17,000 ਟਰੱਕ ਡਰਾਈਵਰਾਂ ਨੂੰ ਲਾਇਸੈਂਸ ਮੁੜ ਜਾਰੀ ਕਰੇਗਾ ਕੈਲੀਫੋਰਨੀਆ

ਕੈਲੀਫ਼ੋਰਨੀਆ, - ਕੈਲੀਫ਼ੋਰਨੀਆ ਰਾਜ ਨੇ ਉਹਨਾਂ ਟਰੱਕ ਚਾਲਕਾਂ ਲਈ ਗੈਰ-ਨਿਵਾਸੀ ਕਮਰਸ਼ੀਅਲ ਡਰਾਈਵਰ ਲਾਇਸੈਂਸ (ਨਾਨ-ਡੋਮਿਸਾਈਲਡ CDL) ਮੁੜ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਦੇ ਲਾਇਸੈਂਸ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਖਤਮ ਹੋਣ ਵਾਲੇ ਸਨ। ਇਸ ਕਦਮ ਨਾਲ ਹਜ਼ਾਰਾਂ ਪ੍ਰਵਾਸੀ ਡਰਾਈਵਰਾਂ ਨੂੰ ਰਾਹਤ ਮਿਲੇਗੀ, ਜਿਨ੍ਹਾਂ ਵਿੱਚ ਭਾਰਤੀ ਡਰਾਈਵਰਾਂ ਦੀ ਗਿਣਤੀ ਕਾਫ਼ੀ ਵੱਡੀ ਹੈ।
ਕੈਲੀਫ਼ੋਰਨੀਆ ਡਿਪਾਰਟਮੈਂਟ ਆਫ਼ ਮੋਟਰ ਵ੍ਹੀਕਲਜ਼ (CA-DMV) ਨੇ ਇਹ ਪ੍ਰਕਿਰਿਆ ਸਿੱਖ ਕੋਲੀਸ਼ਨ ਨਾਲ ਹੋਈਆਂ ਚਰਚਾਵਾਂ ਤੋਂ ਬਾਅਦ ਸ਼ੁਰੂ ਕਰਨ ਦਾ ਐਲਾਨ ਕੀਤਾ। ਸਿੱਖ ਕੋਲੀਸ਼ਨ ਨੇ ਕਿਹਾ ਕਿ ਇਸ ਕਦਮ ਨਾਲ ਲਗਭਗ 17,000 ਲਾਇਸੈਂਸਾਂ ਨੂੰ ਰੱਦ ਹੋਣ ਤੋਂ ਬਚਾਇਆ ਜਾ ਸਕੇਗਾ, ਜੋ ਕਿ 5 ਜਨਵਰੀ, 2026 ਨੂੰ ਖਤਮ ਹੋਣ ਵਾਲੇ ਸਨ। ਨਵੰਬਰ 2025 ਵਿੱਚ, CA-DMV ਨੇ ਕਰੀਬ 17,000 ਗੈਰ-ਡੋਮਿਸਾਈਲਡ CDL ਧਾਰਕਾਂ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਦੇ ਲਾਇਸੈਂਸ ਹੁਣ ਸੰਘੀ ਲੋੜਾਂ ਨੂੰ ਪੂਰਾ ਨਹੀਂ ਕਰਦੇ ਅਤੇ ਜੇਕਰ ਉਨ੍ਹਾਂ ਨੂੰ ਲੋੜਾਂ ਅਨੁਸਾਰ ਅੱਪਡੇਟ ਨਾ ਕੀਤਾ ਗਿਆ ਤਾਂ ਲਗਭਗ 60 ਦਿਨਾਂ ਅੰਦਰ ਉਨ੍ਹਾਂ ਦੀ ਮਿਆਦ ਖਤਮ ਹੋ ਜਾਵੇਗੀ।
ਇਹ ਨੋਟਿਸ ਫੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਿਨਿਸਟ੍ਰੇਸ਼ਨ (FMCSA) ਦੀ ਆਡਿਟ ਤੋਂ ਬਾਅਦ ਜਾਰੀ ਕੀਤੇ ਗਏ ਸਨ, ਜਿਸ ਵਿੱਚ ਪਤਾ ਲੱਗਿਆ ਕਿ ਕੁਝ ਲਾਇਸੈਂਸ ਅੱਪਡੇਟ ਕੀਤੇ ਸੰਘੀ ਮਾਪਦੰਡਾਂ &lsquoਤੇ ਖਰੇ ਨਹੀਂ ਉਤਰਦੇ। ਫੈਡਰਲ ਅਧਿਕਾਰੀਆਂ ਨੇ ਪਾਇਆ ਕਿ ਕੁਝ ਡਰਾਈਵਰਾਂ ਦੇ ਲਾਇਸੈਂਸਾਂ ਦੀ ਮਿਆਦ ਉਨ੍ਹਾਂ ਦੇ ਕਾਨੂੰਨੀ ਵੀਜ਼ਾ ਦੀ ਮਿਆਦ ਤੋਂ ਵੀ ਅੱਗੇ ਸੀ, ਜਿਸ ਕਾਰਨ ਰਾਜ ਨੂੰ ਇਨ੍ਹਾਂ ਵਿੱਚ ਸੁਧਾਰ ਕਰਨ ਜਾਂ ਰੱਦ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਲਾਇਸੈਂਸ ਮੁੜ ਜਾਰੀ ਕਰਨ ਨਾਲ ਪ੍ਰਭਾਵਿਤ ਡਰਾਈਵਰ ਆਪਣੀਆਂ ਵੈਧ ਪਛਾਣ ਕਾਇਮ ਰੱਖ ਸਕਣਗੇ ਅਤੇ ਨਾਲ ਹੀ ਲੋੜਾਂ ਨਾਲ ਸੰਬੰਧਿਤ ਮਸਲਿਆਂ ਨੂੰ ਹੱਲ ਕਰ ਸਕਣਗੇ। ਇਸ ਨਾਲ ਹਜ਼ਾਰਾਂ ਟਰੱਕ ਚਾਲਕਾਂ ਦੇ ਰੁਜ਼ਗਾਰ &lsquoਤੇ ਪੈਣ ਵਾਲੇ ਗੰਭੀਰ ਪ੍ਰਭਾਵ ਤੋਂ ਬਚਾਅ ਹੋਵੇਗਾ।