਾਪਿਆਂ ਵਿੱਚ ਡਰ ਅਤੇ ਗੁੱਸਾ ਵੱਧ ਗਿਆ ਹੈ। ਮਾਪਿਆਂ ਦਾ ਕਹਿਣਾ ਹੈ ਕਿ ਉਹ ਆਪਣੇ ਨਿੱਕੇ ਬੱਚਿਆਂ ਨੂੰ ਪੂਰੇ ਭਰੋਸੇ ਨਾਲ ਨਰਸਰੀ ਵਿੱਚ ਛੱਡਦੇ ਹਨ, ਪਰ ਅਜਿਹੀਆਂ ਘਟਨਾਵਾਂ ਨਾਲ ਉਹ ਭਰੋਸਾ ਟੁੱਟ ਜਾਂਦਾ ਹੈ। ਲੋਕਾਂ ਅਤੇ ਸਮਾਜਕ ਜਥੇਬੰਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਰਸਰੀਆਂ ਉੱਤੇ ਨਿਗਰਾਨੀ ਹੋਰ ਸਖ਼ਤ ਕੀਤੀ ਜਾਵੇ ਅਤੇ ਲਾਪਰਵਾਹੀ ਕਰਨ ਵਾਲਿਆਂ ਖ਼ਿਲਾਫ਼ ਕੜੀ ਕਾਰਵਾਈ ਹੋਵੇ, ਤਾਂ ਜੋ ਅੱਗੇ ਤੋਂ ਕਿਸੇ ਹੋਰ ਮਾਂ ਦੀ ਗੋਦ ਨਾ ਉੱਜੜੇ।