ਕੇਨਜ਼ਿੰਗਟਨ ਪੈਲੇਸ ਵਿੱਚ ਕੰਮ ਕਰਦੇ ਮਾਲੀ ਦਾ ਚਾਕੂ ਮਾਰ ਕੇ ਕਤਲ

* ਕਾਤਲ ਨੇ ਆਪ ਹੀ ਫੋਨ ਕਰ ਕੇ ਪੁਲਿਸ ਅੱਗੇ ਕੀਤਾ ਸਮਰਪਣ, ਅਦਾਲਤ ਵੱਲੋਂ 27 ਸਾਲ ਦੀ ਕੈਦ

ਲੈਸਟਰ (ਇੰਗਲੈਂਡ), (ਸੁਖਜਿੰਦਰ ਸਿੰਘ ਢੱਡੇ)-ਬ੍ਰਿਟੇਨ ਦੇ ਮਸ਼ਹੂਰ ਕੇਨਜ਼ਿੰਗਟਨ ਪੈਲੇਸ ਵਿੱਚ ਕੰਮ ਕਰਦੇ ਇਕ ਮਾਲੀ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਨੂੰ 27 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਘਟਨਾ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 30 ਸਾਲਾ Elyas Moussa ਨਾਂ ਦੇ ਵਿਅਕਤੀ ਨੇ ਕੇਨਜ਼ਿੰਗਟਨ ਪੈਲੇਸ ਦੇ ਬਾਗਾਂ ਵਿੱਚ ਕੰਮ ਕਰਦੇ ਮਾਲੀ Recorda Davey-Ann Clarke ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਮਗਰੋਂ ਦੋਸ਼ੀ ਖੁਦ ਹੀ ਗਹਿਰੇ ਅਫ਼ਸੋਸ ਵਿੱਚ ਆ ਗਿਆ। ਕਤਲ ਕਰਨ ਤੋਂ ਕੁਝ ਸਮੇਂ ਬਾਅਦ Elyas Moussa ਨੇ ਇੱਕ ਫੋਨ ਬਾਕਸ ਤੋਂ ਪੁਲਿਸ ਨੂੰ ਫ਼ੋਨ ਕਰਕੇ ਆਪਣਾ ਜੁਰਮ ਕਬੂਲ ਕੀਤਾ ਅਤੇ ਆਪਣੇ ਆਪ ਨੂੰ ਕਾਨੂੰਨ ਹਵਾਲੇ ਕਰ ਦਿੱਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਅਦਾਲਤ ਵਿੱਚ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਨੇ ਗੁਨਾਹ ਕਰਨ ਮਗਰੋਂ ਕਿਸੇ ਵੀ ਤਰ੍ਹਾਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਉਸ ਨੇ ਆਪਣੇ ਜੁਰਮ ਦੀ ਜ਼ਿੰਮੇਵਾਰੀ ਸਵੀਕਾਰ ਕੀਤੀ। ਫਿਰ ਵੀ, ਅਦਾਲਤ ਨੇ ਕਿਹਾ ਕਿ ਇਹ ਇਕ ਬਹੁਤ ਹੀ ਗੰਭੀਰ ਅਤੇ ਨਿਰਦਈ ਅਪਰਾਧ ਹੈ, ਜਿਸ ਨੂੰ ਕਿਸੇ ਵੀ ਕੀਮਤ &rsquoਤੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਸਾਰੇ ਸਬੂਤਾਂ ਅਤੇ ਗਵਾਹੀਆਂ ਦੇ ਆਧਾਰ &rsquoਤੇ Elyas Moussa ਨੂੰ 27 ਸਾਲ ਦੀ ਲੰਮੀ ਕੈਦ ਦੀ ਸਜ਼ਾ ਸੁਣਾਈ। ਜੱਜ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਮਾਜ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਕਰਦੀਆਂ ਹਨ।
ਜ਼ਿਕਰਯੋਗ ਹੈ ਕਿ ਕੇਨਜ਼ਿੰਗਟਨ ਪੈਲੇਸ ਬ੍ਰਿਟੇਨ ਦੀ ਸ਼ਾਹੀ ਪਰਿਵਾਰ ਨਾਲ ਜੁੜੀ ਇਕ ਮਹੱਤਵਪੂਰਨ ਥਾਂ ਹੈ, ਜਿਸ ਕਰਕੇ ਇਹ ਘਟਨਾ ਹੋਰ ਵੀ ਜ਼ਿਆਦਾ ਸੰਵੇਦਨਸ਼ੀਲ ਮੰਨੀ ਜਾ ਰਹੀ ਹੈ।
ਇਸ ਹਾਦਸੇ ਨਾਲ ਮ੍ਰਿਤਕ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ, ਜਦਕਿ ਇਲਾਕੇ ਦੇ ਲੋਕਾਂ ਨੇ ਵੀ ਇਸ ਘਟਨਾ &rsquoਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।