ਕਨਾਲ ਹੇਠਾਂ ਧਰਤੀ ਚ ਧਸੀ, ਇਲਾਕੇ ਦੇ ਲੋਕਾਂ ਚ ਬਣਿਆ ਡਰ ਦਾ ਮਾਹੌਲ

 ਲੈਸਟਰ (ਇੰਗਲੈਂਡ), 22 ਦਸੰਬਰ (ਸੁਖਜਿੰਦਰ ਸਿੰਘ ਢੱਡੇ)-
ਇੰਗਲੈਂਡ ਦੇ ਸ਼ਰਾਪਸ਼ਾਇਰ ਇਲਾਕੇ ਵਿੱਚ ਸਵੇਰੇ ਤੜਕੇ ਇੱਕ ਵੱਡੀ ਅਜੀਬ ਘਟਨਾ ਵਾਪਰ ਗਈ। ਵਿੱਟਚਰਚ ਸ਼ਹਿਰ ਦੇ ਕੈਮਿਸਟਰੀ ਇਲਾਕੇ ਵਿੱਚ ਕਨਾਲ ਦੇ ਹੇਠਾਂ ਅਚਾਨਕ ਧਰਤੀ ਧਸ ਗਈ, ਜਿਸ ਨਾਲ ਕਨਾਲ ਦਾ ਸਾਰਾ ਪਾਣੀ ਥੋੜ੍ਹੇ ਸਮੇਂ ਵਿੱਚ ਹੀ ਵਗ ਗਿਆ ਅਤੇ ਉੱਥੇ ਵੱਡਾ ਗੜ੍ਹਾ ਪੈ ਗਿਆ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਸਨੂੰ ਵੱਡੀ ਘਟਨਾ ਕਰਾਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਕਰੀਬ 4 ਵਜੇ ਵਾਪਰੀ। ਲੋਕਾਂ ਨੇ ਦੱਸਿਆ ਕਿ ਪਹਿਲਾਂ ਜ਼ੋਰ ਦੀ ਗੜਗੜਾਹਟ ਸੁਣਾਈ ਦਿੱਤੀ ਅਤੇ ਫਿਰ ਕਨਾਲ ਦਾ ਪਾਣੀ ਇਕਦਮ ਖਤਮ ਹੋ ਗਿਆ। ਕੁਝ ਹੀ ਪਲਾਂ ਵਿੱਚ ਕਨਾਲ ਦੇ ਹੇਠਾਂ ਲਗਭਗ 50 ਮੀਟਰ ਬਾਈ 50 ਮੀਟਰ ਦਾ ਵੱਡਾ ਗੜ੍ਹਾ ਬਣ ਗਿਆ, ਜਿਸਨੂੰ ਦੇਖ ਕੇ ਲੋਕ ਸਹਿਮ ਗਏ। ਇਸ ਸਮੇਂ ਕਨਾਲ ਵਿੱਚ ਤਿੰਨ ਕਿਸ਼ਤੀਆਂ ਖੜ੍ਹੀਆਂ ਸਨ, ਜਿਨ੍ਹਾਂ ਵਿੱਚ ਕਈ ਲੋਕ ਰਹਿ ਰਹੇ ਸਨ। ਜਦੋਂ ਪਾਣੀ ਨਿਕਲ ਗਿਆ ਤਾਂ ਕਿਸ਼ਤੀਆਂ ਇਕ ਪਾਸੇ ਨੂੰ ਝੁਕ ਗਈਆਂ ਅਤੇ ਉਨ੍ਹਾਂ ਵਿੱਚ ਸਵਾਰ ਲੋਕ ਫਸ ਗਏ। ਲੋਕਾਂ ਨੇ ਸ਼ੋਰ ਮਚਾਇਆ ਤਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ।
ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ &rsquoਤੇ ਪਹੁੰਚ ਕੇ ਰੱਸਿਆਂ ਅਤੇ ਸੀੜੀਆਂ ਦੀ ਮਦਦ ਨਾਲ ਘੱਟੋ-ਘੱਟ 10 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਖੁਸ਼ਕਿਸਮਤੀ ਨਾਲ ਕਿਸੇ ਦੀ ਜਾਨ ਨਹੀਂ ਗਈ, ਪਰ ਲੋਕ ਕਾਫੀ ਡਰੇ ਹੋਏ ਸਨ। ਕਈ ਲੋਕਾਂ ਨੇ ਕਿਹਾ ਕਿ ਜੇ ਇਹ ਘਟਨਾ ਥੋੜ੍ਹੀ ਹੋਰ ਦੇਰ ਨਾਲ ਹੁੰਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ, ਐਂਬੂਲੈਂਸ ਅਤੇ ਕਨਾਲ ਵਿਭਾਗ ਦੇ ਅਧਿਕਾਰੀ ਵੀ ਮੌਕੇ &rsquoਤੇ ਪਹੁੰਚ ਗਏ। ਸੁਰੱਖਿਆ ਦੇ ਮੱਦੇਨਜ਼ਰ ਸਾਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਲੋਕਾਂ ਨੂੰ ਕਨਾਲ ਦੇ ਨੇੜੇ ਜਾਣ ਤੋਂ ਰੋਕ ਦਿੱਤਾ ਗਿਆ ਹੈ। ਨੇੜਲੇ ਘਰਾਂ ਵਾਲਿਆਂ ਨੂੰ ਵੀ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਕਨਾਲ ਹੇਠਾਂ ਧਸਾਉ ਕਿਉਂ ਹੋਇਆ, ਇਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਮਾਹਰ ਟੀਮਾਂ ਜ਼ਮੀਨ ਦੀ ਮਜ਼ਬੂਤੀ ਦੀ ਜਾਂਚ ਕਰ ਰਹੀਆਂ ਹਨ। ਫਿਲਹਾਲ ਕਨਾਲ ਰਾਹੀਂ ਕਿਸ਼ਤੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਅਤੇ ਮੁਰੰਮਤ ਦੇ ਕੰਮ ਵਿੱਚ ਕੁਝ ਸਮਾਂ ਲੱਗ ਸਕਦਾ ਹੈ।ਇਸ ਅਚਾਨਕ ਵਾਪਰੀ ਘਟਨਾ ਕਾਰਨ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਹਰ ਕੋਈ ਪ੍ਰਸ਼ਾਸਨ ਵੱਲੋਂ ਅਗਲੇ ਹੁਕਮਾਂ ਦੀ ਉਡੀਕ ਕਰ ਰਿਹਾ ਹੈ।