ਕੈਲੀਫੋਰਨੀਆ ਵਿੱਚ ਜਬਰਜ਼ਨਾਹ ਦੇ ਮਾਮਲੇ ਵਿੱਚ ਪੰਜਾਬੀ ਗ੍ਰਿਫਤਾਰ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਬੇਕਰਸਫੀਲਡ ਵਾਸੀ ਸਿਮਰਨਜੀਤ ਸਿੰਘ ਸੇਖੋਂ ਨੂੰ ਇਕ ਰਾਈਡਸ਼ੇਅਰ ਯਾਤਰੀ ਨਾਲ ਜਬਰਜਨਾਹ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਮਾਮਲੇ ਦੀ ਵੈਂਟੁਰਾ ਕਾਊਂਟੀ ਸ਼ੈਰਿਫ ਦਫਤਰ ਜਾਂਚ ਕਰ ਰਿਹਾ ਹੈ। ਦਫਤਰ ਅਨੁਸਾਰ ਰਾਈਡਸ਼ੇਅਰ ਕੰਪਨੀ ਦੇ 35 ਸਾਲਾ ਡਰਾਈਵਰ ਸ਼ੇਖੋਂ ਨੇ ਪੀੜਤ 21 ਸਾਲਾ ਔਰਤ ਨੂੰ ਥਾਉਜੈਂਡ ਓਕਸ ਵਿਚੋਂ ਚੁੱਕਿਆ ਸੀ ਤੇ ਉਸ ਨੇ ਕੈਮਾਰੀਲੋ ਜਾਣਾ ਸੀ। ਜਾਂਚਕਾਰਾਂ ਅਨੁਸਾਰ ਪੀੜਤ ਲੜਕੀ ਨਸ਼ੇ ਵਿੱਚ ਸੀ ਤੇ ਆਪਣੀ ਦੇਖ ਭਾਲ ਕਰਨ ਦੀ ਹਾਲਤ ਵਿੱਚ ਨਹੀਂ ਸੀ। ਸੇਖੋਂ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਕੈਮਾਰੀਲੋ ਦੇ ਆਸ ਪਾਸ ਦੇ ਖੇਤਰ ਵਿੱਚ ਲੈ ਗਿਆ ਤੇ ਉਸ ਨਾਲ ਜਬਰ ਜ਼ਨਾਹ ਕੀਤਾ। ਸ਼ੇਖੋਂ ਵਿਰੁੱਧ ਇਕ ਬੇਸੁੱਧ ਔਰਤ ਨਾਲ ਜਬਰ ਜ਼ਨਾਹ ਕਰਨ ਦੇ ਦੋਸ਼ ਲਾਏ ਗਏ ਹਨ। ਉਸ ਦੀ ਜ਼ਮਾਨਤ ਉਪਰ ਰਿਹਾਈ ਲਈ 5 ਲੱਖ ਡਾਲਰ ਦੀ ਰਕਮ ਤੈਅ ਕੀਤੀ ਗਈ ਹੈ। ਅਧਿਕਾਰੀਆਂ ਦਾ ਵਿਸ਼ਵਾਸ਼ ਹੈ ਕਿ ਜਿਸ ਤਰਾਂ ਦੇ ਹਾਲਾਤ ਨਜਰ ਆ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਹੋਰ ਔਰਤਾਂ ਵੀ ਸ਼ੇਖੋਂ ਦਾ ਸ਼ਿਕਾਰ ਬਣੀਆਂ ਹਨ ਜੋ ਅਜੇ ਸਾਹਮਣੇ ਨਹੀਂ ਆਈਆਂ।