ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਉੱਤੇ ਯੂਰਪੀ ਯੂਨੀਅਨ ਨੂੰ ਖੁਸ਼ ਕਰਨ ਲਈ £6 ਬਿਲੀਅਨ ਉਡਾਉਣ ਦੇ ਦੋਸ਼

ਲੈਸਟਰ (ਇੰਗਲੈਂਡ) (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਇੱਕ ਵਾਰ ਫਿਰ ਸਿਆਸੀ ਘੇਰੇ &rsquoਚ ਆ ਗਏ ਹਨ। ਵਿਰੋਧੀ ਧਿਰ ਅਤੇ ਬ੍ਰੈਕਜ਼ਿਟ ਦੇ ਹਮਾਇਤੀ ਆਗੂਆਂ ਨੇ ਉਨ੍ਹਾਂ ਉੱਤੇ ਦੋਸ਼ ਲਗਾਇਆ ਹੈ ਕਿ ਉਹ ਯੂਰਪੀ ਯੂਨੀਅਨ (EU) ਨਾਲ ਨੇੜੀ ਸਾਂਝ ਬਣਾਉਣ ਦੇ ਨਾਂ &rsquoਤੇ ਲਗਭਗ 6 ਬਿਲੀਅਨ ਪੌਂਡ ਦੀ ਰਕਮ ਬਰਬਾਦ ਕਰਨ ਜਾ ਰਹੇ ਹਨ, ਜੋ ਕਿ ਬ੍ਰੈਕਜ਼ਿਟ ਦੇ ਫੈਸਲੇ ਨੂੰ ਅਮਲ ਵਿਚੋਂ ਕੱਢਣ ਵਰਗਾ ਕਦਮ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਸਟਾਰਮਰ ਨੇ ਹਾਲ ਹੀ ਵਿੱਚ ਯੂਰਪੀ ਯੂਨੀਅਨ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤਾਂ ਕਰ ਕੇ ਵਪਾਰ, ਸਿੱਖਿਆ, ਵਿਗਿਆਨਕ ਖੋਜ ਅਤੇ ਸੁਰੱਖਿਆ ਸਬੰਧੀ ਨਵੇਂ ਸਮਝੌਤਿਆਂ &rsquoਤੇ ਗੱਲਬਾਤ ਕੀਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਸਮਝੌਤਿਆਂ ਤਹਿਤ ਬਰਤਾਨੀਆ ਨੂੰ ਯੂਰਪੀ ਯੂਨੀਅਨ ਦੇ ਕੁਝ ਫੰਡਾਂ ਵਿੱਚ ਮੁੜ ਹਿੱਸਾ ਪਾਉਣ ਲਈ ਭਾਰੀ ਰਕਮ ਅਦਾ ਕਰਨੀ ਪਵੇਗੀ। ਵਿਰੋਧੀ ਆਗੂਆਂ ਦਾ ਕਹਿਣਾ ਹੈ ਕਿ ਬਰਤਾਨੀਆ ਦੀ ਜਨਤਾ ਨੇ 2016 ਦੇ ਰੈਫਰੈਂਡਮ ਵਿੱਚ ਸਾਫ਼ ਤੌਰ &rsquoਤੇ ਬ੍ਰੈਕਜ਼ਿਟ ਦੇ ਹੱਕ ਵਿੱਚ ਵੋਟ ਪਾਈ ਸੀ, ਪਰ ਮੌਜੂਦਾ ਸਰਕਾਰ ਉਸ ਫੈਸਲੇ ਨੂੰ ਅਣਡਿੱਠਾ ਕਰਕੇ ਬਰੱਸਲਜ਼ ਨੂੰ ਰਾਜ਼ੀ ਕਰਨ ਦੇ ਰਾਹ ਪੈ ਗਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਇਹ ਪੈਸਾ ਦੇਸ਼ ਦੀ ਅਰਥਵਿਵਸਥਾ, ਸਿਹਤ ਸੇਵਾਵਾਂ ਅਤੇ ਮਹਿੰਗਾਈ ਨਾਲ ਜੂਝ ਰਹੀ ਆਮ ਜਨਤਾ ਉੱਤੇ ਖਰਚ ਹੋਣਾ ਚਾਹੀਦਾ ਸੀ। ਦੂਜੇ ਪਾਸੇ, ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਲੇਬਰ ਪਾਰਟੀ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਬਰਤਾਨੀਆ ਯੂਰਪੀ ਯੂਨੀਅਨ ਵਿੱਚ ਮੁੜ ਸ਼ਾਮਲ ਨਹੀਂ ਹੋ ਰਹੀ, ਸਗੋਂ ਸਿਰਫ਼ ਆਪਣੇ ਵਪਾਰਕ ਅਤੇ ਕੂਟਨੀਤਿਕ ਹਿੱਤਾਂ ਦੀ ਰੱਖਿਆ ਲਈ ਨੇੜੀ ਸਾਂਝ ਬਣਾਈ ਜਾ ਰਹੀ ਹੈ। ਸਰਕਾਰੀ ਬੁਲਾਰੇ ਮੁਤਾਬਕ ਇਸ ਨਾਲ ਨੌਕਰੀਆਂ ਵਧਣਗੀਆਂ, ਵਪਾਰ ਨੂੰ ਮਜ਼ਬੂਤੀ ਮਿਲੇਗੀ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਲੰਮੇ ਸਮੇਂ ਵਿੱਚ ਫਾਇਦਾ ਹੋਵੇਗਾ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਯੂਰਪੀ ਯੂਨੀਅਨ ਨਾਲ ਰਿਸ਼ਤਿਆਂ ਨੂੰ ਲੈ ਕੇ ਬਰਤਾਨੀਆ ਦੀ ਸਿਆਸਤ ਵਿੱਚ ਮੁੜ ਤਣਾਅ ਪੈਦਾ ਹੋ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਮਸਲਾ ਸੰਸਦ ਵਿੱਚ ਵੱਡੀ ਬਹਿਸ ਦਾ ਰੂਪ ਧਾਰ ਸਕਦਾ ਹੈ।