ਕੈਨੇਡਾ ’ਚ 3.43 ਲੱਖ ਨੂੰ ਪੀ.ਆਰ., 1.57 ਲੱਖ ਸਿਟੀਜ਼ਨ ਬਣੇ

 ਟੋਰਾਂਟੋ : ਕੈਨੇਡਾ ਦਾ ਇੰਮੀਗ੍ਰੇਸ਼ਨ ਬੈਕਲਾਗ ਮੁੜ 10 ਲੱਖ ਤੋਂ ਟੱਪ ਗਿਆ ਹੈ ਅਤੇ ਸਭ ਤੋਂ ਜ਼ਿਆਦਾ ਸਮੱਸਿਆ ਐਕਸਪ੍ਰੈਸ ਐਂਟਰੀ ਵਾਲਿਆਂ ਨੂੰ ਆ ਰਹੀ ਹੈ ਪਰ ਇਸ ਦੇ ਨਾਲ ਹੀ ਇੰਮੀਗ੍ਰੇਸ਼ਨ ਵਿਭਾਗ ਨੇ 31 ਅਕਤੂਬਰ ਤੱਕ 3 ਲੱਖ 77 ਹਜ਼ਾਰ ਅਰਜ਼ੀਆਂ ਦਾ ਨਿਪਟਾਰਾ ਕਰਦਿਆਂ 3 ਲੱਖ 43 ਹਜ਼ਾਰ 400 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦਾ ਸਵਾਗਤ ਕੀਤਾ। ਦੂਜੇ ਪਾਸੇ ਸਿਟੀਜ਼ਨਸ਼ਿਪ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ 2 ਲੱਖ 54 ਹਜ਼ਾਰ 300 ਅਰਜ਼ੀਆਂ ਵਿਚਾਰ ਅਧੀਨ ਹਨ ਜਿਨ੍ਹਾਂ ਵਿਚੋਂ 1 ਲੱਖ 99 ਹਜ਼ਾਰ 500 ਦਾ ਨਿਪਟਾਰਾ ਤੈਅਸ਼ੁਦਾ ਸਮਾਂ ਹੱਦ ਦੇ ਅੰਦਰ ਕੀਤੇ ਜਾਣ ਦੇ ਆਸਾਰ ਹਨ।
ਇੰਮੀਗ੍ਰੇਸ਼ਨ ਵਿਭਾਗ ਨੇ ਦੱਸਿਆ ਕਿ ਮੌਜੂਦਾ ਵਰ੍ਹੇ ਦੌਰਾਨ 1 ਅਪ੍ਰੈਲ ਤੋਂ 31 ਅਕਤੂਬਰ ਤੱਕ 1 ਲੱਖ 56 ਹਜ਼ਾਰ 500 ਪ੍ਰਵਾਸੀਆਂ ਨੂੰ ਕੈਨੇਡੀਅਨ ਨਾਗਰਿਕਤਾ ਨਾਲ ਨਿਵਾਜਿਆ ਗਿਆ। ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਅਰਜ਼ੀਆਂ ਦਾ ਜ਼ਿਕਰ ਕਰ ਲਿਆ ਜਾਵੇ ਤਾਂ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਵੱਲੋਂ ਪੰਜ ਲੱਖ ਤੋਂ ਵੱਧ ਸਟੱਡੀ ਵੀਜ਼ਾ ਅਰਜ਼ੀਆਂ ਦੀ ਨਿਪਟਾਰਾ ਜਨਵਰੀ ਤੋਂ ਅਕਤੂਬਰ ਦਰਮਿਆਨ ਕੀਤਾ ਗਿਆ ਜਿਨ੍ਹਾਂ ਵਿਚ ਪਹਿਲਾਂ ਤੋਂ ਕੈਨੇਡਾ ਵਿਚ ਮੌਜੂਦ ਵਿਦਿਆਰਥੀਆਂ ਵੱਲੋਂ ਵੀਜ਼ਾ ਮਿਆਦ ਵਿਚ ਵਾਧਾ ਕਰਵਾਉਣ ਵਾਲੀਆਂ ਅਰਜ਼ੀਆਂ ਵੀ ਸ਼ਾਮਲ ਹਨ। ਦਿਲਚਸਪ ਤੱਥ ਇਹ ਹੈ ਕਿ ਜੁਲਾਈ 2025 ਤੋਂ ਬਾਅਦ ਪਹਿਲੀ ਵਾਰ ਸਟੱਡੀ ਵੀਜ਼ਾ ਅਰਜ਼ੀਆਂ ਦੇ ਬੈਕਲਾਗ ਵਿਚ ਕਮੀ ਆਈ ਹੈ। ਸਟੱਡੀ ਵੀਜ਼ਿਆਂ &rsquoਤੇ ਕੈਪਿੰਗ ਹੋਣ ਕਾਰਨ 2024 ਦੇ ਮੁਕਾਬਲੇ ਇਸ ਵਾਰ ਨਵੇਂ ਵਿਦਿਆਰਥੀਆਂ ਦੀ ਆਮਦ ਵਿਚ 53 ਫ਼ੀ ਸਦੀ ਕਮੀ ਦਰਜ ਕੀਤੀ ਗਈ ਹੈ।