ਗਲੀ ਵਿੱਚ ਛੁਰੀਆਂ ਨਾਲ ਹਮਲਾ ਕਰਕੇ 40 ਸਾਲਾ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਮਾਮਲੇ ‘ਚ ਦੋ ਨਾਬਾਲਗ ਲੜਕੇ ਅਦਾਲਤ ਵਿੱਚ ਪੇਸ਼, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਲੈਸਟਰ (ਇੰਗਲੈਂਡ), (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਚੈਲਟਨਹਮ ਸ਼ਹਿਰ ਦੇ ਸੇਂਟ ਪੌਲਜ਼ ਇਲਾਕੇ ਵਿੱਚ ਗਲੀ ਅੰਦਰ ਛੁਰੀਆਂ ਨਾਲ ਹਮਲਾ ਕਰਕੇ ਇਕ 40 ਸਾਲਾ ਵਿਅਕਤੀ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਦੋ ਨਾਬਾਲਗ ਲੜਕਿਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਪੁਲਿਸ ਅਨੁਸਾਰ ਮ੍ਰਿਤਕ ਦੀ ਪਹਿਚਾਣ ਹਾਮਿਦ ਇਰਫਾਨੀ ਵਜੋਂ ਹੋਈ ਹੈ, ਜਿਸ &lsquoਤੇ ਇਕ ਗਲੀ ਵਿੱਚ ਛੁਰੀ ਨਾਲ ਹਮਲਾ ਕੀਤਾ ਗਿਆ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਵੱਲੋਂ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਲੜਕੇ 15 ਅਤੇ 17 ਸਾਲ ਦੀ ਉਮਰ ਦੇ ਹਨ, ਜਿਨ੍ਹਾਂ ਨੂੰ ਚੈਲਟਨਹਮ ਮੈਜਿਸਟਰੇਟ ਕੋਰਟ ਵਿੱਚ ਪੇਸ਼ ਕੀਤਾ ਗਿਆ। ਨਾਬਾਲਗ ਹੋਣ ਕਰਕੇ ਕਾਨੂੰਨ ਤਹਿਤ ਉਨ੍ਹਾਂ ਦੇ ਨਾਮ ਅਤੇ ਹੋਰ ਪਹਿਚਾਣ ਸਬੰਧੀ ਵੇਰਵੇ ਜਾਹਿਰ ਨਹੀਂ ਕੀਤੇ ਗਏ। ਅਦਾਲਤ ਦੌਰਾਨ ਦੋਵੇਂ ਲੜਕਿਆਂ ਨੇ ਸਿਰਫ਼ ਆਪਣੀ ਪਹਿਚਾਣ, ਜਨਮ ਤਾਰੀਖ ਅਤੇ ਪਤਾ ਪੁਸ਼ਟੀ ਕਰਨ ਲਈ ਹੀ ਬਿਆਨ ਦਿੱਤਾ।ਗਲੌਸਟਰਸ਼ਾਇਰ ਪੁਲਿਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਮੌਕੇ &lsquoਤੇ ਪੁੱਜ ਗਈਆਂ ਅਤੇ ਇਲਾਕੇ ਨੂੰ ਘੇਰ ਕੇ ਫੋਰੈਂਸਿਕ ਜਾਂਚ ਸ਼ੁਰੂ ਕਰ ਦਿੱਤੀ ਗਈ। ਗਲੀ ਨੂੰ ਪੁਲਿਸ ਟੇਪ ਨਾਲ ਸੀਲ ਕਰਕੇ ਕਈ ਘੰਟਿਆਂ ਤੱਕ ਜਾਂਚ ਚਲਦੀ ਰਹੀ।ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਇਹ ਮਾਮਲਾ ਗੰਭੀਰ ਹੈ ਅਤੇ ਹੱਤਿਆ ਦੇ ਕਾਰਨਾਂ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਸਥਾਨਕ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿਵਾਉਣ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ।ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਸਨੀਕਾਂ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ ਅਤੇ ਲੋਕਾਂ ਵੱਲੋਂ ਸ਼ਹਿਰ ਵਿੱਚ ਵੱਧ ਰਹੀ ਹਿੰਸਾ &lsquoਤੇ ਸਵਾਲ ਖੜੇ ਕੀਤੇ ਜਾ ਰਹੇ ਹਨ।